ਬਰਨਾਲਾ ,24 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਪੁਲਿਸ ਨੇ ਬਰਨਾਲਾ ਜ਼ਿਲ੍ਹੇ ਵਿੱਚ ਕਿਰਾਏ ‘ਤੇ ਰਹਿਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤੀ ਕਰ ਦਿੱਤੀ ਹੈ। ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸ਼ਹਿਰ ਬਰਨਾਲੇ ਤੋਂ ਇਲਾਵਾ ਬਾਕੀ ਜ਼ਿਲ੍ਹੇ ਵਿੱਚ ਕਿਰਾਏ ‘ਤੇ ਰਹਿਣ ਵਾਲੇ ਲੋਕਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਦੀ ਇਸ ਮੁਹਿੰਮ ਦੀ ਅਗਵਾਈ ਖੁਦ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਕੀਤੀ ਜਿਨਾਂ ਨੇ ਬੀਤੇ ਕੱਲ੍ਹ ਸ਼ਹਿਰ ਦੇ ਪ੍ਰੇਮ ਨਗਰ ਵਿੱਚ ਕਿਰਾਏ ‘ਤੇ ਰਹਿਣ ਵਾਲੇ ਲੋਕਾਂ ਦੇ ਦਸਤਾਵੇਜਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪਹਿਲਾਂ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਕਾਨ ਮਾਲਕਾਂ ਵੱਲੋਂ ਕਿਰਾਏਦਾਰ ਨਾਲ ਲਿਖ਼ਤੀ ਐਗਰੀਮੈਂਟ ਸਮੇਤ ਹੋਰ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਅਤੇ ਕਿਰਾਏਦਾਰਾਂ ਦੀ ਪੁਲਿਸ ਤਸਦੀਕ ਜ਼ਰੂਰੀ ਕਰਵਾਈ ਜਾਵੇ। ਐਸਐਸਪੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੇ ਹੀ ਕਿਰਾਏ ‘ਤੇ ਰਹਿ ਰਹੇ ਹਨ, ਜਿਨਾਂ ਦੇ ਮਾਲਕਾਂ ਨੂੰ ਵੀ ਥਾਣੇ ਬੁਲਾਇਆ ਗਿਆ ਹੈ ਤੇ ਇਸ ਸਬੰਧੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਐਸਐਸਪੀ ਸ੍ਰੀ ਆਲਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਨੂੰ ਆਪਣਾ ਕੋਈ ਮਕਾਨ ਜਾਂ ਹੋਰ ਜਾਇਦਾਦ ਕਿਰਾਏ ‘ਤੇ ਦੇਣ ਸਬੰਧੀ ਉਸਦੇ ਦਸਤਾਵੇਜ਼ਾਂ ਦੀ ਪੂਰੀ ਪੁਲਿਸ ਤਸਦੀਕ ਕਰਵਾਉਣ ਅਤੇ ਕਿਰਾਏ ਸਬੰਧੀ ਪੂਰੀ ਲਿਖਤੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇ। ਉਹਨਾਂ ਲੋਕਾਂ ਨੂੰ ਕਿਹਾ ਕਿ ਜੇਕਰ ਭਵਿੱਖ ‘ਚ ਜ਼ਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਬਿਨਾਂ ਲਿਖਤੀ ਪ੍ਰਕਿਰਿਆ ਪੂਰੀ ਕੀਤੇ ਕਿਸੇ ਨੂੰ ਕਿਰਾਏ ‘ਤੇ ਆਪਣੀ ਕੋਈ ਮਕਾਨ ਜਾਂ ਹੋਰ ਜਾਇਦਾਦ ਦੇਵੇਗਾ ਤਾਂ ਕਿਰਾਏਦਾਰ ਸਮੇਤ ਮਕਾਨ ਮਾਲਕ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਐਸਐਸਪੀ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਵਿਅਕਤੀ ਜਿਹੜੇ ਬਿਨਾਂ ਦਸਤਾਵੇਜਾਂ ਤੋਂ ਹੀ ਪੰਜਾਬ ‘ਚ ਰਹਿ ਰਹੇ ਹਨ ਜਿਨਾਂ ਵਿੱਚੋਂ ਬਹੁਤੇ ਲੋਕ ਅਪਰਾਧਿਕ ਬਿਰਤੀ ਵਾਲੇ ਵੀ ਨਿਕਲੇ ਹਨ।










