ਚੰਡੀਗੜ੍ਹ,16 ਅਕਤੂਬਰ, Gee98 News service
-ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ ਦੀ ਸਕੀਮ ਬੰਦ ਕਰਨ ਸਬੰਧੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਹੁਣ ਇਹ ਚਰਚਾ ਵਿਭਾਗ ਦੇ ਅੰਦਰੋਂ ਹੀ ਸ਼ੁਰੂ ਹੋਈ ਹੈ ਕਿਉਂਕਿ ਸਰਕਾਰ ਮੁਫ਼ਤ ਬੱਸ ਸਫ਼ਰ ਦੀ ਰਕਮ ਸਮੇਂ ਸਿਰ ਪੀਆਰਟੀਸੀ ਨੂੰ ਜਮਾਂ ਨਹੀਂ ਕਰਵਾਉਂਦੀ ਜਿਸ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਇਸ ਵਾਰ 16 ਅਕਤੂਬਰ ਤੱਕ ਵੀ ਸਤੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਮੁਲਾਜ਼ਮਾਂ ਨੂੰ ਨਹੀਂ ਮਿਲੀ। ਦੀਵਾਲੀ ਦਾ ਤਿਉਹਾਰ ਹੋਣ ਕਾਰਨ ਮੁਲਾਜ਼ਮ ਅਤੇ ਸੇਵਾ ਮੁਕਤ ਮੁਲਾਜ਼ਮ ਤਨਖਾਹ ਤੇ ਪੈਨਸ਼ਨ ਉਡੀਕ ਰਹੇ ਹਨ ਪ੍ਰੰਤੂ ਸਰਕਾਰ ਨੇ ਮੁਫਤ ਬੱਸ ਸਫ਼ਰ ਦਾ ਲੱਗਭੱਗ 450 ਕਰੋੜ ਰੁਪਏ ਅਜੇ ਤੱਕ ਜਮਾਂ ਨਹੀਂ ਕਰਵਾਇਆ। ਆਪਣੀਆਂ ਤਨਖਾਹਾਂ ਤੇ ਪੈਨਸ਼ਨਾਂ ਲੇਟ ਹੋਣ ਕਾਰਨ ਤੱਤੇ ਹੋਏ ਮੁਲਾਜ਼ਮਾਂ ਨੇ ਸਰਕਾਰ ਨੂੰ ਇਥੋਂ ਤੱਕ ਆਖ ਦਿੱਤਾ ਕਿ ਔਰਤਾਂ ਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜਿਹੇ ਮੁਫਤ ਬੱਸ ਸਫ਼ਰ ਦਾ ਕੀ ਫਾਇਦਾ ਜਦੋਂ ਵਿਭਾਗ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਹੀ ਨਾ ਦਿੱਤੀ ਜਾ ਸਕੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ 80-90 ਹਜ਼ਾਰ ਤਨਖਾਹ ਲੈਣ ਵਾਲੀਆਂ ਔਰਤਾਂ ਦਾ ਵੀ ਕਿਰਾਇਆ ਮਾਫ਼ ਕੀਤਾ ਗਿਆ ਹੈ,ਜਦਕਿ ਸਾਡੀ ਤਨਖਾਹ ਤੇ ਪੈਨਸ਼ਨ ਤੇ ਹੋਰ ਬਕਾਏ ਵੀ ਰੋਕੇ ਜਾ ਰਹੇ ਹਨ।
ਪੀਆਰਟੀਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਅਤੇ ਜਥੇਬੰਦੀ ਦੇ ਸੂਬਾ ਆਗੂ ਰਣਧੀਰ ਸਿੰਘ ਗਹਿਲ ਨੇ ਕਿਹਾ ਕਿ ਹਰ ਮਹੀਨੇ ਤਨਖਾਹ ਅਤੇ ਪੈਨਸ਼ਨ ਲੈਣ ਲਈ ਤਰਲੇ ਕਰਨੇ ਪੈਂਦੇ ਹਨ। ਦੂਜੇ ਪਾਸੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਵੀ ਆਪਣੀਆਂ ਤਨਖਾਹਾਂ ਸਰਕਾਰੀ ਲਾਰੀਆਂ ਦਾ ਚੱਕਾ ਜਾਮ ਕਰਕੇ ਹੀ ਲੈਣੀਆਂ ਪੈਂਦੀਆਂ ਹਨ। ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਪੀਆਰਟੀਸੀ ਦੀ ਰੋਜ਼ਾਨਾ ਦੀ ਕੁੱਲ ਆਮਦਨ 2 ਕਰੋੜ 40 ਲੱਖ ਦੇ ਕਰੀਬ ਹੈ ਜਿਸ ਵਿੱਚੋਂ ਅੱਧੀ ਰਕਮ ਮੁਫਤ ਬੱਸ ਸਫ਼ਰ ਦੇ ਲੇਖੇ ਲੱਗ ਜਾਂਦੀ ਹੈ। ਪੀਆਰਟੀਸੀ ਦਾ ਰੋਜ਼ਾਨਾ ਦਾ ਡੀਜ਼ਲ ਖਰਚਾ 85 ਲੱਖ ਦੇ ਲੱਗਭੱਗ ਹੈ ਅਤੇ 30 ਕਰੋੜ ਰੁਪਏ ਤੋਂ ਵੱਧ ਤਨਖਾਹਾਂ ਅਤੇ ਪੈਨਸ਼ਨਾਂ ਲਈ ਨਿਕਲ ਜਾਂਦੇ ਹਨ। ਮੁਫਤ ਬੱਸ ਸਫ਼ਰ ਦੇ ਕਾਰਨ ਹਾਲਾਤ ਇਹੋ ਜਿਹੇ ਹੋਏ ਪਏ ਹਨ ਕਿ ਪੀਆਰਟੀਸੀ ਦੀਆਂ ਵਰਕਸ਼ਾਪਾਂ ਵਿੱਚ ਟਾਇਰ ਅਤੇ ਹੋਰ ਸੰਦ ਵੀ ਨਹੀਂ ਮਿਲ ਰਹੇ ਜਿਸ ਕਾਰਨ ਸਰਕਾਰੀ ਲਾਰੀਆਂ ਕਈ ਕਈ ਦਿਨ ਵਰਕਸ਼ਾਪਾਂ ਵਿੱਚ ਹੀ ਖੜੀਆਂ ਰਹਿੰਦੀਆਂ ਹਨ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਕਾਰਨ ਮੁਫ਼ਤ ਬੱਸ ਸਫ਼ਰ ਦੀ ਰਕਮ ਸਰਕਾਰ ਨੂੰ ਪਹਿਲਾਂ ਜਮਾਂ ਕਰਵਾਉਣੀ ਚਾਹੀਦੀ ਤਾਂ ਜੋ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਮਿਲਦੀ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਮਹੀਨੇ ਸਮੇਂ ਸਿਰ ਮੁਫ਼ਤ ਬੱਸ ਸਫ਼ਰ ਦੇ ਬਿੱਲ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ ਪ੍ਰੰਤੂ ਹਰ ਵਾਰ ਬਕਾਇਆ ਰਾਸ਼ੀ ਸਮੇਂ ਸਿਰ ਨਹੀਂ ਮਿਲਦੀ।










