ਬਰਨਾਲਾ ,28 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਬਰਨਾਲਾ ਦੇ ਕੁਝ ਹੋਟਲਾਂ ਵਿੱਚ ਗ਼ੈਰ ਸਮਾਜੀ ਧੰਦੇ ਦੇ ਖ਼ਿਲਾਫ਼ ਇੰਦਰਲੋਕ ਅਤੇ ਸਰਾਭਾ ਨਗਰ ਨਿਵਾਸੀਆਂ ਵੱਲੋਂ ਝੰਡਾ ਚੁੱਕੇ ਜਾਣ ਦੀਆਂ ਖ਼ਬਰਾਂ ਲੋਕਾਂ ਤੱਕ ਪੁੱਜਣ ਤੋਂ ਬਾਅਦ ਜਦੋਂ ਇਹ ਮੁੱਦਾ ਚਰਚਾ ਵਿੱਚ ਆਇਆ ਤਾਂ ਪ੍ਰਸ਼ਾਸਨ ਨੂੰ ਹਰਕਤ ਦੇ ਵਿੱਚ ਆਉਣਾ ਪਿਆ ਅਤੇ ਪ੍ਰਸ਼ਾਸਨ ਨੇ ਇੱਕੋ ਦਿਨ ਵਿੱਚ ਸਾਰੇ ਹੋਟਲਾਂ ਦੀ ਚੈਕਿੰਗ ਕਰਕੇ 11 ਹੋਟਲਾਂ ਨੂੰ ਜਿੰਦਰੇ ਲਗਾ ਦਿੱਤੇ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹਨਾਂ ਹੋਟਲਾਂ ਦੇ ਮਾਲਕਾਂ/ਸੰਚਾਲਕਾਂ ਨੂੰ ਹੁਕਮ ਵੀ ਦਿੱਤੇ ਗਏ ਕਿ ਉਹ ਹੋਟਲਾਂ ਦੇ ਕਾਰੋਬਾਰ ਨਾਲ ਸੰਬੰਧਿਤ ਦਸਤਾਵੇਜ਼ ਉਚ ਅਧਿਕਾਰੀਆਂ ਕੋਲ ਪੇਸ਼ ਕਰਨ, ਜਿਸ ਤੋਂ ਬਾਅਦ ਇਹਨਾਂ ਹੋਟਲਾਂ ਦੇ ਜਿੰਦਰੇ ਖੋਲ੍ਹ ਦਿੱਤੇ ਜਾਣਗੇ। ਭਰੋਸੇਯੋਗ ਸੂਤਰਾਂ ਅਨੁਸਾਰ ਇਹਨਾਂ ਹੋਟਲਾਂ ਵਾਲਿਆਂ ਕੋਲ ਬਹੁਤ ਜ਼ਰੂਰੀ ਦਸਤਾਵੇਜ਼ ਵੀ ਨਹੀਂ ਸਨ ਜਿਹੜੇ ਕਿ ਹੋਟਲ ਦੇ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਬਣਾਉਣੇ ਜਰੂਰੀ ਹੁੰਦੇ ਹਨ। ਇਹ ਮੰਨਿਆ ਜਾ ਸਕਦਾ ਹੈ ਕਿ ਕੋਈ ਕਾਰੋਬਾਰੀ ਆਪਣਾ ਕਾਰੋਬਾਰ ਸ਼ੁਰੂ ਕਰਨ ਮੌਕੇ ਸੰਬੰਧਿਤ 4-5 ਵਿਭਾਗਾਂ ਵਿੱਚੋਂ ਕਿਸੇ ਇੱਕ ਜਾਂ ਦੋ ਵਿਭਾਗ ਤੋਂ ਮਨਜ਼ੂਰੀ ਪੱਤਰ ਨਾ ਲਵੇ ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਹੋਟਲਾਂ ਵਾਲਿਆਂ ਨੇ ਕਿਸੇ ਵੀ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਲਈ ਹੋਈ ਸੀ, ਇਸ ਦੇ ਬਾਵਜੂਦ ਵੀ ਇਹ ਹੋਟਲ ਬੜੀ ਸ਼ਾਨੋ ਸੌਕਤ ਨਾਲ ਚੱਲ ਰਹੇ ਸਨ।
