ਚੰਡੀਗੜ੍ਹ ,17 ਜਨਵਰੀ , Gee98 News service-
-ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਗੁਰੂਆ ਪ੍ਰਤੀ ਵਰਤੇ ਗਏ ਸ਼ਬਦਾਂ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਇੱਕ ਪਾਸੇ ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਅਧਾਰ ‘ਤੇ ਦਿੱਲੀ ਦੇ ਇੱਕ ਮੰਤਰੀ ਖ਼ਿਲਾਫ਼ ਐਫਆਈਆਰ ਤੱਕ ਦਰਜ ਕਰ ਦਿੱਤੀ ਹੈ ਅਤੇ ਪੰਜਾਬ ਦੀ ਇਸ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਜਲੰਧਰ ਦੀ ਇੱਕ ਅਦਾਲਤ ਨੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਪ੍ਰੰਤੂ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇੰਦਰ ਗੁਪਤਾ ਨੇ ਇਸ ਵੀਡੀਓ ਦੀ ਫਰੈਂਸਿੰਕ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ “ਗੁਰੂ” ਸ਼ਬਦ ਵਰਤਿਆ ਗਿਆ ਹੈ।ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਾਰੀ ਫਰੈਂਸਿੰਕ ਰਿਪੋਰਟ ਦੇ ਅਨੁਸਾਰ ਆਤਿਸ਼ੀ ਦੀ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ। ਹੁਣ ਇਹ ਮਾਮਲਾ ਸਿੱਧੇ ਤੌਰ ‘ਤੇ ਦਿੱਲੀ ਬਨਾਮ ਪੰਜਾਬ ਬਣਦਾ ਜਾ ਰਿਹਾ ਹੈ ਕਿਉਂਕਿ ਆਤਿਸ਼ੀ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਿਆਨ ਦੇ ਚੁੱਕੇ ਹਨ ਅਤੇ ਆਤਿਸ਼ੀ ਨੂੰ ਬੇਕਸੂਰ ਕਰਾਰ ਦਿੰਦੇ ਹੋਏ ਭਾਜਪਾ ‘ਤੇ ਵੱਡੇ ਇਲਜ਼ਾਮ ਲਾ ਚੁੱਕੇ ਹਨ। ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੀ ਫੋਰੈਂਸਿੰਕ ਰਿਪੋਰਟ ‘ਤੇ ਸਵਾਲ ਚੁੱਕਦੇ ਇਥੋਂ ਤੱਕ ਕਿਹਾ ਕਿ ਉਹ ਇਸਦੀ ਸੀਬੀਆਈ ਜਾਂਚ ਵੀ ਕਰਵਾਉਣਗੇ ਅਤੇ ਇਸ ਮਾਮਲੇ ਵਿੱਚ ਪੰਜਾਬ ‘ਚ ਹੋਏ ਹਰ ਘਟਨਾਕ੍ਰਮ ਦੀ ਸੀਬੀਆਈ ਜਾਂਚ ਕਰਵਾਉਣਗੇ। ਹੁਣ ਸਵਾਲ ਉੱਠਦੇ ਹਨ ਕਿ ਪੰਜਾਬ ‘ਚ ਆਤਿਸ਼ੀ ਦੀ ਵੀਡੀਓ ਦੀ ਜਾਂਚ ਕਿਹੜੀ ਫੋਰੈਂਸਿਕ ਲੈਬ ਵਿੱਚ ਕਿਸ ਅਧਿਕਾਰੀ ਨੇ ਕੀਤੀ, ਜਿਸ ਨੇ ਤੁਰੰਤ ਰਿਪੋਰਟ ਜਾਰੀ ਕਰ ਦਿੱਤੀ ਕਿ ਵੀਡੀਓ ਨਾਲ ਛੇੜਛਾੜ ਹੋਈ ਹੈ ਜਦਕਿ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਅਨੁਸਾਰ ਵੀਡੀਓ ਨਾਲ ਕੋਈ ਛੇੜ ਛਾੜ ਨਹੀਂ ਹੋਈ। ਦਿੱਲੀ ਦੇ ਸਪੀਕਰ ਨੇ ਇਹ ਵੀ ਸਵਾਲ ਚੁੱਕੇ ਹਨ ਕਿ ਪੰਜਾਬ ‘ਚ ਫੋਰੈਂਸਿਕ ਲੈਬ ਕਿਸ ਦੀ ਅਗਵਾਈ ਹੇਠ ਚੱਲ ਰਹੀ ਹੈ ਅਤੇ ਉੱਥੇ ਫੈਸਲੇ ਕੌਣ ਲੈ ਰਿਹਾ ਹੈ। ਦਿੱਲੀ ਦੇ ਸਪੀਕਰ ਨੇ ਜਲੰਧਰ ਦੀ ਅਦਾਲਤ ਵੱਲੋਂ ਸ਼ੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਤੋਂ ਵੀਡੀਓ ਕੰਟੈਂਟ ਹਟਾਉਣ ਦੇ ਹੁਕਮਾਂ ਸਬੰਧੀ ਵੀ ਕਿਹਾ ਕਿ ਇੱਕ ਜ਼ਿਲ੍ਹਾ ਪੱਧਰੀ ਅਦਾਲਤ ਸਾਰੇ ਮੁਲਕ ਵਿੱਚ ਅਜਿਹੇ ਹੁਕਮ ਕਿਵੇਂ ਜਾਰੀ ਕਰ ਸਕਦੀ ਹੈ ਜਦਕਿ ਸੰਬੰਧਤ ਵੀਡੀਓ ਦੀ ਮਾਸਟਰ ਕਾਪੀ ਦਿੱਲੀ ਵਿਧਾਨ ਸਭਾ ਕੋਲ ਹੈ ਅਤੇ ਪੰਜਾਬ ਦੀ ਫੋਰੈਂਸਿਕ ਲੈਬ ਵਿੱਚ ਇਸ ਵੀਡੀਓ ਦੀ ਮਾਸਟਰ ਕਾਪੀ ਕਿਸੇ ਨੇ ਮੰਗੀ ਹੀ ਨਹੀਂ ਅਤੇ ਪੰਜਾਬ ਦੀ ਫਰੈਂਸਿੰਕ ਰਿਪੋਰਟ ਵੀਡੀਓ ਦੀ ਬਿਨਾਂ ਮਾਸਟਰ ਕਾਪੀ ਤੋਂ ਜਾਰੀ ਕੀਤੀ ਗਈ ਹੈ। ਹੈਰਾਨੀ ਇਹ ਵੀ ਹੁੰਦੀ ਹੈ ਕਿ ਜਲੰਧਰ ਅਦਾਲਤ ਦੇ ਜੱਜ ਸਾਹਿਬ ਨੇ ਵੀ ਇੰਨੀ ਜਲਦਬਾਜ਼ੀ ਵਿੱਚ ਵੱਡੇ ਹੁਕਮ ਜਾਰੀ ਕਿਵੇਂ ਕਰ ਦਿੱਤੇ ? ਜ਼ਿਕਰ ਯੋਗ ਹੈ ਕਿ ਇਸ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਨੇ ਪਹਿਲਾਂ ਹੀ ਪੰਜਾਬ ਦੇ ਡੀਜੀਪੀ, ਜਲੰਧਰ ਦੀ ਪੁਲਿਸ ਕਮਿਸ਼ਨਰ ਅਤੇ ਪੰਜਾਬ ਸਾਈਬਰ ਵਿੰਗ ਦੇ ਮੁਖੀ ਤੋਂ ਜਵਾਬ ਮੰਗਿਆ ਗਿਆ ਹੈ। ਦਿੱਲੀ ਵਿਧਾਨ ਸਭਾ ਸਪੀਕਰ ਨੇ ਦਿੱਲੀ ਦੀ ਫਰੈਂਸਿਕ ਲੈਬ ਦੀ ਰਿਪੋਰਟ ਪੱਤਰਕਾਰਾਂ ਨੂੰ ਵੀ ਜਾਰੀ ਕਰ ਦਿੱਤੀ ਜਿਸ ਤੋਂ ਬਾਅਦ ਇਸ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ ਅਤੇ ਇਸ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਸਾਰੇ ਸ਼ਬਦ ਹੂਬਹੂ ਦਰਜ ਕੀਤੇ ਗਏ ਹਨ, ਜਿਨਾਂ ਅਨੁਸਾਰ ਉਸਨੇ ਆਪਣੇ ਭਾਸ਼ਣ ਦੌਰਾਨ ਗੁਰੂ ਸ਼ਬਦ ਦਾ ਇਸਤੇਮਾਲ ਕੀਤਾ ਹੈ। ਦਿੱਲੀ ਸਪੀਕਰ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਇੱਕ ਮੌਕਾ ਦਿੰਦੇ ਹੋਏ ਕਿਹਾ ਕਿ ਉਹ ਸਪੀਕਰ ਦੇ ਚੈਂਬਰ ਵਿੱਚ ਆ ਕੇ ਉਕਤ ਵੀਡੀਓ ਸਬੰਧੀ ਮੁਆਫ਼ੀ ਮੰਗਣ, ਨਹੀਂ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਤਿਆਰ ਰਹਿਣ, ਜੋ ਦਿੱਲੀ ਵਿਧਾਨ ਸਭਾ ਵੱਲੋਂ ਹਰ ਹਾਲਤ ਵਿੱਚ ਕੀਤੀ ਜਾਵੇਗੀ।










