ਮਹਿਲ ਕਲਾਂ,15 ਜਨਵਰੀ, ਜਸਵੰਤ ਸਿੰਘ ਲਾਲੀ-
ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਤਿੰਨ ਕੁ ਮਹੀਨਿਆਂ ਦੀ ਡੂੰਘੀ ਤੇ ਗੰਭੀਰ ਪੜ੍ਹਤਾਲ ਤੋਂ ਬਾਅਦ ਮਹਿਲ ਕਲਾਂ ਦੇ ਆਸਟਰੇਲੀਆ ਵਿੱਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਮੌਤ ਦੇ ਸੰਬੰਧ ਵਿੱਚ ਉਸਦੇ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਸਰਬਜੀਤ ਸਿੰਘ ਸੋਢਾ ਨੇ 27 ਸਤੰਬਰ 2025 ਨੂੰ ਆਸਟਰੇਲੀਆ ਵਿਖੇ ਹੀ ਆਤਮਹੱਤਿਆ ਕਰ ਲਈ ਸੀ, ਦੇ ਪਿਤਾ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਲ ਕਲਾਂ ਵਲੋਂ 15 ਅਕਤੂਬਰ, 2025 ਨੂੰ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ ਗਈ ਲਿਖਤੀ ਦਰਖ਼ਾਸਤ ਦਿੱਤੀ ਜਿਸ ਦੀ ਦੌਰਾਨੇ ਪੜ੍ਹਤਾਲ ਉਸਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਲੜਕੇ ਸਰਬਜੀਤ ਸਿੰਘ ਦਾ ਵਿਆਹ ਕਰੀਬ 12-13 ਸਾਲ ਪਹਿਲਾਂ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਹ (ਮੋਗਾ) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਜਣੇ ਆਸਟਰੇਲੀਆ ਚਲੇ ਗਏ ਜਿੱਥੇ ਉਨ੍ਹਾਂ ਦੇ 2 ਬੱਚੇ ਪੈਦਾ ਹੋਏ । ਸੁਖਜੀਤ ਕੌਰ ਨੇ ਸਰਬਜੀਤ ਨੂੰ ਧੋਖੇ ਵਿਚ ਰੱਖ ਕੇ ਉਸ ਕੋਲੋਂ ਵੀਜ਼ਾ ਸੰਬੰਧੀ ਕਾਗਜ਼ਾਂ ‘ਤੇ ਦਸਤਖ਼ਤ ਕਰਵਾ ਲਏ। ਜੂਨ 2025 ਵਿਚ ਸਰਬਜੀਤ ਨੂੰ ਵੀਜ਼ਾ ਇੰਟਰਵਿਊ ਦੇ ਬਹਾਨੇ ਵੀਜ਼ਾ ਦਫ਼ਤਰ ਦੇ ਡਿਟੈਂਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਨੇ ਹੀ ਉਸ ਨੂੰ ਮਾਨਸਿਕ ਤੌਰ ‘ਤੇ ਅਸਥਿਰ ਦੱਸ ਕੇ ਭਾਰਤ ਵਾਪਸ ਭੇਜਣ (ਡੀਪੋਰਟ ਕਰਵਾਉਣ) ਲਈ ਦਰਖ਼ਾਸਤ ਦਿੱਤੀ ਸੀ। ਸੁਖਜੀਤ ਕੌਰ ਨੇ ਸਰਬਜੀਤ ਨਾਲ ਸਾਂਝੇ ਬੈਂਕ ਖਾਤੇ ਵਿਚੋਂ ਸਾਰੀ ਰਕਮ ਕਢਵਾ ਲਈ ਅਤੇ ਉਸ ਦੀਆਂ ਗੱਡੀਆਂ ਤੇ ਲੀਜ਼ ਵਾਲਾ ਮਕਾਨ ਵੀ ਆਪਣੇ ਨਾਂਅ ਕਰਵਾ ਲਿਆ। ਸਰਬਜੀਤ ਸਿੰਘ ਨੂੰ ਉਸ ਦੀ ਪਤਨੀ ਵੱਲੋਂ ਆਪਣੇ ਬੱਚਿਆਂ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਏ ਕਿ ਪਤਨੀ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਮਾਨਸਿਕ ਤਣਾਅ ਦੇ ਕਾਰਨ ਹੀ ਉਸਦੇ ਪੁੱਤਰ ਸਰਬਜੀਤ ਸਿੰਘ ਨੇ ਆਤਮ ਹੱਤਿਆ ਕੀਤੀ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਪਤਨੀ ਸੁਖਜੀਤ ਕੌਰ ਸਮੇਤ ਸੱਸ ਇੰਦਰਜੀਤ ਕੌਰ, ਸਾਲੀ ਹਰਜੀਤ ਕੌਰ, ਸਾਲਾ ਜਸਦੀਪ ਸਿੰਘ ਅਤੇ ਤਾਇਆ ਸਹੁਰਾ ਬੂਟਾ ਸਿੰਘ ਵਿਰੁੱਧ BNS ਦੀ ਧਾਰਾ 108 ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੋਟੋ ਕੈਪਸ਼ਨ-ਮ੍ਰਿਤਕ ਨੌਜਵਾਨ ਸਰਬਜੀਤ ਸਿੰਘ ਦੀ ਤਸਵੀਰ










