ਚੰਡੀਗੜ੍ਹ,16 ਅਕਤੂਬਰ, Gee98 news service-
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਗੁਰੂ ਅਤੇ ਚੇਲੇ ਦਾ ਦਰਜਾ ਪ੍ਰਾਪਤ ਹੈ ਪ੍ਰੰਤੂ ਅੱਜਕੱਲ੍ਹ ਸਕੂਲਾਂ ਵਿੱਚੋਂ ਹੀ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਇਸ ਰਿਸ਼ਤੇ ਦੀ ਪਵਿੱਤਰਤਾ ਨੂੰ ਦਾਅ ‘ਤੇ ਲਗਾਇਆ ਹੋਇਆ ਹੈ। ਅਜਿਹੀ ਇੱਕ ਘਟਨਾ ਪਟਿਆਲਾ ਸ਼ਹਿਰ ਦੇ ਇੱਕ ਨਾਮਵਰ ਪ੍ਰਾਈਵੇਟ ਔਰੋ ਮੀਰਾ ਸਕੂਲ ਵਿੱਚ ਵਾਪਰੀ ਜਿੱਥੇ ਇੱਕ ਫਿਜੀਕਲ ਐਜੂਕੇਸ਼ਨ ਟੀਚਰ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਇੱਕ ਤੋਂ ਵੱਧ ਵਾਰ ਜਿਨਸੀ ਸ਼ੋਸ਼ਣ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਟੀਚਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸਕੂਲ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ 13 ਅਕਤੂਬਰ ਨੂੰ FIR ਦਰਜ ਕੀਤੀ ਗਈ, ਜਿਸ ਤੋਂ ਬਾਅਦ ਬੱਚੀ ਦੀ ਮੈਡੀਕਲ ਰਿਪੋਰਟ ਵਿੱਚ ਵੀ ਹੈਰਾਨੀਜਨਕ ਖੁਲਾਸਾ ਹੋਇਆ ਕਿ ਬੱਚੀ ਨਾਲ ਵਾਰ-ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਪਟਿਆਲਾ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ, “ਪੀੜ੍ਹਤਾ ਦੀ ਮੈਡੀਕਲ ਜਾਂਚ ਵਿੱਚ ਕਈ ਵਾਰ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।” ਪੁਲਿਸ ਹੁਣ ਹੋਰ ਪੱਕੇ ਸਬੂਤਾਂ ਲਈ ਦੋਸ਼ੀ ਦਾ DNA ਸੈਂਪਲ ਵੀ ਮੈਡੀਕਲ ਜਾਂਚ ਲਈ ਭੇਜੇਗੀ। ਇਸ ਮਾਮਲੇ ਦੀ ਪੜ੍ਹਤਾਲ ਦੌਰਾਨ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਸਕੂਲ ਵਿੱਚ ਕਿਸੇ ਹੋਰ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਸ਼ੋਸ਼ਣ ਹੋਇਆ ਹੈ। ਇਸ ਸ਼ਰਮਨਾਕ ਘਟਨਾ ਸਬੰਧੀ ਲਾਹੌਰੀ ਗੇਟ ਦੇ ਐਸਐਚਓ ਸ਼ਿਵਰਾਜ ਸਿੰਘ ਨੇ ਕਿਹਾ, ” ਅਸੀਂ ਸਬੂਤ ਇਕੱਠੇ ਕਰ ਰਹੇ ਹਾਂ ਅਤੇ ਸਕੂਲ ਨੂੰ ਸਟਾਫ਼ ਦਾ ਵੇਰਵਾ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ।” ਸਕੂਲ ਦੀ ਪ੍ਰਿੰਸੀਪਲ ਚਿਨਮਈ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਟੀਚਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਉਹ ਪੁਲਿਸ ਅਤੇ ਪੀੜ੍ਹਤ ਪਰਿਵਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਨ।”
ਫੋਟੋ ਕੈਪਸ਼ਨ-ਸੰਕੇਤਿਕ ਫੋਟੋ










