ਬਰਨਾਲਾ 21 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਨੇ ਬਰਨਾਲਾ ਲੁਧਿਆਣਾ ਮੇਨ ਰੋਡ ‘ਤੇ ਟੋਲ ਪਲਾਜ਼ਾ ਦੇ ਨੇੜੇ ਗਾਵਾਂ ਦਾ ਭਰਿਆ ਇੱਕ ਟਰੱਕ ਫੜਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 112 ਨੰਬਰ ਦੇ ਇੰਚਾਰਜ ਜਗਮੋਹਨ ਸਿੰਘ ਗਿੱਲ, ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਨੇੜੇ ਇੱਕ ਟਰੱਕ ਰੋਕਿਆ ਗਿਆ ਜਿਸ ਵਿੱਚ 20 ਦੇ ਕਰੀਬ ਗਊਆਂ ਤੇ ਇੱਕ ਢੱਠਾ ਸੀ। ਇਸ ਮੌਕੇ ‘ਤੇ ਹਾਜ਼ਰ ਗੁਰਪ੍ਰੀਤ ਸਿੰਘ ਕੌਮੀ ਪ੍ਰਧਾਨ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਨੇ ਦੱਸਿਆ ਕਿ ਗਊਆਂ ਦੀ ਇਸ ਤਸਕਰੀ ਸਬੰਧੀ ਉਹ ਕਈ ਦਿਨਾਂ ਤੋਂ ਗੁਪਤ ਸੂਚਨਾ ਦੇ ਅਧਾਰ ‘ਤੇ ਤਸਕਰਾਂ ਦੇ ਮਗਰ ਲੱਗੇ ਹੋਏ ਸਨ। ਜਦੋਂ ਇਹ ਟਰੱਕ ਮਹਿਲ ਕਲਾਂ ਪੁਰਾਣੇ ਟੋਲ ਪਲਾਜ਼ਾ ਦੇ ਕੋਲ ਪੁੱਜਿਆ ਤਾਂ 112 ਨੰਬਰ ਦੀ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਇਸ ਨੂੰ ਇਥੇ ਰੋਕ ਕੇ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਗਾਵਾਂ ਦੀ ਤਸਕਰੀ ਕਰਨ ਵਾਲਾ ਤਸਕਰ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਇਹ ਗਾਵਾਂ ਮੇਵਾਤ ਭੇਜੀਆਂ ਜਾ ਰਹੀਆਂ ਸਨ। ਉਹਨਾਂ ਦੱਸਿਆ ਕਿ ਇਸ ਟਰੱਕ ਦੇ ਨਾਲ ਇੱਕ ਹੋਰ ਵੱਖਰੀ ਗੱਡੀ ਸੀ ਜਿਸ ਵਿੱਚ ਸਵਾਰ ਕੁਝ ਵਿਅਕਤੀ ਗੱਡੀ ਸਮੇਤ ਭੱਜਣ ‘ਚ ਕਾਮਯਾਬ ਹੋ ਗਏ। ਗਾਵਾਂ ਨਾਲ ਭਰੇ ਟਰੱਕ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੀ ਗੱਡੀ ਨੂੰ ਆਨਲਾਈਨ ਦੁਧਾਰੂ ਪਸ਼ੂਆਂ ਦੀ ਢੋਆ ਢੁਆਈ ਲਈ ਬੁੱਕ ਕੀਤਾ ਗਿਆ ਸੀ। ਇਸ ਮਾਮਲੇ ‘ਚ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਹਿਲ ਕਲਾਂ ਦੇ ਗਊ ਸੇਵਕਾਂ ਦੀ ਮਦਦ ਨਾਲ ਗਾਵਾਂ ਨੂੰ ਸਰਬ ਧਰਮ ਗਊਸ਼ਾਲਾ ਵਿਖੇ ਛੱਡ ਦਿੱਤਾ ਹੈ ਅਤੇ ਟਰੱਕ ਨੂੰ ਆਪਣੇ ਕਬਜ਼ੇ ‘ਚ ਲਿਆ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਬਾਂਸਲ, ਸੁਭਾਸ਼ ਕੁਮਾਰ, ਤੀਰਥ ਸ਼ਰਮਾ, ਮਨਦੀਪ ਕੁਮਾਰ ਚੀਕੂ, ਰਮੇਸ਼ ਕੁਮਾਰ ਆੜਤੀਆ, ਕੁਲਦੀਪ ਸਿੰਘ,ਗਊ ਸੁਰਕਸ਼ਾ ਦਲ ਦੇ ਗੁਰਪ੍ਰੀਤ ਸਿੰਘ, ਦਰਸ਼ਨ ਰਾਣਾ, ਸੰਦੀਪ ਵਰਮਾ ਨੇ ਗਊ ਤਸਕਰਾਂ ਦੀ ਇਸ ਜ਼ੁਲਮ ਦੀ ਸਖ਼ਤ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਦਾ ਡਰਾਈਵਰ ਪੁਲਿਸ ਦੀ ਗ੍ਰਿਫਤ ਵਿੱਚ ਹੈ ਪ੍ਰੰਤੂ ਮੁੱਖ ਤਸਕਰ ਅਤੇ ਹੋਰ ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।










