ਚੰਡੀਗੜ੍ਹ,17 , ਜਨਵਰੀ, Gee98 News service-
-ਪੰਜਾਬ ‘ਚ ਗੈਂਗਸਟਰਾਂ ਦੇ ਇਨਕਾਊਂਟਰਾਂ ਦੀਆਂ ਖ਼ਬਰਾਂ ਤੋਂ ਬਾਅਦ ਵੀ ਗੈਂਗਸਟਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਬੜੀ ਨਿਡਰਤਾ ਨਾਲ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਇੱਕ ਘਟਨਾ ਸ਼ਨੀਵਾਰ ਮੋਹਾਲੀ ਦੇ ਜੀਰਕਪੁਰ ਤੋਂ ਸਾਹਮਣੇ ਆਈ ਜਿੱਥੇ ਐਰੋ ਸਿਟੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਚੀਫ਼ ਮੈਨੇਜਰ ਤੋਂ ਦਿਨ ਦਿਹਾੜੇ ਪਿਸਤੌਲ ਦੀ ਨੋਕ ‘ਤੇ 4 ਲੱਖ ਰੁਪਏ ਦੇ ਗਹਿਣੇ ਲੁੱਟੇ ਗਏ। ਐਸਬੀਆਈ ਦੇ ਮੈਨੇਜਰ ਸੁਧਾਂਸ਼ੂ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 9 ਵਜੇ ਆਪਣੀ ਕਾਰ ‘ਤੇ ਦਫ਼ਤਰ ਜਾ ਰਿਹਾ ਸੀ, ਘਰ ਤੋਂ ਥੋੜੀ ਹੀ ਦੂਰੀ ‘ਤੇ ਉਸਦੀ ਕਾਰ ਦੇ ਸਾਹਮਣੇ ਦੋ ਨੌਜਵਾਨਾਂ ਨੇ ਮੋਟਰਸਾਈਕਲ ਲਗਾ ਕੇ ਉਸਦੀ ਕਾਰ ਰੋਕ ਲਈ ਅਤੇ ਡਰਾਈਵਰ ਸਾਈਡ ਉਸਦੇ ਕੋਲ ਆਏ ਜਦੋਂ ਉਸਨੇ ਸ਼ੀਸ਼ਾ ਨੀਚੇ ਕੀਤਾ ਤਾਂ ਇੱਕ ਨੌਜਵਾਨ ਉਸਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਤੇ ਸੋਨੇ ਦੀ ਚੈਨ ਖੋਹਣ ਲੱਗਾ। ਚੀਫ਼ ਮੈਨੇਜਰ ਨੇ ਦੱਸਿਆ ਕਿ ਜਦ ਉਸ ਨੇ ਵਿਰੋਧ ਕੀਤਾ ਤਾਂ ਦੂਸਰੇ ਨੌਜਵਾਨ ਨੇ ਪਿਸਤੌਲ ਤਾਣ ਲਈ ਅਤੇ ਇੱਕ ਗੋਲੀ ਵੀ ਚਲਾਈ ਜੋ ਕਾਰ ਦੇ ਫਰੰਟ ਸ਼ੀਸ਼ੇ ਵਿੱਚ ਲੱਗੀ ਅਤੇ ਉਹ ਵਾਲ ਵਾਲ ਬਚ ਗਿਆ। ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਸਵਾਰ ਚੀਫ਼ ਮੈਨੇਜਰ ਤੋਂ ਕਰੀਬ 4 ਲੱਖ ਰੁਪਏ ਦੀ ਕੀਮਤ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਜਾਣ ਤੋਂ ਬਾਅਦ ਚੀਫ਼ ਮੈਨੇਜਰ ਨੇ ਰੌਲਾ ਪਾਇਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਚੀਫ਼ ਮੈਨੇਜਰ ਸੁਧਾਂਸ਼ੂ ਕੁਮਾਰ ਨੇ ਜ਼ੀਰਕਪੁਰ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਜਿਸ ਦੀ ਪੁਸ਼ਟੀ ਕਰਦੇ ਹੋਏ ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਘਟਨਾ ਦੇ ਆਸ ਪਾਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ ਜਿਸ ਦੇ ਆਧਾਰ ‘ਤੇ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ।










