ਚੰਡੀਗੜ੍ਹ,31 ਜਨਵਰੀ, Gee98 News service
-ਮੌਜੂਦਾ ਸਰਕਾਰ ਵਿੱਚ ਕੋਈ ਵੱਡਾ ਅਹੁਦਾ ਲੈ ਕੇ ਵੀ ਜੇਕਰ ਬੇਇੱਜ਼ਤੀ ਕਰਵਾਉਣੀ ਹੋਵੇ ਤਾਂ ਇਹੋ ਜਿਹਾ ਅਹੁਦਾ ਤਿਆਗ ਕੇ ਚਿੱਬ ਕੱਢਣ ਦਾ ਕੰਮ ਹੀ ਚੰਗਾ ਹੈ, ਜਦੋਂ ਕੋਈ ਕੰਮ ਹੀ ਨਹੀਂ ਹੋਣਾ ਤਾਂ ਇਹੋ ਜਿਹੇ ਅਹੁਦੇ ਨਾਲੋਂ ਤਾਂ ਮੈਂ ਆਪਣੀ ਡੈਟਿੰਗ ਦੀ ਦੁਕਾਨ ‘ਤੇ ਕੰਮ ਕਰਨਾ ਹੀ ਚੰਗਾ ਸਮਝਦਾ ਹਾਂ। ਇਹ ਵਿਚਾਰ ਮੋਗਾ ਦੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਦੇ ਹਨ। ਮੇਅਰ ਬਲਜੀਤ ਸਿੰਘ ਚਾਨੀ ਨੇ ਮੀਡੀਆ ਨੂੰ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਉਹਨਾਂ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਲਈ ਇੱਕ ਆਡੀਓ ਕਿਸੇ ਕੌਂਸਲਰ ਵੱਲੋਂ ਵਾਇਰਲ ਕੀਤੀ ਗਈ ਸੀ,ਜਿਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਪ੍ਰੰਤੂ ਚਾਰ ਮਹੀਨੇ ਬੀਤਣ ਬਾਵਜੂਦ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵਿੱਚ ਮੇਅਰ ਹੁੰਦੇ ਹੋਏ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ। ਉਹਨਾਂ ਕਿਹਾ ਕਿ ਉਹ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤੇ ਜਾਣ ਕਰਕੇ ਬੇਇੱਜ਼ਤੀ ਕਰਵਾਉਣ ਨਾਲੋਂ ਚੰਗਾ ਕਿ ਉਹ ਆਪਣੀ ਡੈਂਟਿੰਗ ਦੀ ਪੁਰਾਣੀ ਦੁਕਾਨ ‘ਤੇ ਕੰਮ ਕਰਨਾ ਹੀ ਬਿਹਤਰ ਸਮਝਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਦ ਮੀਡੀਆ ਨੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦਾ ਧਿਆਨ ਵਿੱਚ ਹੀ ਨਹੀਂ ਹੈ ਉਹ ਹੇਠਲੇ ਅਧਿਕਾਰੀਆਂ ਤੋਂ ਸ਼ਿਕਾਇਤ ਦਾ ਸਟੇਟਸ ਹਾਸਲ ਕਰਕੇ ਕੁਝ ਕਹਿ ਸਕਦੇ ਹਨ। ਮੇਅਰ ਦੀ ਭੜਾਸ ਤੇ ਭਾਵਨਾਵਾਂ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਉਹਨਾਂ ‘ਤੇ ਅਫ਼ਸਰਸ਼ਾਹੀ ਭਾਰੂ ਹੈ ਅਤੇ ਉਹ ਆਪਣੀ ਸਰਕਾਰ ਵਿਚਲੇ ਅਫ਼ਸਰਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਵੀ ਹੈ ਜਿਸ ਵਿੱਚ ਮੇਅਰ ਨੇ ਕਰੀਬ 8 ਦਿਨ ਪਹਿਲਾਂ 22 ਜਨਵਰੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਨਗਰ ਨਿਗਮ ਅਧਿਕਾਰੀਆਂ ਦੇ ਖ਼ਿਲਾਫ਼ ਭੜਾਸ ਕੱਢਦਿਆਂ ਆਖਿਆ ਸੀ ਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਾ ਜਦਕਿ ਉਹ ਖੁਦ ਮੌਕੇ ਉੱਤੇ ਪੁੱਜ ਗਏ ਸਨ। ਕੁੱਲ ਮਿਲਾ ਕੇ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਹਨ ਕਿ ਪੁਲਿਸ ਅਤੇ ਹੋਰ ਸਿਵਿਲ ਅਧਿਕਾਰੀ ਤਾਂ ਦੂਰ ਦੀ ਗੱਲ,ਨਗਰ ਨਿਗਮ ਦੇ ਅਧਿਕਾਰੀ ਹੀ ਮੇਅਰ ਸਾਹਿਬ ਦੀ ਗੱਲ ਨਹੀਂ ਸੁਣ ਰਹੇ, ਜਿਸ ਤੋਂ ਬਾਅਦ ਮੇਅਰ ਨੂੰ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਦੇ ਕੰਡੇ ਚੁਭਣ ਲੱਗ ਪਏ ਹਨ ਅਤੇ ਉਹ ਇਹ ਅਹੁਦਾ ਤਿਆਗ ਕੇ ਆਪਣੀ ਪੁਰਾਣੀ ਡੈਟਿੰਗ ਦੀ ਦੁਕਾਨ ‘ਤੇ ਗੱਡੀਆਂ ਦੇ ਚਿੱਬ ਕੱਢਣ ਦੀਆਂ ਗੱਲਾਂ ਕਰਨ ਲੱਗ ਪਏ ਹਨ। ਜੇਕਰ ਸਰਕਾਰ ਦੇ ਕਿਸੇ ਮੇਅਰ ਦੇ ਇਹੋ ਹਾਲਾਤ ਹਨ ਤਾਂ ਸਪੱਸ਼ਟ ਹੈ ਕਿ ਮਾਮਲਾ ਗੜਬੜ ਹੈ। ਇਹ ਚਰਚਾ ਅਕਸਰ ਹੁੰਦੀ ਰਹਿੰਦੀ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਨੇ ਸਾਰੇ ਵਿਭਾਗਾਂ ਦੀ ਅਫ਼ਸਰਸ਼ਾਹੀ ਨੂੰ ਸਿੱਧੇ ਜਵਾਬਦੇਹ ਬਣਾਇਆ ਹੋਇਆ ਹੈ ਭਾਵ ਕਿ ਇਹ ਮੇਅਰਸਿਪ/ਚੇਅਰਮੈਨੀਆਂ ਦੇ ਅਹੁਦੇ ਆਪਣੀ ਪਾਰਟੀ ਦੇ ਆਗੂਆਂ ਦੇ ਮੋਢਿਆਂ ‘ਤੇ ਸਿਰਫ਼ ਫੀਤੀਆਂ ਹੀ ਹਨ ਜਦ ਕਿ ਇਹਨਾਂ ਦੀ ਗੱਲ ਕੋਈ ਹੇਠਲੇ ਪੱਧਰ ਦਾ ਅਧਿਕਾਰੀ ਵੀ ਨਹੀਂ ਸੁਣ ਰਿਹਾ। ਨਗਰ ਨਿਗਮ ਮੋਗਾ ਦੇ ਮੇਅਰ ਦੀਆਂ ਉਕਤ ਭਾਵਨਾਵਾਂ ਸਾਰਾ ਕੁਝ ਸਪੱਸ਼ਟ ਕਰ ਰਹੀਆਂ ਹਨ। ਇਹੋ ਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਮੇਅਰ ਅਤੇ ਸੂਬਾ ਪੱਧਰੀ ਚੇਅਰਮੈਨ ਦਰਜਾ ਚਾਰ ਕਰਮਚਾਰੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ, ਅਜਿਹੀ ਬਦਲੀ ਲਈ ਵੀ ਉਹਨਾਂ ਨੂੰ ਮੰਤਰੀਆਂ ਦੇ ਹਾੜ੍ਹੇ ਕੱਢਣੇ ਪੈਂਦੇ ਹਨ।