ਚੰਡੀਗੜ੍ਹ,20 ਜੁਲਾਈ, Gee98 news service
ਕੇਂਦਰ ਸਰਕਾਰ ਨੇ ਪੀਜੀਆਈ ਚੰਡੀਗੜ੍ਹ ਦੇ ਠੇਕਾ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹਨਾਂ ਠੇਕਾ ਕਰਮਚਾਰੀਆਂ ਦੀ ਚਿਰੋਕਣੀ ਅਤੇ ਜ਼ਰੂਰੀ ਮੰਗ ਪੂਰੀ ਕੀਤੀ ਗਈ ਹੈ। PGI (MER) ਚੰਡੀਗੜ੍ਹ ਦੇ ਲੱਗਭੱਗ 3500 ਠੇਕਾ ਕਰਮਚਾਰੀਆਂ ਨੂੰ ਤੋਹਫ਼ਾ ਦਿੰਦੇ ਹੋਏ ਕੇਂਦਰ ਸਰਕਾਰ ਨੇ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ | ਇਸ ਤਹਿਤ ਹੁਣ ਸਾਰੇ ਠੇਕਾ ਕਰਮਚਾਰੀਆਂ ਨੂੰ ਸਥਾਈ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਅਤੇ ਸਹੂਲਤਾਂ ਮਿਲਣਗੀਆਂ। ਇਹ ਨਵੇਂ ਨਿਯਮ 13 ਜਨਵਰੀ 2024 ਤੋਂ ਲਾਗੂ ਮੰਨੇ ਜਾਣਗੇ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਜਿੱਥੇ ਪੀਜੀਆਈ ਦੇ ਠੇਕਾ ਕਰਮਚਾਰੀਆਂ ਦੀ ਮਾਸਿਕ ਤਨਖ਼ਾਹ ਵਿਚ ਔਸਤਨ 7000 ਰੁਪਏ ਦਾ ਵਾਧਾ ਹੋਵੇਗਾ, ਉੱਥੇ ਉਨ੍ਹਾਂ ਨੂੰ 19 ਮਹੀਨਿਆਂ ਦਾ ਬਕਾਇਆ ਲੱਗਭੱਗ 50 ਕਰੋੜ ਰੁਪਏ ਵੀ ਮਿਲੇਗਾ। ਹੁਣ ਤੱਕ ਠੇਕਾ ਕਰਮਚਾਰੀ ਡੀ.ਸੀ ਰੇਟ ‘ਤੇ ਕੰਮ ਕਰ ਰਹੇ ਸਨ। ਪਹਿਲਾਂ ਸਰਕਾਰ ਵੱਲੋਂ ਇਸ ਸਬੰਧੀ ਕੁਝ ਕਾਨੂੰਨੀ ਰੁਕਾਵਟਾਂ ਦੀ ਗੱਲ ਕੀਤੀ ਜਾ ਰਹੀ ਸੀ ਪ੍ਰੰਤੂ ਹੁਣ 16 ਜੁਲਾਈ 2025 ਨੂੰ ਕਾਨੂੰਨ ਮੰਤਰਾਲੇ ਤੋਂ ਵੀ ਪ੍ਰਵਾਨਗੀ ਮਿਲ ਚੁੱਕੀ ਹੈ।