ਚੰਡੀਗੜ੍ਹ,6 ਜਨਵਰੀ, Gee98 News service
-ਭਾਰਤੀ ਫੌਜ ਨੇ ਅਗਨੀਵੀਰ ਸੈਨਿਕਾਂ ਲਈ ਇੱਕ ਅਹਿਮ ਨਿਯਮ ਲਾਗੂ ਕੀਤਾ ਹੈ। ਭਾਰਤੀ ਫੌਜ ਨੇ ਅਗਨੀਵੀਰਾਂ ਨੂੰ ਨਿਯਮਾਂ ਮੁਤਾਬਕ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਰੈਗੂਲਰ ਕਰਨ ਲਈ ਇੱਕ ਨਵਾਂ ਨਿਯਮ ਬਣਾਇਆ ਹੈ ਕਿ “ਜਦੋਂ ਤੱਕ ਕੋਈ ਅਗਨੀਵੀਰ ਫੌਜ ਵਿੱਚ ਸਥਾਈ ਨੌਕਰੀ ਪ੍ਰਾਪਤ ਕਰ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਵਿਆਹ ਨਹੀਂ ਕਰਵਾ ਸਕੇਗਾ,ਜੇਕਰ ਕੋਈ ਅਗਨੀਵੀਰ ਸਥਾਈ ਸੈਨਿਕ ਬਣਨ ਤੋਂ ਪਹਿਲਾਂ ਵਿਆਹ ਕਰਵਾ ਲੈਂਦਾ ਹੈ ਤਾਂ ਉਹ ਸਥਾਈ ਹੋਣ ਲਈ ਯੋਗ ਨਹੀਂ ਰਹੇਗਾ ਅਤੇ ਨਾ ਹੀ ਉਹ ਇਸ ਲਈ ਅਪਲਾਈ ਕਰ ਸਕੇਗਾ”। ਭਾਰਤੀ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਅਗਨੀਵੀਰਾਂ ਲਈ ਰੈਗੂਲਰ ਹੋਣ ਲਈ ਅਣਵਿਆਹਿਆ ਹੋਣਾ ਇੱਕ ਲਾਜ਼ਮੀ ਸ਼ਰਤ ਹੈ। ਭਾਰਤੀ ਫੌਜ ਨੇ ਇਹ ਵੀ ਦੱਸਿਆ ਕਿ ਇਸ ਪ੍ਰਕਿਰਿਆ ਲਈ ਅਗਨੀਵੀਰ ਸੈਨਿਕ ਨੂੰ ਬਹੁਤਾ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਅਗਨੀਵੀਰ ਵਜੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਥਾਈ ਨਿਯੁਕਤੀ ਦੀ ਪ੍ਰਕਿਰਿਆ ਚਾਰ ਤੋਂ ਛੇ ਮਹੀਨਿਆਂ ਦੇ ਵਿੱਚ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਸਥਾਈ ਨੌਕਰੀ ਲਈ ਸਿਲੈਕਟ ਹੋਣ ਵਾਲੇ ਅਗਨੀਵੀਰ ਵਿਆਹ ਕਰਵਾ ਸਕਦੇ ਹਨ। ਦੱਸ ਦੇਈਏ ਕਿ ਅਗਨੀਵੀਰ ਯੋਜਨਾ 2022 ਵਿੱਚ ਸ਼ੁਰੂ ਹੋਈ ਸੀ ਜਿਸ ਤਹਿਤ ਚਾਰ ਸਾਲ ਲਈ ਸੈਨਿਕਾਂ ਨੂੰ ਭਰਤੀ ਕੀਤਾ ਜਾਂਦਾ ਹੈ। ਅਗਨੀਵੀਰ ਯੋਜਨਾ ਤਹਿਤ ਭਰਤੀ ਹੋਣ ਵਾਲੇ ਪਹਿਲੇ ਬੈਚ ਦੀ ਚਾਰ ਸਾਲ ਦੀ ਸੇਵਾ ਜੂਨ-ਜੁਲਾਈ 2026 ਵਿੱਚ ਪੂਰੀ ਹੋ ਰਹੀ ਹੈ, ਜਿਸ ਤੋਂ ਬਾਅਦ ਇਸ ਪਹਿਲੇ ਬੈਚ ਦੇ ਲੱਗਭੱਗ 20 ਹਜ਼ਾਰ ਨੌਜਵਾਨ ਸੇਵਾਮੁਕਤ ਹੋਣਗੇ ਅਤੇ ਇਹਨਾਂ ਵਿੱਚੋਂ 25% ਅਗਨੀਵੀਰਾਂ ਨੂੰ ਉਹਨਾਂ ਦੀ ਸਰੀਰਕ ਯੋਗਤਾ ਅਤੇ ਪ੍ਰੀਖਿਆ ਦੇ ਆਧਾਰ ‘ਤੇ ਭਾਰਤੀ ਫੌਜ ਵਿੱਚ ਸਥਾਈ ਸੈਨਿਕ ਵਜੋਂ ਚੁਣਿਆ ਜਾਵੇਗਾ। ਇਹਨਾਂ ਸੈਨਕਾ ਲਈ ਹੀ ਭਾਰਤੀ ਫੌਜ ਨੇ ਇਹ ਨਵਾਂ ਨਿਯਮ ਲਾਗੂ ਕੀਤਾ ਹੈ ਕਿ ਜਦੋਂ ਤੱਕ ਸਥਾਈ ਸੈਨਿਕ ਬਣਨ ਦੀ ਫਾਈਨਲ ਲਿਸਟ ਨਹੀਂ ਆ ਜਾਂਦੀ ਉਦੋਂ ਤੱਕ ਅਗਨੀਵੀਰ ਵਿਆਹ ਨਾ ਕਰਵਾਉਣ ਅਤੇ ਜੇਕਰ ਕੋਈ ਨੌਜਵਾਨ ਇਸ ਪ੍ਰਕਿਰਿਆ ਦੇ ਦੌਰਾਨ ਵਿਆਹ ਕਰਵਾ ਲੈਂਦਾ ਹੈ ਤਾਂ ਉਸ ਨੂੰ ਸਥਾਈ ਸੈਨਿਕ ਬਣਨ ਦੀ ਦੌੜ ਵਿੱਚੋ ਬਾਹਰ ਕਰ ਦਿੱਤਾ ਜਾਵੇਗਾ ਪ੍ਰੰਤੂ ਸਥਾਈ ਸੈਨਿਕ ਦੇ ਅਹੁਦੇ ‘ਤੇ ਨਿਯੁਕਤੀ ਹੋਣ ਤੋਂ ਬਾਅਦ ਅਗਨੀਵੀਰ ਵਿਆਹ ਕਰਵਾ ਸਕਦੇ ਹਨ।