ਪ੍ਰਸ਼ਾਸਨ ਵੱਲੋਂ ਇਹਨਾਂ ਹੋਟਲਾਂ ਨੂੰ ਜਿੰਦੇ ਲਗਾਉਣ ਤੋਂ ਬਾਅਦ ਹੋਟਲਾਂ ਦੇ ਮਾਲਕ ਅਤੇ ਸੰਚਾਲਕ ਆਪਣੇ ਹੋਟਲ ਖੁਲਵਾਉਣ ਲਈ ਤਰਲੋਮੱਛੀ ਹੋ ਰਹੇ ਹਨ। ਸੂਤਰਾਂ ਅਨੁਸਾਰ ਕੁਝ ਹੋਟਲਾਂ ਦੇ ਮਾਲਕਾਂ ਨੇ ਸੱਤਾਧਾਰੀ ਆਗੂਆਂ ਤੱਕ ਪਹੁੰਚ ਵੀ ਕੀਤੀ ਹੈ ਕਿ “ਵੱਡੇ ਸਾਹਿਬ” ਨੂੰ ਕਹਿ ਕੇ ਇੱਕ ਵਾਰ ਉਹਨਾਂ ਦੇ ਜਿੰਦਰੇ ਖੁਲਵਾ ਦਿੱਤੇ ਜਾਣ ਉਹ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲੈਣਗੇ ਪ੍ਰੰਤੂ ਹੁਣ ਇਸ ਮਾਮਲੇ ਵਿੱਚ ਸੱਤਾਧਾਰੀ ਆਗੂ ਵੀ ਫੂਕ-ਫੂਕ ਕੇ ਕਦਮ ਰੱਖ ਰਹੇ ਹਨ ਕਿਉਂਕਿ ਇਹ ਮੁੱਦਾ ਚੁੱਕਣ ਵਾਲੇ ਪੱਤਰਕਾਰਾਂ ਅਤੇ ਕਾਲੋਨੀ ਦੇ ਵਾਸੀਆਂ ਦੇ ਤੇਵਰਾਂ ਨੂੰ ਵੇਖਦੇ ਹੋਏ ਸੱਤਾਧਾਰੀ ਆਗੂਆਂ ਨੂੰ ਇਸ ਗੱਲ ਦਾ ਡਰ ਹੈ ਕਿ ਇਨ੍ਹਾਂ ਹੋਟਲਾਂ ਦੇ ਕਮਰਿਆਂ ‘ਚ ਹੋਣ ਵਾਲੇ ਗ਼ੈਰ ਸਮਾਜੀ ਧੰਦੇ ਦੇ ਚਿੱਕੜ ਦੇ ਦਾਗ ਕਿਤੇ ਉਹਨਾਂ ਦੇ ਚਿੱਟੇ ਕੱਪੜਿਆਂ ‘ਤੇ ਨਾ ਪੈ ਜਾਣ ਕਿਉਂਕਿ ਸ਼ਹਿਰ ਵਿੱਚ ਇਹ ਚਰਚਾ ਪਹਿਲਾਂ ਹੀ ਪੂਰੇ ਜ਼ੋਰਾਂ ਸ਼ੋਰਾਂ ‘ਤੇ ਹੋ ਰਹੀ ਹੈ ਕਿ ਕਿਸੇ ਸੱਤਾਧਾਰੀ ਆਗੂ ਦੇ ਆਸ਼ੀਰਵਾਦ ਤੋਂ ਬਿਨਾਂ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਹੋਟਲ ਬਿਨਾਂ ਮਨਜ਼ੂਰੀ ਤੋਂ ਕਿਵੇਂ ਚੱਲ ਸਕਦੇ ਹਨ ? ਇੰਨਾ ਸਵਾਲਾਂ ਦੇ ਘੇਰੇ ਵਿੱਚ ਸਿਰਫ਼ ਮੌਜੂਦਾ ਸੱਤਾਧਾਰੀ ਪਾਰਟੀ ਦੇ ਆਗੂ ਹੀ ਨਹੀਂ ਆਉਂਦੇ ਸਗੋਂ ਪਹਿਲੀਆਂ ਸਰਕਾਰਾਂ ਮੌਕੇ ਵੀ ਬਰਨਾਲਾ ਨਾਲ ਸੰਬੰਧਿਤ ਸੱਤਾਧਾਰੀ ਆਗੂ ਇਹਨਾਂ ਸਵਾਲਾਂ ਦੇ ਘੇਰੇ ਵਿੱਚ ਹਮੇਸ਼ਾ ਰਹਿਣਗੇ।
ਫੋਟੋ ਕੈਪਸ਼ਨ-ਸੰਬੰਧਿਤ ਫੋਟੋ