ਚੰਡੀਗੜ੍ਹ,17 ਜਨਵਰੀ, Gee98 news service-
-ਪੰਜਾਬ ਪੁਲਿਸ ਨੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਏ ਦੇ ਕਾਤਲ ਨੂੰ ਇਨਕਾਊਂਟਰ ਵਿੱਚ ਢੇਰ ਕਰ ਦਿੱਤਾ ਹੈ। ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਨੂੰ ਇੱਕ ਟੂਰਨਾਮੈਂਟ ਦੌਰਾਨ ਗੋਲੀ ਮਾਰਨ ਵਾਲੇ ਸ਼ੂਟਰ ਕਰਨ ਡਿਫਾਲਟਰ ਉਰਫ਼ ਕਰਨ ਪਾਠਕ ਵਾਸੀ ਜ਼ਿਲ੍ਹਾ ਲੁਧਿਆਣਾ ਦਾ ਇਨਕਾਊਂਟਰ ਮੋਹਾਲੀ ਪੁਲਿਸ ਨੇ ਕੀਤਾ। ਇਹ ਇਨਕਾਊਟਰ ਸ਼ਨੀਵਾਰ ਸਵੇਰੇ ਹੀ ਏਅਰਪੋਰਟ ਰੋਡ ‘ਤੇ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਕਰਨ ਨੂੰ ਸੀਆਈਏ ਸਟਾਫ਼ ਰੱਖਿਆ ਹੋਇਆ ਸੀ ਜਦ ਉਸਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਪਾਰਟੀ ਉਸਨੂੰ ਹਸਪਤਾਲ ਲੈ ਕੇ ਗਈ। ਇਸ ਦੌਰਾਨ ਪੁਲਿਸ ਦੀ ਗੱਡੀ ਡਿਵਾਈਟਰ ‘ਤੇ ਚੜ ਗਈ ਤੇ ਪੁਲਿਸ ਕਰਮਚਾਰੀ ਹੇਠਾਂ ਉਤਰ ਕੇ ਜਦ ਜਾਂਚ ਕਰਨ ਲੱਗੇ ਤਾਂ ਕਰਨ ਡਿਫਾਲਟਰ ਹੱਥਕੜੀ ਸਮੇਤ ਫ਼ਰਾਰ ਹੋ ਗਿਆ ਅਤੇ ਪੁਲਿਸ ਸਾਰੀ ਰਾਤ ਉਸ ਦੀ ਤਲਾਸ਼ ਕਰਦੀ ਰਹੀ। ਐਸਐਸਪੀ ਨੇ ਦੱਸਿਆ ਕਿ ਸਵੇਰੇ ਕਰਨ ਡਿਫਾਲਟਰ ਪੁਲਿਸ ਪਾਰਟੀ ਨੂੰ ਮਿਲ ਗਿਆ । ਜਦੋਂ ਪੁਲਿਸ ਪਾਰਟੀ ਨੇ ਉਸਨੂੰ ਘੇਰਾ ਪਾਇਆ ਤਾਂ ਕਰਨ ਡਿਫਾਲਟਰ ਨੇ ਪੁਲਿਸ ‘ਤੇ ਹਥਿਆਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਫਾਇਰਿੰਗ ਵਿੱਚ ਉਸਨੂੰ ਕਈ ਗੋਲੀਆਂ ਲੱਗੀਆਂ ਤੇ ਉਹ ਸਖ਼ਤ ਜਖਮੀ ਹੋ ਗਿਆ ਜਿਸ ਤੋਂ ਬਾਅਦ ਉਸਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਅਤੇ ਫਿਰ ਸਿਵਲ ਹਸਪਤਾਲ ਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦ ਪੱਤਰਕਾਰਾਂ ਨੇ ਐਸਐਸਪੀ ਨੂੰ ਪੁੱਛਿਆ ਕਿ ਕਰਨ ਡਿਫਾਲਟਰ ਦੇ ਕੋਲ ਹਥਿਆਰ ਕਿੱਥੋਂ ਆਇਆ ਤਾਂ ਐਸਐਸਪੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਨਹੀਂ ਦੱਸ ਰਹੀ ਕਿ ਹੱਥਕੜੀ ਸਮੇਤ ਫਰਾਰ ਹੋਣ ਵਾਲਾ ਕਰਨ ਡਿਫਾਲਟਰ ਨੂੰ ਜਦ ਪੁਲਿਸ ਨੇ ਦੁਬਾਰਾ ਘੇਰਾ ਪਾਇਆ ਤਾਂ ਕੀ ਉਸਦੇ ਹੱਥਘੜੀ ਲੱਗੀ ਹੋਈ ਸੀ ਜਾਂ ਨਹੀਂ ਅਤੇ ਉਸਨੇ ਹੱਥਕੜੀ ਸਮੇਤ ਪੁਲਿਸ ‘ਤੇ ਫਾਇਰਿੰਗ ਕਿਵੇਂ ਕੀਤੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾ ਕਰਨ ਡਿਫਾਲਟਰ ਨੇ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ ਅਤੇ ਪੁਲਿਸ ਅਜੇ ਦੋ ਦਿਨ ਪਹਿਲਾਂ ਹੀ ਉਸ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲੈ ਕੇ ਆਈ ਸੀ। ਦੂਜੇ ਪਾਸੇ ਪੁਲਿਸ ਦੀ ਕਹਾਣੀ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਆਖ਼ਰ ਪੁਲਿਸ ਹਿਰਾਸਤ ਵਿੱਚੋਂ ਇੱਕ ਖਤਰਨਾਕ ਗੈਂਗਸਟਰ ਹੱਥਘੜੀ ਸਮੇਤ ਕਿਵੇਂ ਫਰਾਰ ਹੋ ਗਿਆ ਅਤੇ ਉਹ ਕੁਝ ਹੀ ਘੰਟਿਆਂ ਬਾਅਦ ਦੁਬਾਰਾ ਪੁਲਿਸ ਨੂੰ ਮਿਲ ਵੀ ਗਿਆ ਪ੍ਰੰਤੂ ਜਦੋਂ ਮਿਲਿਆ ਤਾਂ ਉਸ ਕੋਲ ਹਥਿਆਰ ਕਿੱਥੋਂ ਆਇਆ ? ਦੱਸ ਦੇਈਏ ਕਿ ਅਜੇ ਦੋ ਕੁ ਦਿਨ ਪਹਿਲਾਂ ਹੀ ਅੰਮ੍ਰਿਤਸਰ ਪੁਲਿਸ ਨੇ ਆਪ ਸਰਪੰਚ ਜਰਮਲ ਸਿੰਘ ਦੇ ਸ਼ੂਟਰ ਨੂੰ ਇਨਕਾਊਂਟਰ ਵਿੱਚ ਢੇਰ ਕੀਤਾ ਸੀ ਜਿਸ ਨੂੰ ਰਾਏਪੁਰ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ।
ਫੋਟੋ ਕੈਪਸ਼ਨ-ਇਨਕਾਊਂਟਰ ਵਾਲੇ ਸਥਾਨ ‘ਤੇ ਤਾਇਨਾਤ ਪੁਲਿਸ ਪਾਰਟੀ










