Gee 98News

…ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆਂ…ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨਹੀਂ ਰਹੇ…!

ਬਰਨਾਲਾ , 21 ਦਸੰਬਰ (ਨਿਰਮਲ ਸਿੰਘ ਪੰਡੋਰੀ)-

-ਐਸਡੀ ਸਭਾ ਬਰਨਾਲਾ ਦੇ ਚੇਅਰਮੈਨ ਅਤੇ ਸਮਾਜਿਕ, ਧਾਰਮਿਕ, ਵਿਦਿਅਕ ਖੇਤਰ ਦਾ ਇੱਕ ਵੱਡਾ ਨਾਮ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਇਸ ਦੁਨੀਆਂ ਵਿੱਚ ਨਹੀਂ ਰਹੇ। ਆਪਣੀ ਉਮਰ ਦੇ 86ਵੇਂ ਵਰ੍ਹੇ ‘ਚ ਬੀਤੇ ਕੱਲ੍ਹ ਉਹਨਾਂ ਨੇ ਆਖਰੀ ਸਾਹ ਲਏ। ਸ੍ਰੀ ਸ਼ਰਮਾ ਕੁਝ ਦਿਨਾਂ ਤੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੱਥੋਂ ਵਾਪਸ ਆ ਕੇ ਉਹ ਆਪਣੇ ਜ਼ਿੰਦਾ ਕਦਮ ਬਰਨਾਲਾ ਦੀ ਧਰਤੀ ‘ਤੇ ਨਾ ਰੱਖ ਸਕੇ। ਉਹਨਾਂ ਦੀ ਸੰਤਾਨੀ ਵਿਰਾਸਤ ਦੇ ਵਿੱਚ ਦੋ ਬੇਟੇ ਅਤੇ ਚਾਰ ਬੇਟੀਆਂ ਉਹਨਾਂ ਦੀ ਵਡਮੁੱਲੀ ਵਿਰਾਸਤ ਦੀ ਸੁਗੰਧ ਸਮਾਜ ਵਿੱਚ ‌ ਜ਼ਿੰਮੇਵਾਰੀ ਨਾਲ ਬਖੇਰ ਰਹੇ ਹਨ। ਬਰਨਾਲਾ ‘ਚ ਹਰ ਖੇਤਰ ਦੀ ਅਜਿਹੀ ਕੋਈ ਜਥੇਬੰਦੀ ਨਹੀਂ ਜਿਸ ਨਾਲ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦਾ ਨਾਮ ਨਾ ਜੁੜਦਾ ਹੋਵੇ। ਉਹ ਰੰਗੀਨ ਤਬੀਅਤ, ਸ਼ੇਅਰੋ ਸ਼ਾਇਰੀ ਦਾ ਖਜ਼ਾਨਾ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਕਿਸੇ ਵੀ ਮੰਚ ‘ਤੇ ਬੋਲਣ ਲਈ ਜਦ ਉਹ ਮਾਈਕ ‘ਤੇ ਆਉਂਦੇ ਤਾਂ ਉਹਨਾਂ ਦੇ ਸੰਬੋਧਨ ਦੇ ਪਹਿਲੇ ਸ਼ਬਦ ਤੋਂ ਹੀ ਉਹਨਾਂ ਦਾ ਭਾਸ਼ਣ ਦਿਲਚਸਪੀ ਦੇ ਸਿਖ਼ਰ ‘ਤੇ ਹੁੰਦਾ ਜੋ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ। ਕਿਸੇ ਆਮ ਇਨਸਾਨ ਦੀ ਗੱਲ ਤਾਂ ਦੂਰ ਸਗੋਂ ਉਹ ਇੱਕ ਵੱਡੇ ਵਿਦਵਾਨ ਨੂੰ ਵੀ ਸਿਰ ਤੋਂ ਪੈਰਾਂ ਤੱਕ ਪਹਿਲੀ ਤੱਕਣੀ ਵਿੱਚ ਹੀ ਛਾਣ ਦਿੰਦੇ ਸਨ। ਸ੍ਰੀ ਸ਼ਰਮਾ ਨੇ ਜੋ ਵੀ ਸੁਪਨਾ ਵੇਖਿਆ ਉਹ ਪੂਰਾ ਕੀਤਾ ਪ੍ਰੰਤੂ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਦਿਲਚਸਪ ਕਹਾਣੀ ਅਖੀਰਲੇ ਦੌਰ ਵਿੱਚ ਜੁੜ ਗਈ ਕਿ ਉਹਨਾਂ ਨੇ ਆਪਣੇ ਦੋਹਤੇ ਨੂੰ ਜੱਜ ਬਣਾਉਣ ਦਾ ਸੁਪਨਾ ਵੇਖਿਆ ਸੀ, ਸ੍ਰੀ ਸ਼ਰਮਾ ਦਾ ਇਹ ਸੁਪਨਾ ਪੂਰਾ ਤਾਂ ਹੋਇਆ ਪ੍ਰੰਤੂ ਇਸ ਦੀ ਜਾਣਕਾਰੀ ਸ੍ਰੀ ਸ਼ਰਮਾ ਨੂੰ ਨਾ ਦਿੱਤੀ ਜਾ ਸਕੀ ਕਿ ਉਹਨਾਂ ਦਾ ਦੋਹਤਾ ਜੱਜ ਬਣ ਗਿਆ ਕਿਉਂਕਿ ਦੋਹਤੇ ਦੇ ਜੱਜ ਬਣਨ ਦੀ ਸੁਖਦ ਖ਼ਬਰ ਉਹਨਾਂ ਦੇ ਅਖੀਰਲੇ ਦਿਨ ਤੋਂ ਇੱਕ ਦਿਨ ਪਹਿਲਾਂ ਦੀ ਹੀ ਸੀ ਅਤੇ ਪਰਿਵਾਰ ਵਾਲਿਆਂ ਨੇ ਅਜੇ ਇਸ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਦਿੱਤੀ ਸੀ…ਇਸ ਤੋਂ ਪਹਿਲਾਂ ਕਿ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਇੱਕ ਵੱਡੇ ਸੁਪਨੇ ਦੀ ਪੂਰਤੀ ਸਬੰਧੀ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਤਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀ ਦੁੱਖਦ ਖ਼ਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ। ਸ੍ਰੀ ਸ਼ਰਮਾ ਦੀ ਅੰਤਿਮ ਯਾਤਰਾ ਅੱਜ 21 ਦਸੰਬਰ ਨੂੰ ਉਨਾਂ ਦੀ ਜੱਦੀ ਰਿਹਾਇਸ਼ ਪੁਰਾਣਾ ਬਾਜ਼ਾਰ ਤੋਂ 1.15 ਵਜੇ ਸ਼ੁਰੂ ਹੋਵੇਗੀ ਅਤੇ 1.30 ਵਜੇ ਬਰਨਾਲਾ ਦੇ ਰਾਮਬਾਗ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

error: Content is protected !!