ਬਰਨਾਲਾ,16 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿੱਚ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਹੋ ਜਾਣ ਦੀ ਖ਼ਬਰ ਹੈ। ਸ਼ਹਿਣਾ ਦੇ ਵਸਨੀਕ ਮਜ਼ਦੂਰ ਮੱਘਰ ਸਿੰਘ (45 ਸਾਲ) ਪੁੱਤਰ ਗੁਰਮੇਲ ਸਿੰਘ ਦੀ ਲਾਸ਼ ਨਹਿਰ ਦੇ ਕਿਨਾਰੇ ਤੋਂ ਅੱਜ ਸਵੇਰੇ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਸਿਵਿਲ ਹਸਪਤਾਲ ਬਰਨਾਲਾ ਪੋਸਟਮਾਰਟਮ ਲਈ ਭੇਜ ਦਿੱਤਾ। ਸ਼ਹਿਣਾ ਥਾਣੇ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਮੱਘਰ ਸਿੰਘ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਮੱਘਰ ਸਿੰਘ ਦੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੱਘਰ ਸਿੰਘ ਦਾ ਸਹੁਰਾ ਉਸ ਕੋਲ ਆਇਆ ਸੀ ਅਤੇ ਉਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਅਤੇ ਘਰੋਂ ਚਲੇ ਗਏ ਪ੍ਰੰਤੂ ਮੁੜ ਕੇ ਵਾਪਸ ਨਹੀਂ ਆਏ, ਜਿਸ ਤੋਂ ਬਾਅਦ ਉਹਨਾਂ ਨੇ ਮੱਘਰ ਸਿੰਘ ਦੀ ਭਾਲ ਸ਼ੁਰੂ ਕੀਤੀ ਤਾਂ ਸਵੇਰੇ ਕਿਸੇ ਨੇ ਦੱਸਿਆ ਕਿ ਮੱਘਰ ਸਿੰਘ ਦੀ ਖ਼ੂਨ ਨਾਲ ਲੱਥ ਪੱਥ ਹੋਈ ਲਾਸ਼ ਨਹਿਰ ਦੇ ਕਿਨਾਰੇ ਪਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮੱਘਰ ਸਿੰਘ ਦੇ ਸਿਰ ਵਿੱਚ ਇੱਕ ਵੱਡਾ ਜ਼ਖ਼ਮ ਹੋਇਆ ਹੈ। ਉਹਨਾਂ ਦੱਸਿਆ ਕਿ ਮੱਘਰ ਸਿੰਘ ਦਾ ਇਹ ਪਹਿਲਾ ਵਿਆਹ ਸੀ ਪਰੰਤੂ ਜਿਸ ਔਰਤ ਨਾਲ ਉਸਨੇ ਵਿਆਹ ਕਰਵਾਇਆ ਉਸ ਦਾ ਇਹ ਦੂਜਾ ਵਿਆਹ ਸੀ, ਦੋ ਬੱਚੇ ਉਸ ਔਰਤ ਦੇ ਪਹਿਲੇ ਵਿਆਹ ਤੋਂ ਸਨ ਤੇ ਇੱਕ ਬੱਚਾ ਮੱਘਰ ਸਿੰਘ ਦਾ ਆਪਣਾ ਸੀ। ਫ਼ਿਲਹਾਲ ! ਇਹ ਕਤਲ ਭੇਦ ਬਣਿਆ ਹੋਇਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਿੰਡ ਦੀ ਸਾਬਕਾ ਸਰਪੰਚ ਦੇ ਨੌਜਵਾਨ ਬੇਟੇ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦੇ ਕਾਰਨ ਸ਼ਹਿਣਾ ਪਿੰਡ ਸੁਰਖੀਆਂ ਵਿੱਚ ਰਿਹਾ ਅਤੇ ਹੁਣ ਕੁਝ ਦਿਨਾਂ ਬਾਅਦ ਇੱਕ ਮਜ਼ਦੂਰ ਦਾ ਕਤਲ ਹੋ ਗਿਆ।










