ਬਰਨਾਲਾ ,20 ਜਨਵਰੀ, (ਨਿਰਮਲ ਸਿੰਘ ਪੰਡੋਰੀ)-
-ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਆਫ਼ਰ ਦਿੱਤੇ ਜਾਣ ‘ਤੇ ਟਿੱਪਣੀ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ, ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ। ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ‘ਤੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ “ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਚੰਨੀ ਕਦੇ ਪਾਰਟੀ ਬਦਲ ਲਵੇ ਤਾਂ ਕੋਈ ਵੀ ਚੰਨੀ ਨੂੰ ਵੋਟ ਨਾ ਪਾਵੇ”। ਦੱਸ ਦੇਈਏ ਕਿ ਬੀਤੇ ਕੱਲ੍ਹ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਚੰਨੀ ਨੂੰ ਭਾਜਪਾ ਜੁਆਇਨ ਕਰਨ ਦਾ ਆਫਰ ਦਿੱਤਾ ਸੀ। ਅੱਜ ਬਰਨਾਲਾ ਵਿਖੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ‘ਤੇ ਪੁੱਜੇ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸ ਵਿੱਚ ਵੱਡੇ ਅਹੁਦਿਆਂ ‘ਤੇ ‘ਅਪਰ ਕਾਸਟ’ ਵਾਲੇ ਆਪਣੇ ਬਿਆਨ ‘ਤੇ ਖੁੱਲ੍ਹ ਕੇ ਟਿੱਪਣੀ ਕਰਦੇ ਹੋਏ ਕਿਹਾ ਕਿ “ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਜਨਰਲ ਸ੍ਰੇਣੀ ਵਾਲੇ ਆਏ ਤੇ ਕਿਹਾ ਕਿ ਸਾਡਾ ਫੋਰਮ ਬਣਨਾ ਚਾਹੀਦਾ, ਮੈਂ ਉਸੇ ਸਮੇਂ ਜਨਰਲ ਸ਼੍ਰੇਣੀ ਕਮਿਸ਼ਨ ਬਣਾਇਆ ਸੀ”। ਚੰਨੀ ਨੇ ਕਿਹਾ ਕਿ ਇਹ ਵਿਰੋਧੀਆਂ ਦੀਆਂ ਉਨਾਂ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਹਨ। ਉਹਨਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ ਤਾਂ ਮੈਂ ਸਾਰੇ ਵਰਗਾਂ ਲਈ ਕੰਮ ਕੀਤਾ, ਬਿਜਲੀ ਬਿੱਲ ਮਾਫ਼ ਕੀਤੇ ਤਾਂ ਸਾਰਿਆਂ ਲਈ ਕੀਤੇ, ਸਕੂਲਾਂ ‘ਚ ਵਰਦੀ ਦੇਣ ਦੀ ਗੱਲ ਆਈ ਤਾਂ ਸਾਰੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ, ਸਕੂਲਾਂ ਵਿੱਚ ਵਜ਼ੀਫਾ ਸਕੀਮ ਸਾਰਿਆਂ ਲਈ ਚਲਾਈ। ਉਹਨਾਂ ਕਿਹਾ ਕਿ ਪੰਜਾਬ ਵੱਖ-ਵੱਖ ਜਾਤੀਆਂ ਤੇ ਧਰਮਾਂ ਦਾ ਗੁਲਦਸਤਾ ਹੈ, ਮੈਂ ਸਾਰਿਆਂ ਨੂੰ ਸਾਥ ਲੈ ਕੇ ਚੱਲਣਾ ਚਾਹੁੰਦਾ ਹਾਂ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਾਰਿਆਂ ਦਾ ਸਤਿਕਾਰ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਬਤੌਰ ਮੁੱਖ ਮੰਤਰੀ ਆਪਣੇ ਤਿੰਨ ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਮਹਿਲ ਕਲਾਂ ਨੂੰ ਸਬ ਡਵੀਜ਼ਨ ਬਣਾਇਆ, ਹੁਣ ਇੱਥੇ ਐਸਡੀਐਮ ਬੈਠਦਾ ਹੈ ਪ੍ਰੰਤੂ ਹੁਣ ਵਾਲੀ ਸਰਕਾਰ ਤੋਂ ਐਨੇ ਸਾਲ ਬੀਤਣ ਦੇ ਬਾਵਜੂਦ ਵੀ ਇੱਥੇ ਦਫ਼ਤਰ ਨਹੀਂ ਬਣਿਆ। ਉਹਨਾਂ ਕਿਹਾ ਕਿ ਮਹਿਲ ਕਲਾਂ ਦੀਆਂ ਪੰਚਾਇਤਾਂ ਨੂੰ 25 ਕਰੋੜ ਰੁਪਏ ਦੇ ਸਿੱਧੇ ਚੈੱਕ ਵਿਕਾਸ ਕਾਰਜਾਂ ਲਈ ਤਿੰਨ ਮਹੀਨਿਆਂ ‘ਚ ਦਿੱਤੇ ਪ੍ਰੰਤੂ ਹੁਣ ਵਾਲਿਆਂ ਨੇ ਇੱਕ ਪੈਸਾ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਕਰੀਬ 25 ਪਿੰਡਾਂ ਨਾਲ ਸਬੰਧਿਤ 70 ਕਿਲੋਮੀਟਰ ਸੜਕਾਂ ਮਹਿਲ ਕਲਾਂ ਹਲਕੇ ‘ਚ ਪੱਕੀਆਂ ਕੀਤੀਆਂ। ਚੰਨੀ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਾਰੇ ਹੀ ਪੈਡਿੰਗ ਕੰਮ ਕੀਤੇ ਜਾਣਗੇ। ਸਾਬਕਾ ਮੁੱਖ ਮੰਤਰੀ ਚੰਨੀ, ਜੋ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਨੂੰ ਸ਼ਰਧਾ ਭੇਂਟ ਕਰਨ ਲਈ ਪਹਿਲੀ ਵਾਰ ਆਏ ਸਨ, ਨੇ ਕਿਹਾ ਕਿ ਉਹਨਾਂ ਨੂੰ ਇਹ ਹੈਰਾਨੀ ਹੋਈ ਕਿ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਠੀਕਰੀਵਾਲਾ ਵਿਖੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਕੋਈ ਸ਼ਾਨਦਾਰ ਯਾਦਗਾਰ ਨਹੀਂ ਬਣਾਈ ਜਾ ਸਕੀ। ਉਹਨਾਂ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਇੱਥੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਇੱਕ ਸ਼ਾਨਦਾਰ ਯਾਦਗਾਰ ਬਣਾਈ ਜਾਵੇਗੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਾਰੀ ਟੀਮ ਹਾਜ਼ਰ ਸੀ।










