ਬਰਨਾਲਾ ,26 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਦੇ ਕੁਝ ਹੋਟਲਾਂ ਵਿੱਚ ਦੇਹ ਵਪਾਰ ਦੇ ਧੰਦੇ ਦੀਆਂ ਖ਼ਬਰਾਂ ਲਗਾਤਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸ਼ਹਿਰ ਦੇ 11 ਹੋਟਲਾਂ ਨੂੰ ਜਿੰਦੇ ਲਗਾ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਚੈਕਿੰਗ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਿਵਲ ਅਧਿਕਾਰੀਆਂ ਨੂੰ ਨਾਲ ਲੈ ਕੇ ਇਨ੍ਹਾਂ ਹੋਟਲਾਂ ‘ਤੇ ਰੇਡ ਕੀਤੀ ਗਈ ਅਤੇ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਗਿਆ। ਉਹਨਾਂ ਦੱਸਿਆ ਕਿ ਰੇਡ ਦੇ ਦੌਰਾਨ ਦੇਖਿਆ ਗਿਆ ਕਿ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਕੁਝ ਜੋੜੇ ਰੁਕੇ ਹੋਏ ਸਨ ਜਿਨਾਂ ਦੇ ਬਾਲਿਗ ਹੋਣ ਸਬੰਧੀ ਸਬੂਤ ਲੈ ਕੇ ਉਹਨਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ। ਡੀਐਸਪੀ ਬੈਂਸ ਨੇ ਦੱਸਿਆ ਕਿ ਇਹਨਾਂ ਹੋਟਲਾਂ ਦਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤਾਂ ਜੋ ਇਹ ਪੜ੍ਹਤਾਲ ਕੀਤੀ ਜਾ ਸਕੇ ਕਿ ਲੰਘ ਚੁੱਕੇ ਸਮੇਂ ਦੌਰਾਨ ਇਹਨਾਂ ਹੋਟਲਾਂ ਵਾਲਿਆਂ ਨੇ ਕਿਤੇ ਕਿਸੇ ਨਬਾਲਿਗ ਨੂੰ ਕਿਰਾਏ ‘ਤੇ ਕਮਰਾ ਦਿੱਤਾ ਹੈ ਜਾਂ ਨਹੀਂ।
ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਹੋਟਲਾਂ ਦੀ ਚੈਕਿੰਗ ਦੌਰਾਨ ਇਹ ਹੋਟਲ ਬਿਲਡਿੰਗ ਪਲੈਨ,ਸੀਐਲਯੂ, ਫਾਇਰ ਸਿਸਟਮ ਹੋਰ ਲੋੜੀਂਦੀਆਂ ਕਾਰਵਾਈਆਂ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਿਸ ਕਰਕੇ ਪੁਲਿਸ ਵੱਲੋਂ ਇਹਨਾਂ ਹੋਟਲਾਂ ਨੂੰ ਜਿੰਦੇ ਲਗਾ ਦਿੱਤੇ ਗਏ ਅਤੇ ਇਹਨਾਂ ਨੂੰ ਆਪਣੇ ਲੋੜੀਂਦੇ ਦੇ ਦਸਤਾਵੇਜ਼ ਐਸਡੀਐਮ ਕੋਲ ਪੇਸ਼ ਕਰਨ ਲਈ ਕਿਹਾ। ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਹੋਟਲਾਂ ‘ਤੇ ਕਾਰਵਾਈ ਕਰਦੇ ਹੋਏ ਚੈਕਿੰਗ ਦੌਰਾਨ ਇਹਨਾਂ ਹੋਟਲਾਂ ਨੂੰ ਫਿਲਹਾਲ ਜਿੰਦੇ ਲਗਾ ਦਿੱਤੇ ਹਨ ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਪ੍ਰੰਤੂ ਇੱਥੇ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਇਹਨਾਂ ਹੋਟਲਾਂ ਕੋਲ ਬਿਲਡਿੰਗ ਪਲੈਨ, ਸੀਐਲਯੂ, ਫਾਇਰ ਸੇਫਟੀ ਸਿਸਟਮ ਸਮੇਤ ਹੋਰ ਲੋੜੀਂਦੇ ਕਾਗਜ਼ ਪੱਤਰ ਹੀ ਨਹੀਂ ਹਨ ਤਾਂ ਇਹ ਹੋਟਲ ਆਲੀਸ਼ਾਨ ਇਮਾਰਤਾਂ ਵਿੱਚ ਚੱਲ ਕਿਵੇਂ ਰਹੇ ਹਨ। ਇੱਥੇ ਇਹ ਵੀ ਪੜ੍ਹਤਾਲ ਦਾ ਵਿਸ਼ਾ ਹੈ ਕਿ ਹੋਟਲਾਂ ਦੇ ਕਾਰੋਬਾਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਕਿਸੇ ਵੀ ਜ਼ਿਲ੍ਹਾ ਪੱਧਰੀ ਅਧਿਕਾਰੀ ਨੇ ਇਹਨਾਂ ਹੋਟਲਾਂ ਦੇ ਕਾਗ਼ਜ਼ ਪੱਤਰਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ, ਜੇਕਰ ਕਿਸੇ ਅਧਿਕਾਰੀ ਨੇ ਇਹਨਾਂ ਹੋਟਲਾਂ ਦੇ ਰਿਕਾਰਡ ਦੀ ਚੈਕਿੰਗ ਕੀਤੀ ਤਾਂ ਹੁਣ ਤੱਕ ਇਹਨਾਂ ਹੋਟਲਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਕੀ ਹੋਟਲਾਂ ਦੇ ਕਾਰੋਬਾਰ ਨਾਲ ਸੰਬੰਧਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ “ਅੱਖ ਵਿੱਚ ਇਹਨਾਂ ਹੋਟਲਾਂ ਵਾਲਿਆਂ ਨੇ ਡੱਕਾ ਮਾਰਿਆ” ਜਿਸ ਕਰਕੇ ਇਹਨਾਂ ਅਧਿਕਾਰੀਆਂ ਦੀਆਂ ਅੱਖਾਂ ਬੰਦ ਹੋਈਆਂ ਉਹਨਾਂ ਨੂੰ ਹੋਟਲਾਂ ਵਾਲਿਆਂ ਦੀਆਂ ਬੇਨਿਯਮੀਆਂ ਨਹੀਂ ਦਿਸੀਆਂ। ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਵਰ੍ਹਿਆਂ ਤੋਂ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਇਹਨਾਂ ਹੋਟਲਾਂ ‘ਤੇ ਕੋਈ ਜੁਰਮਾਨਾ ਲਗਾਇਆ ਜਾਵੇਗਾ ? ਕੀ ਚੈਕਿੰਗ ਟੀਮ ਨੇ ਇਹਨਾਂ ਹੋਟਲਾਂ ਵਿੱਚ ਪੰਜਾਬ ਤੋਂ ਬਾਹਰਲੇ ਸਟਾਫ਼ ਦੀ ਸ਼ਨਾਖਤ ਸਬੰਧੀ ਕੋਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ? ਇਹ ਵੀ ਵੱਡੇ ਸਵਾਲ ਹਨ ਕਿ ਜਦੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਗੱਲ ਦੀ ਬਾਖ਼ੂਬੀ ਜਾਣਕਾਰੀ ਸੀ ਕਿ ਸ਼ਹਿਰ ਵਿੱਚ ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਵਿੱਚ ਹੋਟਲ ਚੱਲ ਰਹੇ ਹਨ ਅਤੇ ਉਹਨਾਂ ਨੇ ਵਿਭਾਗਾਂ ਤੋਂ ਕੋਈ ਮਨਜ਼ੂਰੀ ਨਹੀਂ ਲਈ ਤਾਂ ਇਹਨਾਂ ਅਧਿਕਾਰੀਆਂ ਵੱਲੋਂ ਇਹਨਾਂ ਹੋਟਲਾਂ ਨੂੰ ਕੋਈ ਨੋਟਿਸ ਕਿਉਂ ਨਹੀਂ ਕੱਢੇ ਗਏ ? ਮਿਸਾਲ ਵਜੋਂ ਕੀ ਫਾਇਰ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਹਨਾਂ ਹੋਟਲਾਂ ਵਿੱਚ ਰੂਟੀਨ ਚੈਕਿੰਗ ਕੀਤੀ,ਜੇਕਰ ਕੀਤੀ ਤਾਂ ਫਾਇਰ ਵਿਭਾਗ ਦੇ ਅਧਿਕਾਰੀ ਬਿਨਾਂ ਕਿਸੇ ਕਾਰਵਾਈ ਤੋਂ ਵਾਪਸ ਕਿਵੇਂ ਮੁੜ ਗਏ ਕਿਉਂਕਿ ਇਹਨਾਂ ਹੋਟਲਾਂ ਕੋਲ ਪੂਰਾ ਫਾਇਰ ਸੇਫਟੀ ਸਿਸਟਮ ਲੱਗਿਆ ਹੀ ਨਹੀਂ ਹੈ।
ਲੋਕਾਂ ਨੇ ਜ਼ਿਲ੍ਹੇ ਦੇ ਇਮਾਨਦਾਰ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਅਤੇ ਐਸਐਸਪੀ ਮਹੁੰਮਦ ਸਰਫਰਾਜ ਆਲਮ ਤੋਂ ਇਹ ਮੰਗ ਕੀਤੀ ਹੈ ਕਿ ਇਹਨਾਂ ਹੋਟਲਾਂ ਵਾਲਿਆਂ ਦੇ ਵੱਲੋਂ ਕੀਤੀਆਂ ਬੇਨਿਯਮੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਨਾਲ ਹੀ ਲੰਘ ਚੁੱਕੇ ਸਮੇਂ ਦੌਰਾਨ ਹੋਟਲਾਂ ਦੇ ਕਾਰੋਬਾਰ ਨਾਲ ਸਬੰਧਤ ਵੱਖ ਵੱਖ ਵਿਭਾਗੀਆਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਹੋਟਲਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਅਤੇ ਜਿਸਮਫਰੋਸ਼ੀ ਦੇ ਗੋਰਖ਼ ਧੰਦੇ ਤੋਂ ਅੱਖਾਂ ਬੰਦ ਕਰਨ ਕਰਕੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਦੀ ਪੜ੍ਹਤਾਲ ਕਰਕੇ ਉਹਨਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹਨਾਂ ਹੋਟਲਾਂ ਵਾਲਿਆਂ ਦੇ ਗ਼ੈਰ ਸਮਾਜੀ ਧੰਦੇ ਦੇ ਖ਼ਿਲਾਫ਼ ਝੰਡਾ ਚੁੱਕਣ ਵਾਲੇ ਇੰਦਰਲੋਕ ਕਾਲੋਨੀ ਦੇ ਪ੍ਰਧਾਨ ਮਾਸਟਰ ਭੋਲਾ ਸਿੰਘ ਇਹ ਦਾਅਵੇ ਨਾਲ ਨਾ ਕਹਿ ਰਹੇ ਹਨ ਕਿ ਬਿਨਾਂ ਮਨਜ਼ੂਰੀ ਤੋਂ ਇਹ ਹੋਟਲ ਵੱਖ ਵੱਖ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਚੱਲ ਰਹੇ ਹਨ, ਇਸ ਲਈ ਪ੍ਰਸ਼ਾਸਨ ਵੱਲੋਂ ਫਿਲਹਾਲ ਇਹਨਾਂ ਹੋਟਲਾਂ ਨੂੰ ਜਿੰਦੇ ਲਗਾ ਕੇ ਅੱਖਾਂ ਪੂੰਝਣ ਵਾਲੀ ਕਾਰਵਾਈ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਮੁੱਦੇ ਦੀ ਪੂਰੀ ਤਹਿ ਤੱਕ ਜਾਣਾ ਚਾਹੀਦਾ ਹੈ।