ਬਰਨਾਲਾ , 17 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਹੋਈਆਂ ਚੋਣਾਂ ‘ਚ ਪਈਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਉਮੀਦਵਾਰਾਂ ਦੇ ਦਿਲ ਦੀ ਧੜਕਣ ਵਧੀ ਹੋਈ ਹੈ ਅਤੇ ਸਮਰਥਕਾਂ ਨੇ ਹਾਰ ਖਰੀਦ ਕੇ ਰੱਖ ਲਏ ਹਨ। ਬਰਨਾਲਾ ‘ਚ ਪੰਚਾਇਤ ਸੰਮਤੀ ਸ਼ਹਿਣਾ ਲਈ ਤਪਾ ਵਿਖੇ ਅਤੇ ਪੰਚਾਇਤ ਸੰਮਤੀ ਬਰਨਾਲਾ ਅਤੇ ਮਹਿਲ ਕਲਾਂ ਲਈ ਐਸਡੀ ਕਾਲਜ ਬਰਨਾਲਾ ਵਿਖੇ ਗਿਣਤੀ ਕੇਂਦਰ ਬਣਾਏ ਗਏ ਹਨ, ਇਹਨਾਂ ਕੇਂਦਰਾਂ ‘ਤੇ ਹੀ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੀ ਗਿਣਤੀ ਵੀ ਹੋਵੇਗੀ। ਇਸ ਵਾਰ ਬਹੁਤੇ ਜ਼ਿਲ੍ਹਾ ਪ੍ਰਸ਼ਾਦਾ ਤੇ ਪੰਚਾਇਤ ਸੰਮਤੀ ਜੋਨਾਂ ਤੇ ਵੋਟਾਂ ਘੱਟ ਗਿਣਤੀ ਵਿੱਚ ਪਹਿਲਾਂ ਹੋਣ ਕਾਰਨ ਦੁਪਹਿਰ ਤੋਂ ਬਾਅਦ ਨਤੀਜੇ ਆਉਣ ਦੀ ਸੰਭਾਵਨਾ ਹੈ। ਬਰਨਾਲਾ ਜਿਲੇ ਵਿੱਚ ਸੱਤਾਧਾਰੀ ਆਗੂ ਤਿੰਨੋਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪਰਿਸ਼ਦ ਵਿੱਚ ਬਹੁਮਤ ਮਿਲਣ ਦਾ ਦਾਅਵਾ ਕਰ ਰਹੇ ਹਨ ਪ੍ਰੰਤੂ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਉਤਸ਼ਾਹ ਨੇ ਕੁਝ ਥਾਵਾਂ ‘ਤੇ ਟੱਕਰ ਦਿਲਚਸਪ ਬਣਾ ਦਿੱਤੀ ਸੀ। ਚੋਣਾਂ ਦੌਰਾਨ ਲੋਕਾਂ ਨੇ ਵੋਟ ਪਾਉਣ ਲਈ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਿਸ ਕਾਰਨ ਪੋਲਿੰਗ ਫੀਸਦੀ ਘੱਟ ਰਹੀ। ਵੋਟਾਂ ਪੈਣ ਦੇ ਘੱਟ ਅੰਕੜੇ ਨੇ ਜ਼ਿਆਦਾਤਰ ਸੱਤਾਧਾਰੀ ਆਗੂਆਂ ਦੀ ਚਿੰਤਾ ਵਧਾਈ ਹੋਈ ਹੈ ਕਿਉਂਕਿ ਕੁਝ ਇੱਕ ਥਾਵਾਂ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਕਾਲੀਆਂ ਤੇ ਕਾਂਗਰਸੀਆਂ ਨੇ ਪਿੰਡ ਪੱਧਰ ‘ਤੇ ਵੀ ਗੱਠਜੋੜ ਕੀਤੇ। ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉਗੋਕੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜਿੱਥੇ ਆਪਣੀ ਇੱਜ਼ਤ ਦਾਅ ‘ਤੇ ਲੱਗੀ ਮਹਿਸੂਸ ਕੀਤੀ ਉੱਥੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਾਰੇ ਜ਼ਿਲ੍ਹੇ ਵਿੱਚ ਕੀਤੀ ਸਰਗਰਮੀ ਨੇ ਵੀ ਧਿਆਨ ਖਿੱਚਿਆ।








