ਬਰਨਾਲਾ,21 ਦਸੰਬਰ, Gee98 news service-
-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੇ ਪਿੰਡ ਮਹਿਲ ਕਲਾਂ ਦੇ ਲੋਕਾਂ ਨੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਵਿੱਚ ਅਧਿਆਪਕਾਂ ਦੀ ਘਾਟ ਅਤੇ ਹੋਰ ਬੁਨਿਆਦੀ ਢਾਂਚੇ ਦੀ ਮਾੜੀ ਹਾਲਤ ਦੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹਲਕਾ ਵਿਧਾਇਕ ਨੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਦਾ ਦਰਜਾ ਦੇਣ ਮੌਕੇ ਬੜੇ ਜ਼ੋਰ ਸ਼ੋਰ ਨਾਲ ਉਦਘਾਟਨ ਕੀਤਾ ਸੀ ਅਤੇ ਹਲਕੇ ਦੇ ਇਸ ਵੱਡੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਦੇ ਵੱਡੇ ਦਾਅਵੇ ਕੀਤੇ ਸਨ ਪ੍ਰੰਤੂ ਹਲਕਾ ਵਿਧਾਇਕ ਦੇ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ ਜਦ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਬਾਕੀ ਮੈਂਬਰਾਂ ਸਮੇਤ ਅਤੇ ਪਿੰਡ ਦੇ ਹੋਰ ਮੋਹਤਬਰ ਲੋਕਾਂ ਦੀ ਹਾਜ਼ਰੀ ਵਿੱਚ ਸਕੂਲ ਵਿੱਚ ਕਈ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਅਤੇ ਇਮਾਰਤ ਦੀ ਮਾੜੀ ਹਾਲਤ ਸਬੰਧੀ ਪੱਤਰਕਾਰਾਂ ਨੂੰ ਦੱਸਦੇ ਹੋਏ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਸਕੂਲ ਦੀ ਮਾੜੀ ਹਾਲਤ ਵੱਲ ਧਿਆਨ ਨਾਲ ਦਿੱਤਾ ਤਾਂ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ। ਸਕੂਲ ਕਮੇਟੀ ਚੇਅਰਮੈਨ ਅਮਨਦੀਪ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਹਨੇਰੇ ਵਿੱਚ ਹੈ ਕਿਉਂਕਿ ਸਕੂਲ ਵਿੱਚ ਸਾਇੰਸ ਗਰੁੱਪ ਅਤੇ ਕਾਮਰਸ ਗਰੁੱਪ ( ਕੈਮਿਸਟਰੀ, ਫਿਜਿਕਸ਼ ਤੇ ਬਾਇਓਲੋਜੀ) ਦੇ ਲੈਕਚਰਾਰ ਹੀ ਨਹੀਂ ਹਨ, ਸਾਇੰਸ ਗਰੁੱਪ ਦੀਆਂ ਕਲਾਸਾਂ ਵੀ ਲਾਈਬ੍ਰੇਰੀ ਦੇ ਕਮਰਿਆਂ ‘ਚ ਲੱਗ ਰਹੀਆਂ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਕੂਲ ਵਿੱਚ ਪੰਜਾਬੀ ਵਿਸ਼ੇ ਦਾ ਅਧਿਆਪਕ ਵੀ ਨਹੀਂ ਅਤੇ ਮਾਸਟਰ ਕਾਡਰ ਦੀਆਂ ਕਈ ਹੋਰ ਅਸਾਮੀਆਂ ਵੀ ਖਾਲੀ ਹਨ। ਚੇਅਰਮੈਨ ਅਤੇ ਹੋਰਾਂ ਨੇ ਕਿਹਾ ਕਿ ਦੋ ਕੁ ਮਹੀਨੇ ਤੱਕ ਬੱਚਿਆਂ ਦੇ ਫਾਈਨਲ ਪੇਪਰ ਹਨ ਪਰੰਤੂ ਅਜੇ ਤੱਕ ਸਿਲੇਬਸ ਪੂਰਾ ਨਹੀਂ ਹੋਇਆ। ਚੇਅਰਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਖਾਲੀ ਅਸਾਮੀਆਂ ਭਰਨ ਸਬੰਧੀ ਲਿਖਤੀ ਤੌਰ ‘ਤੇ ਵੀ ਮੰਗ ਪੱਤਰ ਦਿੱਤੇ ਪ੍ਰੰਤੂ ਇੱਥੇ ਅਜੇ ਤੱਕ ਪੱਕੇ ਤੌਰ ‘ਤੇ ਕੋਈ ਅਧਿਆਪਕ ਨਹੀਂ ਆਇਆ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਸਵਾਲਾਂ ਤੋਂ ਬਚਣ ਲਈ ਹਲਕਾ ਵਿਧਾਇਕ ਨੇ ਇੱਥੇ ਡੈਪੂਟੇਸ਼ਨ ‘ਤੇ ਕੁਝ ਅਧਿਆਪਕ 31 ਦਸੰਬਰ ਤੱਕ ਮੰਗਵਾਏ ਪ੍ਰੰਤੂ ਉਹਨਾਂ ਵਿੱਚੋਂ ਵੀ ਇੱਕ ਅਧਿਆਪਕ ਹੀ ਹਾਜ਼ਰ ਹੋਇਆ ਤੇ ਹੁਣ ਉਹਨਾਂ ਦੇ ਡੈਪੂਟੇਸ਼ਨ ਦੇ ਬਾਕੀ ਦਿਨ ਛੁੱਟੀਆਂ ਵਿੱਚ ਲੰਘ ਜਾਣਗੇ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਪਿੰਡ ਦੇ ਸਕੂਲ ਵਿੱਚੋਂ ਅਧਿਆਪਕ ਇੱਥੇ ਡੈਪੂਟੇਸ਼ਨ ‘ਤੇ ਆਉਣੇ ਸਨ ਉਹ ਸਿਆਸੀ ਪ੍ਰਭਾਵ ਕਰਕੇ ਨਹੀਂ ਆ ਰਹੇ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਯੋਜਨਾ ਤਹਿਤ ਸਕੂਲ ਦੀ ਇਮਾਰਤ ਫਰਵਰੀ 2024 ਤੋਂ ਸ਼ੁਰੂ ਹੋ ਕੇ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਹੋਣੀ ਸੀ ਪ੍ਰੰਤੂ ਇੱਥੇ ਅਜੇ ਇੱਕ ਇੱਟ ਵੀ ਨਹੀਂ ਲੱਗੀ। ਸਕੂਲ ਮੈਨੇਜਮੈਂਟ ਕਮੇਟੀ ਨੇ ਐਲਾਨ ਕੀਤਾ ਕਿ ਉਹ ਹੁਣ ਹਲਕਾ ਵਿਧਾਇਕ ਸਮੇਤ ਕਿਸੇ ਲੀਡਰ ਦੇ ਲਾਰਿਆਂ ‘ਤੇ ਯਕੀਨ ਨਹੀਂ ਕਰਨਗੇ ਅਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਹਲਕੇ ਦੇ ਇਸ ਵੱਡੇ ਸਕੂਲ ਦੀ ਵਿਦਿਅਕ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ ਲਈ ਤਿੱਖਾ ਸੰਘਰਸ਼ ਕਰਨਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਵੱਲੋਂ ਹਲਕੇ ਦੇ ਕਈ ਸਕੂਲਾਂ ਦੇ ਸਮਾਗਮਾਂ ‘ਚ ਸ਼ਮੂਲੀਅਤ ਸਮੇਂ ਆਪਣੇ ਭਾਸ਼ਣ ਵਿੱਚ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਅਕਸਰ ਸੋਹਲੇ ਗਾਏ ਜਾਂਦੇ ਹਨ ਪ੍ਰੰਤੂ ਹਲਕਾ ਵਿਧਾਇਕ ਆਪਣੇ ਉਸ ਸਕੂਲ ਦੀ ਹਾਲਤ ਹੀ ਨਹੀਂ ਸੁਧਾਰ ਸਕੇ ਜਿੱਥੋਂ ਉਹਨਾਂ ਨੇ ਖੁਦ ਬਾਰਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਜੇਕਰ ਹਲਕਾ ਹੈੱਡਕੁਆਰਟਰ ਅਤੇ ਸਬ ਡਿਵੀਜ਼ਨ ਪੱਧਰ ਦੇ ਸਕੂਲ ਦੇ ਇਹੋ ਜਿਹੇ ਮਾੜੇ ਹਾਲਾਤ ਹਨ ਤਾਂ ਹਲਕੇ ਦੇ ਪਿੰਡਾਂ ਦੇ ਹੋਰ ਸਕੂਲਾਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।










