Skip to main content

Gee 98News

ਬਰਨਾਲਾ ‘ਚ ਸਸਤੀ ਮਠਿਆਈ ਦੇ ਨਾਮ ‘ਤੇ ਲੋਕਾਂ ਨੂੰ ਪਰੋਸੀ ਜਾ ਰਹੀ ਜ਼ਹਿਰ…ਸਿਹਤ ਵਿਭਾਗ ਦੀ ਵੱਡੀ ਕਾਰਵਾਈ

-910 ਕਿਲੋ ਮਿਲਕ ਕੇਕ ਅਤੇ ਤਿੰਨ ਕੁਇੰਟਲ ਸ਼ੱਕੀ ਖੋਆ ਬਰਾਮਦ
ਬਰਨਾਲਾ, 31 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-
-ਬਰਨਾਲਾ ‘ਚ ਦਿਨੋ ਦਿਨ ਵੱਧ ਰਹੀ ਮਠਿਆਈ ਦੀਆਂ ਦੁਕਾਨਾਂ ਦੀ ਗਿਣਤੀ ਤੋਂ ਲੋਕ ਪਹਿਲਾਂ ਹੀ ਇਹ ਚਰਚਾ ਕਰ ਰਹੇ ਸਨ ਕਿ “ਮਾਮਲਾ ਗੜਬੜ ਹੈ” ਪ੍ਰੰਤੂ ਪ੍ਰਸ਼ਾਸਨ ਨੇ ਇਸ ਚਰਚਾ ਵੱਲ ਧਿਆਨ ਨਾ ਦਿੱਤਾ ਕਿਉਂਕਿ ਇਸੇ ਚਰਚਾ ਦੇ ਨਾਲੋਂ ਨਾਲ ਇੱਕ ਚਰਚਾ ਇਹ ਵੀ ਚਲਦੀ ਰਹੀ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਹੁਣ ਬਰਨਾਲਾ ‘ਚ ਸਿਹਤ ਵਿਭਾਗ ਦੇ ਇੱਕ ਅਫ਼ਸਰ ਨੇ ਪਿਛਲੇ ਕੁਝ ਸਮੇਂ ਤੋਂ ਮਿਲਾਵਟਖੋਰਾਂ ਨੂੰ ਵਕਤ ਪਾਇਆ ਹੋਇਆ ਹੈ। ਬੀਤੇ ਕੱਲ੍ਹ ਬਰਨਾਲਾ ਦੇ ਸੇਖਾ ਰੋਡ ਤੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੱਕ ਮਠਿਆਈ ਦੇ ਕਾਰਖਾਨੇ ‘ਤੇ ਕੀਤੀ ਗਈ ਚੈਕਿੰਗ ਤੋਂ ਸਾਹਮਣੇ ਆਏ ਹਾਲਾਤਾਂ ਨੇ ਸ਼ਹਿਰ ਦੇ ਲੋਕਾਂ ਦੇ ਦੰਦ ਜੋੜ ਦਿੱਤੇ ਹਨ। ਇਸ ਚੈਕਿੰਗ ਨਾਲ ਸੰਬੰਧਿਤ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਸਵੇਰੇ 5 ਵਜੇ ਹੰਡਿਆਇਆ ਚੌਂਕ ਵਿੱਚ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿੱਥੇ ਇੱਕ ਮਠਿਆਈ ਦੀ ਡਿਲੀਵਰੀ ਵੈਨ ਨੂੰ ਰੋਕਿਆ ਤੇ ਡਰਾਈਵਰ ਤੋਂ ਪੁੱਛਗਿਛ ਦੇ ਆਧਾਰ ‘ਤੇ ਸਾਰੀ ਟੀਮ ਸੇਖਾ ਰੋਡ ਦੇ ਇੱਕ ਮਠਿਆਈ ਕਾਰਖਾਨੇ ਵਿੱਚ ਪੁੱਜੀ। ਉਹਨਾਂ ਦੱਸਿਆ ਕਿ ਇਸ ਕਾਰਖਾਨੇ ਵਿੱਚ ਬਹੁਤ ਗੰਦਗੀ ਦੇ ਮਾਹੌਲ ਵਿੱਚ ਮਠਿਆਈ ਤਿਆਰ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਮੌਕੇ ਤੋਂ 910 ਕਿਲੋ ਦੇ ਕਰੀਬ ਮਿਲਕ ਕੇਕ ਤੇ ਤਿੰਨ ਕੁਇੰਟਲ ਦੇ ਕਰੀਬ ਖੋਆ ਸ਼ੱਕੀ ਹਾਲਾਤਾਂ ‘ਚ ਬਰਾਮਦ ਕੀਤਾ ਗਿਆ ਜਿਸ ਦੇ ਸੈਂਪਲ ਸਰਕਾਰੀ ਲੈਬਰੋਟਰੀ ‘ਚ ਭੇਜੇ ਗਏ ਹਨ। ਉਹਨਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਮਿਲਾਵਟ ਦੀ ਗੱਲ ਸਾਹਮਣੇ ਆਈ ਤਾਂ ਰਿਪੋਰਟ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਮਿਲਕ ਕੇਕ ਸਿਰਫ਼ 250 ਰੁਪਏ ਕਿਲੋ ਦੇ ਹਿਸਾਬ ਨਾਲ ਸਪਲਾਈ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਨਾਲ ਹੀ ਮੌਕੇ ਤੋਂ ਕੁਝ ਸਮਾਨ ਮਿਲਕ ਪਾਊਡਰ ਦੇ ਬੈਗ, ਬਨਸਪਤੀ ਘਿਉ ਅਤੇ ਰਿਫਾਇੰਡ ਤੇਲ ਵੀ ਬਰਾਮਦ ਹੋਇਆ ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਉਹਨਾਂ ਦੱਸਿਆ ਕਿ ਮਠਿਆਈ ਬਣਾਉਣ ਵਾਲੇ ਇਸ ਟਿਕਾਣੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਫੋਟੋ ਕੈਪਸ਼ਨ- ਮਠਿਆਈ ਮਿਲਕ ਕੇਕ ਦੀ ਸੰਕੇਤਿਕ ਤਸਵੀਰ

error: Content is protected !!