ਬਰਨਾਲਾ,18 ਦਸੰਬਰ, (ਨਿਰਮਲ ਸਿੰਘ ਪੰਡੋਰੀ)-
–ਬਰਨਾਲਾ ਦੀ ਪੁੱਡਾ ਮਾਰਕੀਟ (ਹੁਣ ਅਲਾਲ ਮਾਰਕੀਟ) ਵਿੱਚੋਂ ਪੁੱਡਾ ਦੇ ਅਧਿਕਾਰੀਆਂ ਨੇ ਦਿਨ ਦਿਹਾੜੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਕਈ ਸਾਲ ਪੁਰਾਣਾ ਨਿੰਮ ਦਾ ਹਰਾ ਭਰਾ ਰੁੱਖ ਨਜਾਇਜ਼ ਤੌਰ ‘ਤੇ ਠੇਕੇਦਾਰ ਨੂੰ ਵੇਚ ਦਿੱਤਾ ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਹਰੇ ਭਰੇ ਰੁੱਖ ਨੂੰ ਕੱਟ ਦਿੱਤਾ ਹੈ। ਇਸ ਮਾਮਲੇ ਦੀ ਪੜ੍ਹਤਾਲ Gee98 News service ਵੱਲੋਂ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਕਿ ਪੁੱਡਾ ਨੇ ਵਣ ਵਿਭਾਗ ਬਰਨਾਲਾ ਦੇ ਦਫ਼ਤਰ ਨੂੰ ਪੁੱਡਾ ਦੀ ਮਾਰਕੀਟ ਵਿੱਚ ਖੜੇ ਸੁੱਕੇ ਦਰੱਖਤਾਂ ਦੀ ਅਸੈਸਮੈਂਟ ਕਰਨ ਦੇ ਲਈ ਇੱਕ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੇ ਪੁੱਡਾ ਦੀ ਮਾਰਕੀਟ ਵਿੱਚ ਖੜੇ 4 ਸੁੱਕੇ ਪਿੱਪਲ ਦੇ ਦਰੱਖ਼ਤ ਤੇ ਇੱਕ ਕਿੱਕਰ ਦੇ ਦਰੱਖ਼ਤ ਦੀ ਅਸੈਸਮੈਂਟ ਦਾ ਕੇਸ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਿਆ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਦੀ ਅਸੈਸਮੈਂਟ ਕਾਰਵਾਈ ਪੂਰੀ ਕਰਕੇ ਵਾਪਸ ਪੁੱਡਾ ਦੇ ਅਧਿਕਾਰੀਆਂ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਪੁੱਡਾ ਦੇ ਅਧਿਕਾਰੀਆਂ ਨੇ ਅਸੈਸਮੈਂਟ ਸੂਚੀ ਵਿੱਚ ਸ਼ਾਮਿਲ ਦਰੱਖ਼ਤਾਂ ਨੂੰ ਪੁੱਟਣ/ਕੱਟਣ ਦਾ ਠੇਕਾ ਕਾਲਾ ਸਿੰਘ ਨਾਮ ਦੇ ਠੇਕੇਦਾਰ ਨੂੰ ਦੇ ਦਿੱਤਾ ਪ੍ਰੰਤੂ ਪੁੱਡਾ ਦੀ ਮਾਰਕੀਟ ਵਿੱਚੋਂ ਇਹ ਦਰੱਖ਼ਤ ਕੱਟਣ/ਪੁੱਟਣ ਮੌਕੇ ਉਸ ਵੇਲੇ ਹੈਰਾਨੀਜਨਕ ਵਰਤਾਰਾ ਸਾਹਮਣੇ ਆਇਆ ਜਦੋਂ ਠੇਕੇਦਾਰ ਕਾਲਾ ਸਿੰਘ ਨੇ ਵਣ ਵਿਭਾਗ ਵੱਲੋਂ ਅਸੈਸਮੈਂਟ ਕੀਤੇ ਦਰੱਖ਼ਤਾਂ ਦੇ ਨਾਲ ਨਾਲ ਪੁੱਡਾ ਮਾਰਕੀਟ ਵਿੱਚ ਖੜੇ ਇੱਕ ਹਰੇ ਭਰੇ ਨਿੰਮ ਦੇ ਦਰੱਖ਼ਤ ਦਾ ਵੀ ਕਤਲ ਕਰ ਦਿੱਤਾ। ਇਹ ਹਰਾ ਭਰਾ ਦਰੱਖ਼ਤ ਠੇਕੇਦਾਰ ਵੱਲੋਂ ਕੱਟਣ ਤੋਂ ਬਾਅਦ ਜਦ ਇਸ ਦਾ ਰੌਲਾ ਪੈ ਗਿਆ ਤਾਂ ਠੇਕੇਦਾਰ ਨੇ ਦੱਸਿਆ ਕਿ ਇਹ ਕਾਰਵਾਈ ਪੁੱਡਾ ਦੇ ਅਧਿਕਾਰੀਆਂ ਦੇ ਕਹਿਣ ‘ਤੇ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੀ ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਜਾਇਜ਼ ਤੌਰ ‘ਤੇ ਕੱਟਿਆ ਗਿਆ ਨਿੰਮ ਦਾ ਹਰਾ ਭਰਾ ਦਰੱਖ਼ਤ ਵਣ ਵਿਭਾਗ ਦੀ ਅਸੈਸਮੈਂਟ ਸੂਚੀ ਵਿੱਚ ਸ਼ਾਮਿਲ ਹੀ ਨਹੀਂ ਹੈ, ਹੁਣ ਇਹ ਪੜ੍ਹਤਾਲ ਦਾ ਵਿਸ਼ਾ ਹੈ ਕਿ ਕੀ
ਠੇਕੇਦਾਰ ਅਤੇ ਪੁੱਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਹਰਾ ਭਰਾ ਦਰੱਖ਼ਤ ਕੱਟਿਆ ਗਿਆ ?
ਸੈਂਕੜੇ ਪੰਛੀਆਂ ਦਾ ਰੈਣ ਬਸੇਰਾ ਸੀ ਇਹ ਵੱਡਾ ਦਰੱਖ਼ਤ
ਇਥੇ ਇਹ ਵੀ ਦੱਸ ਦਈਏ ਕਿ ਪੁੱਡਾ ਦੀ ਮਾਰਕੀਟ ਵਿੱਚ ਖੜਾ ਇਹ ਨਿੰਮ ਦਾ ਹਰਾ ਭਰਾ ਦਰੱਖਤ ਸੈਂਕੜੇ ਪੰਛੀਆਂ ਦਾ ਰਹਿਣ ਬਸੇਰਾ ਸੀ। ਇਸ ਤੋਂ ਇਲਾਵਾ ਇਸ ਦਰੱਖਤ ਦੀ ਛਾਂ ਹੇਠਾਂ ਗਰਮੀਆਂ ਦੇ ਮੌਸਮ ਵਿੱਚ ਰੇਹੜੀ ਫੜੀ ਵਾਲੇ ਖੜ ਕੇ ਵੀ ਆਪਣਾ ਰੁਜ਼ਗਾਰ ਚਲਾਉਂਦੇ ਸਨ।
ਕੀ ਕਹਿਣਾ ਹੈ ਪੁੱਡਾ ਦੇ ਜੇਈ ਮਨਿੰਦਰ ਸਿੰਘ ਦਾ
ਇਸ ਸਬੰਧੀ ਪੱਖ ਜਾਨਣ ਲਈ ਜਦ ਪੁੱਡਾ ਦੇ ਜੇਈ ਮਨਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਹਨਾਂ ਪੱਲਾ ਝਾੜਦੇ ਹੋਏ ਕਿਹਾ ਕਿ ਨੇੜਲੇ ਦੁਕਾਨਦਾਰਾਂ ਨੇ ਠੇਕੇਦਾਰ ਨੂੰ ਨਿੰਮ ਦੇ ਦਰੱਖਤ ਨੂੰ ਛਾਂਗਣ ਸਬੰਧੀ ਕਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਛਾਂਗਿਆ ਗਿਆ ਹੈ, ਜਦੋਂ ਪੁੱਡਾ ਦੇ ਜੇਈ ਨੂੰ ਦੱਸਿਆ ਗਿਆ ਕਿ ਇਹ ਹਰਾ ਭਰਾ ਨਿੰਮ ਦਾ ਦਰੱਖ਼ਤ ਛਾਂਗਣ ਦੀ ਬਜਾਏ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ ਤਾਂ ਜੇਈ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਦੋਂ ਜੇਈ ਤੋਂ ਇਸ ਸਬੰਧੀ ਪੁੱਡਾ ਦਾ ਰਿਕਾਰਡ ਮੰਗਿਆ ਗਿਆ ਤਾਂ ਜੇਈ ਨੇ ਰਿਕਾਰਡ ਦੇਣ ਤੋਂ ਵੀ ਆਨਾਕਾਨੀ ਕੀਤੀ। ਦੂਜੇ ਪਾਸੇ ਪੁੱਡਾ ਮਾਰਕੀਟ ਵਿੱਚ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਜੇਈ ਦੇ ਇਸ ਪੱਖ ਦਾ ਵਿਰੋਧ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹਨਾਂ ਨੇ ਕਿਸੇ ਠੇਕੇਦਾਰ ਨੂੰ ਇਸ ਨਿੰਮ ਦੇ ਹਰੇ ਭਰੇ ਦਰੱਖਤ ਨੂੰ ਕੱਟਣ ਜਾਂ ਛਾਂਗੜ ਲਈ ਨਹੀਂ ਕਿਹਾ।
ਵਾਤਾਵਰਨ ਪ੍ਰੇਮੀਆਂ ਵੱਲੋਂ ਐਕਸ਼ਨ ਦਾ ਐਲਾਨ-
ਕਈ ਸਾਲ ਪੁਰਾਣੇ ਖੜੇ ਹਰੇ ਭਰੇ ਨਿੰਮ ਦੇ ਦਰੱਖ਼ਤ ਨੂੰ ਨਜਾਇਜ਼ ਤੌਰ ‘ਤੇ ਕੱਟਣ ਦੇ ਰੋਸ ਵਜੋਂ ਵਾਤਾਵਰਨ ਪ੍ਰੇਮੀਆਂ ਨੇ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ। ਵਾਤਾਵਰਨ ਪ੍ਰੇਮੀ ਰਜਿੰਦਰ ਕੁਮਾਰ, ਸੁਖਦੇਵ ਸਿੰਘ, ਵਿਜੇ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਕਰਕੇ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕਰਨਗੇ।










