ਬਰਨਾਲਾ , 6 ਜਨਵਰੀ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਜੂਨੀਅਰ ਲੜਕਿਆਂ ਦੀ ਨੈੱਟਬਾਲ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸ਼ਿਪ 2025-26 ਵਿੱਚ ਸੋਨੇ ਦੇ ਮੈਡਲ ‘ਤੇ ਕਬਜ਼ਾ ਕੀਤਾ। ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਦੀਆਂ 18ਵੀਆਂ ਜੂਨੀਅਰ ਅਤੇ 22ਵੀਆਂ ਸੀਨੀਅਰ ਸਟੇਟ ਨੈੱਟਬਾਲ ਖੇਡਾਂ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ, ਜਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੜਕੇ ਲੜਕੀਆਂ ਦੀਆਂ ਜੂਨੀਅਰ ਅਤੇ ਸੀਨੀਅਰ ਟੀਮਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਚ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਜੂਨੀਅਰ ਲੜਕਿਆਂ ਦੀ ਟੀਮ ਨੇ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਉਹਨਾਂ ਦੱਸਿਆ ਕਿ ਸੀਨੀਅਰ ਮੁੰਡੇ ਕੁੜੀਆਂ ਦੀਆਂ ਟੀਮਾਂ ਨੇ ਵੀ ਤੀਜਾ ਸਥਾਨ ਹਾਸਿਲ ਕੀਤਾ। ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸ਼ਿਪ 2025-26 ਵਿੱਚ ਬਰਨਾਲਾ ਦੇ ਜੂਨੀਅਰ ਲੜਕਿਆਂ ਦੀ ਟੀਮ ਦੀ ਇਸ ਮਾਣਮੱਤੀ ਪ੍ਰਾਪਤੀ ਅਤੇ ਸੀਨੀਅਰ ਵਰਗ ‘ਚ ਮੁੰਡੇ ਕੁੜੀਆਂ ਦੀ ਟੀਮ ਵੱਲੋਂ ਤੀਜਾ ਸਥਾਨ ਹਾਸਿਲ ਕਰਨ ‘ਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਨੇਜਰ ਅਮਨ ਸ਼ਰਮਾ, ਗੁਰਜੋਤ ਸਿੰਘ, ਡੀਐਮ ਸਿਮਰਦੀਪ ਸਿੰਘ, ਮਨਜੀਤ ਸਿੰਘ, ਬਾਬਾ ਫਰੀਦ ਸਕੂਲ ਦੇ ਐਮਡੀ ਹਰਜੀਤ ਸਿੰਘ, ਨਰੇਸ਼ ਕੁਮਾਰ, ਨੈੱਟਬਾਲ ਪ੍ਰਮੋਸ਼ਨ ਪੰਜਾਬ ਦੇ ਸੈਕਟਰੀ ਪਲਵੀ ਰਾਣਾ, ਜੁਆਇੰਟ ਸੈਕਟਰੀ ਦਵਿੰਦਰ ਪ੍ਰਸਾਦ, ਨੈੱਟਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਜੁਆਇੰਟ ਸੈਕਟਰੀ ਅਸ਼ੋਕ ਆਨੰਦ, ਰੋਬਿਨ ਮਲਿਕ, ਅਮਨਦੀਪ ਕੌਰ ਆਦਿ ਵੀ ਹਾਜ਼ਰ ਸਨ।










