ਚੰਡੀਗੜ੍ਹ, 14 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਅਤੇ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਸਮੇਂ ਪਹਿਲਾਂ ਦੋ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਜਿਨਾਂ ਕਾਰਨ ਆਮ ਆਦਮੀ ਪਾਰਟੀ ਨੂੰ ਦੁਨੀਆਂ ਭਰ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਹ ਵੀ ਇਤਫ਼ਾਕ ਹੀ ਹੈ ਕਿ ਇਹ ਦੋਵੇਂ ਘਟਨਾਵਾਂ ਮਾਨਸਾ ਜ਼ਿਲ੍ਹੇ ਨਾਲ ਜੁੜੀਆਂ ਹੋਈਆਂ ਹਨ। ਸਾਲ 2022 ‘ਚ ਸੂਬੇ ‘ਚ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਅਤੇ ਕੁਝ ਸਮਾਂ ਬਾਅਦ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅਤੇ ਹੁਣ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਸਮੇਂ ਪਹਿਲਾਂ ਹੀ ਨਸ਼ਿਆਂ ਦੇ ਖ਼ਿਲਾਫ਼ ਆਪਣੇ ਪੱਧਰ ‘ਤੇ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੋਇਆ। ਇਹਨਾਂ ਦੋਵੇਂ ਵੱਡੀਆਂ ਘਟਨਾਵਾਂ ਲਈ ਲੋਕਾਂ ਨੇ ਸਿੱਧੇ ਤੌਰ ‘ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਹੀ ਜ਼ਿੰਮੇਵਾਰ ਦੱਸਿਆ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਦਾ ਦੋਸ਼ ਸੀ ਕਿ ਮੂਸੇਵਾਲਾ ਦੀ ਸੁਰੱਖਿਆ ‘ਚ ਕੀਤੀ ਗਈ ਕਟੌਤੀ ਹੀ ਉਸਦੇ ਕਤਲ ਦਾ ਕਾਰਨ ਬਣੀ, ਜਦ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧੀ ਲੋਕਾਂ ਦੇ ਦੋਸ਼ ਹਨ ਕਿ ਨਸ਼ਾ ਤਸਕਰਾਂ ਨੂੰ ਪੁਲਿਸ ਅਤੇ ਸਿਆਸੀ ਸਰਪ੍ਰਸਤੀ ਦੇ ਕਾਰਨ ਹੀ ਉਹਨਾਂ ਦੇ ਹੌਸਲੇ ਇਨੇ ਬੁਲੰਦ ਹੋ ਗਏ ਕਿ ਨਸ਼ੇ ਦੇ ਖ਼ਿਲਾਫ਼ ਲੜਾਈ ਲੜਨ ਵਾਲਿਆਂ ਦੇ ਉੱਪਰ ਸਿੱਧੇ ਤੌਰ ‘ਤੇ ਹਮਲੇ ਹੋ ਰਹੇ ਹਨ ਜਿਸ ਦਾ ਸ਼ਿਕਾਰ ਪਰਵਿੰਦਰ ਸਿੰਘ ਨੂੰ ਹੋਣਾ ਪਿਆ। ਇਹਨਾਂ ਦੋਵੇਂ ਵੱਡੀਆਂ ਘਟਨਾਵਾਂ ਪ੍ਰਤੀ ਸਰਕਾਰ ਦਾ ਨਜ਼ਰੀਆ ਵੀ ਬੇਸ਼ਰਮੀ ਭਰਿਆ ਹੀ ਰਿਹਾ। ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵੀ ਨਿੱਜੀ ਰੰਜਿਸ਼ (ਗੈਂਗਸਟਰਵਾਦ) ਦਾ ਸਿੱਟਾ ਦੱਸਿਆ ਸੀ ਅਤੇ ਹੁਣ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਵੀ ਪੰਜਾਬ ਸਰਕਾਰ ਨਿੱਜੀ ਰੰਜਿਸ਼ ਹੀ ਮੰਨ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗੈਂਗਸਟਰਵਾਦ ਦਾ ਰੂਪ ਦੇ ਕੇ ਸਰਕਾਰ ਇੱਕ ਅਜਿਹਾ ਨੈਰੇਟਿਵ ਸਿਰਜਣ ਵਿੱਚ ਕਾਮਯਾਬ ਰਹੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਰੋਸ ਤੋਂ ਬਾਅਦ ਸ਼ੁਰੂ ਹੋਇਆ ਸੰਘਰਸ਼ ਮੱਠਾ ਪੈ ਗਿਆ। ਹੁਣ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਪਹਿਲੇ ਦਿਨ ਹੀ ਸਰਕਾਰ ਫਿਰ ਉਸੇ ਨੀਤੀ ‘ਤੇ ਚਲਦੀ ਦਿਖਾਈ ਦੇ ਰਹੀ ਹੈ ਪ੍ਰੰਤੂ ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਝੋਟਾ ਦੇ ਕਤਲ ਮਾਮਲੇ ‘ਚ ਸਰਕਾਰ ਲਈ ਸਥਿਤੀ ਮੁਸ਼ਕਿਲ ਜਾਪਦੀ ਹੈ। ਮਾਨਸਾ ਵਿਖੇ ਸਿਵਲ ਹਸਪਤਾਲ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੇ ਮੌਰਚਰੀ ਨੂੰ ਘੇਰਾ ਪਾ ਕੇ ਰੱਖਿਆ ਹੋਇਆ ਅਤੇ ਜਿਵੇਂ ਲੋਕਾਂ ਨੇ ਵੱਡੀ ਗਿਣਤੀ ਪੁਲਿਸ ਦੀ ਹਾਜ਼ਰੀ ਵਿੱਚ ਵੀ ਦੋਸ਼ੀ ਕਾਤਲ ਦੇ ਮੈਡੀਕਲ ਸਟੋਰ ਦੀ ਭੰਨ ਤੋੜ ਕੀਤੀ, ਉਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਪਰਵਿੰਦਰ ਸਿੰਘ ਝੋਟਾ ਦੇ ਜ਼ਬਰਦਸਤੀ ਸਸਕਾਰ ਵਾਲੇ ਰਸਤੇ ‘ਤੇ ਨਹੀਂ ਤੁਰੇਗੀ। ਵੱਡੇ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਇਹ ਸਪੱਸ਼ਟ ਜ਼ਾਹਿਰ ਹੁੰਦਾ ਹੈ ਕਿ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਸਰਕਾਰ ਦੀ ਪਹਿਲ ਹੋਵੇਗੀ ਜਿਸ ਤੋਂ ਬਾਅਦ ਹੀ ਪਰਵਿੰਦਰ ਸਿੰਘ ਛੋਟਾ ਦੇ ਪਰਿਵਾਰ ਅਤੇ ਕਮੇਟੀ ਨਾਲ ਕੋਈ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਨਸ਼ਿਆਂ ਦੇ ਖ਼ਿਲਾਫ਼ ਲੜਾਈ ਲੜ ਰਹੀਆਂ ਕੁਝ ਸੰਸਥਾਵਾਂ ਤੇ ਨਿਹੰਗ ਜਥੇਬੰਦੀਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇੱਕ ਚੁਣੌਤੀ ਮੰਨ ਰਹੀਆਂ ਹਨ ਅਤੇ ਇਸ ਕਤਲ ਕਾਂਡ ਦੀ ਘਟਨਾ ਨੂੰ ਨਸ਼ਿਆਂ ਸਬੰਧੀ ਲੜੀ ਜਾ ਰਹੀ ਲੜਾਈ ਦੇ ਖ਼ਿਲਾਫ਼ ਆਰ ਪਾਰ ਦੇ ਸੰਘਰਸ਼ ਨਾਲ ਵੀ ਜੋੜਿਆ ਜਾ ਰਿਹਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਹਾਲਾਤ ਸਰਕਾਰ ਲਈ ਹੋਰ ਵੀ ਪੇਚੀਦਾ ਬਣ ਸਕਦੇ ਹਨ। ਪੰਜਾਬ ਸਰਕਾਰ ਸੂਬੇ ‘ਚ ਈਡੀ ਅਤੇ ਸੀਬੀਆਈ ਦੀ ਕਾਰਵਾਈ ਦੇ ਕਾਰਨ ਪਹਿਲਾਂ ਹੀ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ ਅਤੇ ਹੁਣ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਨੇ ਸਰਕਾਰ ਨੂੰ ਹੋਰ ਔਖੀ ਹਾਲਤ ਵਿੱਚ ਖੜੇ ਕਰ ਦਿੱਤਾ ਹੈ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੀਆਂ ਰੱਖੀਆਂ ਮੰਗਾਂ ਕਾਰਨ ਵੀ ਪ੍ਰਸ਼ਾਸਨ ਅਧਿਕਾਰੀ ਦਬਾਅ ਵਿੱਚ ਹਨ। ਲੋਕਾਂ ਦੀ ਮੰਗ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਵੇ, ਪੰਜਾਬ ਦੇ ਡੀਜੀਪੀ ਨੂੰ ਬਰਖਾਸਤ ਕੀਤਾ ਜਾਵੇ। ਇਹ ਦੋਵੇਂ ਮੰਗਾਂ ਅਜਿਹੀਆਂ ਹਨ ਜਿਨਾਂ ਤੋਂ ਬਾਅਦ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਸੰਘਰਸ਼ ਕਰ ਰਹੇ ਲੋਕਾਂ ਨਾਲ ਕਿਹੜੇ ਪਲੇਟਫਾਰਮ ‘ਤੇ ਅਤੇ ਕਿਵੇਂ ਗੱਲਬਾਤ ਕੀਤੀ ਜਾਵੇ ? ਬਹਿਰਹਾਲ ! ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜੀ ਪਹਿਲੀ ਤਸਵੀਰ ਇਹੋ ਹੈ ਕਿ ਇੱਕ ਮੈਡੀਕਲ ਸਟੋਰ ਵਾਲੇ ਨੇ ਗੋਲੀਆਂ ਮਾਰ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਪ੍ਰੰਤੂ ਅਸਲ ਵਿੱਚ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਵਿੰਦਰ ਸਿੰਘ ਝੋਟਾ ਅਤੇ ਪਿਛਲੇ ਸਮੇਂ ਦੌਰਾਨ ਹੋਏ ਅਜਿਹੇ ਹੋਰ ਕਤਲਾਂ ਲਈ (ਪੁਲਿਸ ਸਿਆਸੀ ਗੁੰਡਾ) ਗੱਠਜੋੜ ਹੀ ਜ਼ਿੰਮੇਵਾਰ ਹੈ।