ਬਰਨਾਲਾ,25 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਬਰਨਾਲਾ ਦੇ ਕੁਝ ਹੋਟਲਾਂ ਵੱਲੋਂ ਦੇਹ ਵਪਾਰ ਦੇ ਧੰਦੇ ਦੇ ਖ਼ਿਲਾਫ਼ ਸ਼ਹਿਰ ਵਿੱਚ ਲੋਕ ਲਹਿਰ ਬਣਦੀ ਜਾ ਰਹੀ ਹੈ। ਧਨੌਲਾ ਰੋਡ ‘ਤੇ ਬਣੀ ਇੰਦਰਲੋਕ ਕਾਲੋਨੀ ਅਤੇ ਸਰਾਭਾ ਨਗਰ ਦੇ ਨਿਵਾਸੀਆਂ ਵੱਲੋਂ ਕੁਝ ਹੋਟਲਾਂ ਵਿੱਚ ਦੇਹ ਵਪਾਰ ਦੇ ਗ਼ੈਰ ਸਮਾਜਿਕ ਧੰਦੇ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਬਾਅਦ ਕੁਝ ਹੋਰ ਜਨਤਕ ਅਤੇ ਸਮਾਜਸੇਵੀ ਜਥੇਬੰਦੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਜਨਤਕ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਇੰਦਰਲੋਕ ਕਾਲੋਨੀ ਦੇ ਵਸਨੀਕਾਂ ਨੂੰ ਹੋਟਲਾਂ ‘ਚੋਂ ਦੇਹ ਵਪਾਰ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਸ਼ੁਰੂ ਕੀਤੀ ਸੰਘਰਸ਼ ਵਿੱਚ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਇੰਦਰਲੋਕ ਕਾਲੋਨੀ ਦੇ ਵਾਸੀਆਂ ਨੇ ਪ੍ਰਧਾਨ ਮਾਸਟਰ ਭੋਲਾ ਸਿੰਘ ਦੀ ਅਗਵਾਈ ਹੇਠ ਐਸਐਸਪੀ ਬਰਨਾਲਾ ਸ੍ਰੀ ਮਹੁੰਮਦ ਸਰਫਰਾਜ ਆਲਮ ਨੂੰ ਇੱਕ ਵਾਰੀ ਫੇਰ ਲਿਖ਼ਤੀ ਮੰਗ ਪੱਤਰ ਦੇ ਕੇ ਇਹਨਾਂ ਹੋਟਲਾਂ ਦੇ ਦਸਤਾਵੇਜਾਂ ਦੀ ਪੂਰੀ ਜਾਂਚ ਅਤੇ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਦੇਹ ਵਪਾਰ ਦੇ ਧੰਦੇ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਐਸਐਸਪੀ ਕੰਪਲੈਕਸ ਦੇ ਬਾਹਰ ਗੱਲਬਾਤ ਕਰਦੇ ਹੋਏ ਮਾਸਟਰ ਭੋਲਾ ਸਿੰਘ ਅਤੇ ਉਹਨਾਂ ਦੇ ਨਾਲ ਹੋਰ ਸਾਥੀਆਂ ਨੇ ਕਿਹਾ ਕਿ ਦੇਹ ਵਪਾਰ ਦੇ ਗ਼ੈਰ ਸਮਾਜੀ ਧੰਦਾ ਕਰ ਰਹੇ ਹੋਟਲਾਂ ਦੇ ਖ਼ਿਲਾਫ਼ ਵੱਡੀ ਲੋਕ ਲਹਿਰ ਉਸਾਰ ਕੇ ਵੱਡਾ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਅਸੀਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਆਂ ਕਿ ਉਹ ਆਪਣੇ ਪੱਧਰ ‘ਤੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕਰੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜੇਕਰ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਹੁੰਦੇ ਗ਼ੈਰ ਸਮਾਜੀ ਧੰਦੇ ਨੂੰ ਬੰਦ ਕਰਨ ਵਿੱਚ ਅਸਫਲ ਰਿਹਾ ਤਾਂ ਜਨਤਕ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਮਾਸਟਰ ਭੋਲਾ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਮੁੱਦਾ ਪੂਰਾ ਉਭਰਿਆ ਹੋਇਆ ਹੈ ਪਰੰਤੂ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਹੋਟਲਾਂ ਦੀ ਮੁਢਲੀ ਚੈਕਿੰਗ ਵੀ ਨਹੀਂ ਕੀਤੀ ਗਈ ਜਦਕਿ ਅਸੀਂ ਆਪਣੇ ਮੰਗ ਪੱਤਰ ਅਤੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਇਹਨਾਂ ਹੋਟਲਾਂ ਦੇ ਨਾਮ ਵੀ ਜਨਤਕ ਕੀਤੇ ਹਨ। ਮਾਸਟਰ ਭੋਲਾ ਸਿੰਘ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਹੋਟਲਾਂ ਦੇ ਕਾਰੋਬਾਰ ਨਾਲ ਸਬੰਧਿਤ ਮਹਿਕਮਿਆਂ ਦੇ ਜਿਹੜੇ ਮੁਲਾਜ਼ਮ ਇਹਨਾਂ ਦੇ ਗ਼ੈਰ ਸਮਾਜੀ ਧੰਦੇ ਵਿੱਚ ਇਹਨਾਂ ਨਾਲ ਰਲੇ ਹੋਏ ਹਨ ਅਤੇ ਇਹਨਾਂ ਦੇ ਗ਼ੈਰ ਸਮਾਜਿਕ ਧੰਦੇ ਨੂੰ ਰੋਕਣ ਦੀ ਬਜਾਏ ਆਪਣੀ ਮੁੱਠੀ ਗਰਮ ਕਰ ਰਹੇ ਹਨ, ਅਸੀਂ ਉਹਨਾਂ ਬਾਰੇ ਵੀ ਪੂਰੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਜਿਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਾਂਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕਾਂ ਨੂੰ ਬ੍ਰੇਕਫਾਸਟ, ਲੰਚ ਤੇ ਡਿਨਰ ਪਰੋਸਣ ਦੇ ਨਾਮ ‘ਤੇ ਜਿਸਮ ਪਰੋਸਣ ਦੀ ਗ਼ੈਰ ਸਮਾਜੀ ਖੇਡ ਦੇ ਖ਼ਿਲਾਫ਼ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਾਲੋਨੀ ਵਾਸੀਆਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਪੱਤਰਕਾਰਾਂ ਦੇ ਕੁਝ ਵੱਡੇ “ਲੰਬੜਦਾਰ” ਚੁੱਪ ਧਾਰੀ ਬੈਠੇ ਹਨ। ਦੱਸ ਦੇਈਏ ਕਿ ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ ਸਬੰਧੀ ਗ਼ੈਰ ਸਮਾਜੀ ਧੰਦੇ ਦੀ ਕਵਰੇਜ ਕਰਨ ਵਾਲੇ ਕੁਝ ਪੱਤਰਕਾਰ ਜਦੋਂ ਇਹਨਾਂ ਹੋਟਲਾਂ ਦੇ ਸੰਚਾਲਕਾਂ/ਮੈਨੇਜਰਾਂ ਤੋਂ ਉਹਨਾਂ ਦਾ ਪੱਖ ਲੈਣ ਹੋਟਲਾਂ ਵਿੱਚ ਜਾਂਦੇ ਹਨ ਤਾਂ ਅੱਗੋਂ ਹੋਟਲਾਂ ਵਾਲੇ ਸ਼ਹਿਰ ਦੇ ਕੁਝ “ਵੱਡੇ ਪੱਤਰਕਾਰਾਂ” ਦੇ ਨਾਮ ਲੈ ਕੇ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੇ ਹਨ ਤਾਂ ਜੋ ਪੱਖ ਲੈਣ ਵਾਲੇ ਪੱਤਰਕਾਰਾਂ ‘ਤੇ ਪ੍ਰਭਾਵ ਪਾਇਆ ਜਾ ਸਕੇ, ਹੋਟਲਾਂ ਵਾਲਿਆਂ ਦੇ ਇਸ ਰਵੱਈਏ ਤੋਂ ਪੱਤਰਕਾਰਤਾ ਦਾ ਇੱਕ ਅਖੌਤੀ ਚਿਹਰਾ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ, ਸ਼ਹਿਰ ਵਾਸੀਆਂ ਨੂੰ ਅਜਿਹੇ ਅਖ਼ੌਤੀ ਬਲੈਕਮੇਲਰ ਪੱਤਰਕਾਰਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਸਾਡੀਆਂ ਸਕੂਲਾਂ ਕਾਲਜਾਂ ਵਿੱਚ ਪੜ੍ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਖਿਲਵਾੜ ਕਰਨ ਦੇ ਹਿੱਸੇਦਾਰ ਬਣਨ ਵਾਲੇ ਇਹਨਾਂ ਹੋਟਲਾਂ ਦੇ ਸੰਚਾਲਕਾਂ ਤੇ ਮਾਲਕਾਂ ਦੀ ਅਜੇ ਤੱਕ ਵੀ ਚੁੱਪ ਰਹਿ ਕੇ ਪੁਸ਼ਤਪਨਾਹੀ ਕਰ ਰਹੇ ਹਨ। ਦੂਜੇ ਪਾਸੇ ਐਸਐਸਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਮਾਸਟਰ ਭੋਲਾ ਸਿੰਘ ਅਤੇ ਉਹਨਾਂ ਦੇ ਨਾਲ ਕਾਲੋਨੀ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਮਾਮਲੇ ਦੇ ਵਿੱਚ ਸਖ਼ਤ ਕਦਮ ਚੁੱਕਣਗੇ। ਜ਼ਿਕਰਯੋਗ ਹੈ ਕਿ ਮੀਡੀਆ ਵਿੱਚ ਇਹ ਮੁੱਦਾ ਉੱਠਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਟੀ ਬੈਨਿਥ ਵੱਲੋਂ ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟ ਵਾਲਿਆਂ ਨੂੰ ਲੋੜੀਂਦੀ ਪ੍ਰਵਾਨਗੀ ਲੈਣ ਦੇ ਹੁਕਮ ਦਿੱਤੇ ਗਏ ਹਨ ਅਤੇ ਪ੍ਰਵਾਨਗੀ ਦੇ ਹੁਕਮਾਂ ਦੀ ਕਾਪੀ ਮੈਰਿਜ ਪੈਲੇਸ,ਹੋਟਲ ਅਤੇ ਰੈਸਟੋਰੈਂਟ ਵਿੱਚ ਢੁਕਵੀਂ ਜਗ੍ਹਾ ‘ਤੇ ਚਿਪਕਾਉਣ ਦੀ ਹਦਾਇਤ ਵੀ ਦਿੱਤੀ ਹੈ।
ਫੋਟੋ ਕੈਪਸ਼ਨ- ਐਸਐਸਪੀ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਮਾਸਟਰ ਭੋਲਾ ਸਿੰਘ ਤੇ ਕਾਲੋਨੀ ਦੇ ਹੋਰ ਵਸਨੀਕ