ਬਰਨਾਲਾ, 15, ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ਪਾਕਿਸਤਾਨ ਤੋਂ ਮੰਗਵਾ ਕੇ ਪੰਜਾਬ ‘ਚ ਹਥਿਆਰ ਅਤੇ ਨਸ਼ਾ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਨਾਂ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਸਬੰਧ ਜ਼ਾਹਿਰ ਹੋਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਚਾਹਲ ਆਈਪੀਐਸ, ਡੀਆਈਜੀ ਪਟਿਆਲਾ ਰੇਂਜ ਨੇ ਪ੍ਰੈਸ ਕਾਨਫਰੰਸ ਦੌਰਾਨ ਨੇ ਦੱਸਿਆ ਕਿ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਇਹ ਅਹਿਮ ਪ੍ਰਾਪਤੀ ਕੀਤੀ ਹੈ, ਜਿਸ ਤਹਿਤ ਹਥਿਆਰ ਅਤੇ ਨਸ਼ੇ ਦੀ ਤਸਕਰੀ ਹੀ ਨਹੀਂ ਸਗੋਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਕਰਨ ਵਾਲਾ ਇੱਕ ਗਿਰੋਹ ਵੀ ਸਾਹਮਣੇ ਆਇਆ ਹੈ ਉਹਨਾਂ ਦੱਸਿਆ ਕਿ ਮੁਖ਼ਬਰ ਖ਼ਾਸ ਦੀ ਗੁਪਤ ਸੂਚਨਾ ਦੇ ਅਧਾਰ ‘ਤੇ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਦੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੀ ਪੁਲਿਸ ਟੀਮ ਨੇ ਬਰਨਾਲਾ-ਫਰਵਾਹੀ ਲਿੰਕ ਰੋਡ ਤੋਂ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਬਲਵੀਰ ਸਿੰਘ ਉਰਫ ਫੌਜੀ ਵਾਸੀ ਹਮੀਦੀ ਜ਼ਿਲ੍ਹਾ ਬਰਨਾਲਾ ਨੂੰ 52 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਦੌਰਾਨੇ ਪੁੱਛਗਿੱਛ ਗਗਨਦੀਪ ਸਿੰਘ ਗਗਨ ਦੀ ਨਿਸ਼ਾਨਦੇਹੀ ‘ਤੇ 255 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਗਗਨਦੀਪ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਦਰਜ ਕੀਤੇ ਮੁਕਦਮੇ ਵਿੱਚ ਰਾਜਕਰਨ ਸਿੰਘ ਉਰਫ ਘੋਗਾ ਵਾਸੀ ਚੱਕ ਵਜੀਦਾ ਜਿਲਾ ਫਾਜ਼ਿਲਕਾ ਤੇ ਸਾਰਜ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਬੀਬਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਡੀਆਈਜੀ ਨੇ ਦੱਸਿਆ ਕਿ ਦੋਸ਼ੀ ਸਾਰਜ ਸਿੰਘ ਦੀ ਨਿਸ਼ਾਨਦੇਹੀ ‘ਤੇ ਵੀ 01 ਕਿਲੋ 700 ਗਰਾਮ ਹੈਰੋਇਨ ਅਤੇ ਇੱਕ ਵਿਦੇਸ਼ੀ ਗਲੋਕ 9 ਐਮਐਮ ਦਾ ਪਿਸਟਲ, ਜੋ ਕਿ ਆਸਟਰੀਆ ਦਾ ਬਣਿਆ ਹੋਇਆ ਹੈ, ਵੀ ਬਰਾਮਦ ਕੀਤਾ ਗਿਆ। ਡੀਆਈਜੀ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਸਿੰਘ ਦੀ ਪੁੱਛਗਿੱਛ ਅਤੇ ਇਲੈਕਟਰੋਨਿਕ ਸਬੂਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹ ਨਸ਼ੇ ਦੇ ਕੇਸ ਵਿੱਚ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਤਾਂ ਉੱਥੇ ਉਸਦੀ ਜਾਣ ਪਹਿਚਾਣ ਜੱਜ ਸਿੰਘ ਉਰਫ ਜੱਜੀ ਨਾਮ ਦੇ ਇੱਕ ਵਿਅਕਤੀ ਨਾਲ ਹੋਈ ਜਿਸ ਨੇ ਅੱਗੇ ਗਗਨਦੀਪ ਸਿੰਘ ਦੀ ਗੱਲ ਆਪਣੇ ਦੋਸਤ ਸਾਰਜ ਸਿੰਘ ਵਾਸੀ ਹਬੀਬਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਰਾਜਕਰਨ ਉਰਫ਼ ਘੋਗਾ ਜ਼ਿਲ੍ਹਾ ਫਾਜ਼ਿਲਕਾ ਨਾਲ ਟੈਲੀਫੋਨ ‘ਤੇ ਕਰਵਾਈ। ਇਹਨਾਂ ਵਿੱਚੋਂ ਜੱਜੀ ਪਾਕਿਸਤਾਨੀ ਆਈਐਸਆਈ ਏਜੰਟ ਹਾਜੀ ਦੇ ਸੰਪਰਕ ਵਿੱਚ ਸੀ। ਦੋਸ਼ੀ ਗਗਨਦੀਪ ਨੇ ਦੱਸਿਆ ਕਿ ਹਾਜੀ, ਸਾਰਜ ਸਿੰਘ ਅਤੇ ਰਾਜਕਰਨ ਸਿੰਘ ਦੇ ਨਾਲ ਵੀ ਗੱਲਬਾਤ ਕਰਦਾ ਸੀ ਅਤੇ ਹਾਜੀ ਇਹਨਾਂ ਦੋਨਾਂ ਨੂੰ ਡਰੌਨ ਰਾਹੀਂ ਬਾਰਡਰ ਪਾਰ ਪਾਕਿਸਤਾਨ ਵਿੱਚੋਂ ਨਸ਼ੀਲਾ ਚਿੱਟਾ (ਹੈਰੋਇਨ) ਭੇਜਦਾ ਸੀ। ਉਹਨਾਂ ਦੱਸਿਆ ਕਿ ਪਾਕਿਸਤਾਨੀ ਆਈਐਸਆਈ ਏਜੰਟ ਹਾਜੀ ਵੱਲੋਂ ਭਾਰਤ ਵਿੱਚ ਆਪਣੇ ਜਾਸੂਸਾਂ ਨੂੰ ਵੱਖ-ਵੱਖ ਗਤੀਵਿਧੀਆਂ ਲਈ ਵਰਤਦਾ ਸੀ, ਉਹਨਾਂ ਦੇ ਬੈਂਕ ਖਾਤੇ ਆਪ ਭੇਜ ਕੇ ਗਗਨਦੀਪ ਤੋਂ ਪੈਸੇ ਪਵਾਉਂਦਾ ਸੀ। ਡੀਆਈਜੀ ਨੇ ਦੱਸਿਆ ਕਿ ਦੌਰਾਨੇ ਪੜ੍ਹਤਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਹੈਂਡਲਰ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਪ੍ਰਾਪਤ ਕੀਤੀ ਕਮਾਈ ਨੂੰ ਭਾਰਤ ਵਿੱਚ ਜਸੂਸੀ ਕਰਨ ਵਾਲਿਆਂ ਦੀ ਵਿੱਤੀ ਸਹਾਇਤਾ ਕਰਨ ਲਈ, ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਫੰਡ ਦੇਣ ਲਈ ਵਰਤਦਾ ਸੀ। ਉਹਨਾਂ ਦੱਸਿਆ ਕਿ ਤਫਤੀਸ਼ ਦੇ ਦੌਰਾਨ ਬਹੁਤ ਸਾਰੇ ਵਿਦੇਸ਼ੀ ਫੋਨ ਨੰਬਰਾਂ ਦਾ ਵੀ ਖੁਲਾਸਾ ਹੋਇਆ ਹੈ ਜਿਸ ਤੋਂ ਦੋਸ਼ੀਆਂ ਦੇ ਆਈਐਸਆਈ ਨਾਲ ਸੰਬੰਧਾਂ ਬਾਰੇ ਪਤਾ ਲੱਗਦਾ ਹੈ। ਉਹਨਾਂ ਦੱਸਿਆ ਕਿ ਸਾਰਜ ਸਿੰਘ ਨੇ ਲਾਲਚ ਵਿੱਚ ਆ ਕੇ ਪਾਕਿਸਤਾਨ ਏਜੰਟਾਂ ਨੂੰ ਉਹਨਾਂ ਵੱਲੋਂ ਮੰਗੇ ਗਏ ਬੀਐਸਐਫ ਦੇ ਨਾਕਿਆਂ ਦੀਆਂ ਫੋਟੋਆਂ ਵੀ ਭੇਜੀਆਂ ਸਨ ਜਿਸ ਤੋਂ ਬਾਅਦ ਮੁਕਦਮੇ ਵਿੱਚ ਔਫੀਸ਼ੀਅਲੀ ਸੀਕਰੇਟ ਐਕਟ/ਰਾਸ਼ਟਰ ਵਿਰੋਧੀ ਸਾਜਿਸ਼ ਕਰਨ ਬਾਰੇ ਨਿਰਧਾਰਿਤ ਕਾਨੂੰਨ ਦੀਆਂ ਧਾਰਾਵਾਂ ਦਾ ਵਾਧਾ ਵੀ ਕੀਤਾ ਗਿਆ ਹੈ। ਡੀਆਈਜੀ ਨੇ ਕਿਹਾ ਕਿ ਰਿਮਾਂਡ ਦੇ ਦੌਰਾਨ ਦੋਸ਼ੀਆਂ ਕੋਲੋਂ ਪਾਕਿਸਤਾਨ ਤੋਂ ਨਸ਼ਾ ਤਸਕਰੀ ਲਈ ਪਹਿਲਾਂ ਭੇਜੇ ਗਏ ਡਰੋਨਾਂ ਅਤੇ ਗਿਰੋਹ ਦੇ ਹੋਰ ਸਾਥੀਆਂ ਬਾਰੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਮੁਹੰਮਦ ਸਰਫਰਾਜ ਆਲਮ, ਐਸਪੀ ਡੀ ਅਸ਼ੋਕ ਕੁਮਾਰ, ਡੀਐਸਪੀ ਸਤਬੀਰ ਸਿੰਘ ਬੈਂਸ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ, ਇੰਸਪੈਕਟਰ ਜਗਜੀਤ ਸਿੰਘ ਵੀ ਹਾਜ਼ਰ ਸਨ।










