ਚੰਡੀਗੜ੍ਹ ,23 ਜਨਵਰੀ, Gee98 news service-
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਦਾ ਨਾਮ ਬਦਲਣ ਤੋਂ ਬਾਅਦ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦਾ ਡੱਟ ਕੇ ਵਿਰੋਧ ਕਰ ਰਹੀ ਹੈ ਅਤੇ ਇਸ ਮੁੱਦੇ ‘ਤੇ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਪ੍ਰੰਤੂ ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ੁਦ ਕੇਂਦਰ ਦੀ ਮਗਨਰੇਗਾ ਦੀ ਥਾਂ ‘ਤੇ ਸ਼ੁਰੂ ਕੀਤੀ ਨਵੀਂ ਸਕੀਮ “ਵਿਕਸਿਤ ਭਾਰਤ ਜੀ ਰਾਮ ਜੀ” ਸਕੀਮ ਦਾ ਪ੍ਰਚਾਰ ਕਰ ਰਹੀ ਹੈ। ਪੰਜਾਬ ‘ਚ ਪੀਆਰਟੀਸੀ ਦੀਆਂ ਬੱਸਾਂ ਦੇ ਮਗਰ ਕੇਂਦਰ ਸਰਕਾਰ ਦੀ ਮਗਨਰੇਗਾ ਖ਼ਤਮ ਕਰਕੇ ਸ਼ੁਰੂ ਕੀਤੀ ਨਵੀਂ ਸਕੀਮ ਦੇ ਪੋਸਟਰ ਆਮ ਹੀ ਲੱਗੇ ਵੇਖੇ ਜਾ ਰਹੇ ਹਨ ਪ੍ਰੰਤੂ ਸਰਕਾਰੀ ਬੱਸਾਂ ਮਗਰ ਲੱਗੇ ਇਹ ਪੋਸਟਰ ਪੰਜਾਬ ਸਰਕਾਰ ਲਈ ਉਸ ਵੇਲੇ ਗਲੇ ਦੀ ਹੱਡੀ ਬਣ ਗਏ ਜਦੋਂ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਪਾਸੇ ਆਪ ਸਰਕਾਰ ਮਗਨਰੇਗਾ ਦੀ ਥਾਂ ‘ਤੇ ਨਵੀਂ ਸਕੀਮ ਦਾ ਵਿਰੋਧ ਕਰ ਰਹੀ ਹੈ ਤੇ ਦੂਜੇ ਪਾਸੇ ਖ਼ੁਦ ਹੀ ਸੂਬੇ ਦੀਆਂ ਸਰਕਾਰੀ ਬੱਸਾਂ ‘ਤੇ ਨਵੀਂ ਸਕੀਮ ਦਾ ਪ੍ਰਚਾਰ ਕਰ ਰਹੀ ਹੈ। ਇਸ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਟਰੋਲਿੰਗ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਕਈ ਹੋਰ ਮਸਲਿਆਂ ਵਾਂਗ ਜ਼ੁਬਾਨੀ ਹੁਕਮ ਜਾਰੀ ਕੀਤੇ ਜਿਸ ਤੋਂ ਬਾਅਦ ਪੀਆਰਟੀਸੀ ਦੇ ਅਧਿਕਾਰੀਆਂ ਨੇ ਹੇਠਲੇ ਪੱਧਰ ‘ਤੇ ਡਿਪੂ ਅਧਿਕਾਰੀਆਂ ਤੱਕ ਪੀਆਰਟੀਸੀ ਬੱਸਾਂ ਦੇ ਮਗਰ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਸਮੇਤ ਨਵੀਂ ਸਕੀਮ ਦਾ ਪ੍ਰਚਾਰ ਕਰ ਰਹੇ ਪੋਸਟਰਾਂ ਸਬੰਧੀ “ਵਾਇਸ ਮੈਸੇਜ” ਭੇਜੇ। ਅਜਿਹਾ ਇੱਕ ਮੈਸੇਜ ਬਠਿੰਡਾ ਡੀਪੂ ਤੋਂ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਉੱਚ ਅਧਿਕਾਰੀਆਂ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਮਗਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਸਮੇਤ “ਵਿਕਸਿਤ ਭਾਰਤ ਜੀ ਰਾਮ ਜੀ” ਸਕੀਮ ਦੇ ਪੋਸਟਰ ਲੱਗੇ ਹੋਏ ਹਨ ਉਹਨਾਂ ਪੋਸਟਰਾਂ ਨੂੰ ਬੱਸਾਂ ਤੋਂ ਤਾਂ ਨਾ ਲਾਹਿਆ ਜਾਵੇ ਪਰੰਤੂ ਇਹ ਬੱਸਾਂ ਕਿਸੇ ਰੂਟ ‘ਤੇ ਵੀ ਨਾ ਚਲਾਈਆਂ ਜਾਣ। ਜਦ ਉੱਚ ਅਧਿਕਾਰੀਆਂ ਦੀ ਵੋਇਸ ਮੈਸੇਜ ਦੀ ਇਹ ਰਿਕਾਰਡਿੰਗ ਵਾਇਰਲ ਹੋਈ ਤਾਂ ਪੱਤਰਕਾਰਾਂ ਨੇ ਬਠਿੰਡਾ ਡਿਪੂ ਵਿੱਚ ਜਾ ਕੇ ਵੇਖਿਆ ਜਿੱਥੇ ਪੀਆਰਟੀਸੀ ਦੀਆਂ ਕਈ ਅਜਿਹੀਆਂ ਬੱਸਾਂ ਖੜੀਆਂ ਸਨ ਜਿੰਨਾਂ ਦੇ ਮਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਸਮੇਤ “ਵਿਕਸਿਤ ਭਾਰਤ ਜੀ ਰਾਮ ਜੀ” ਸਕੀਮ ਦੇ ਪੋਸਟਰ ਲੱਗੇ ਹੋਏ ਸਨ। ਪੱਤਰਕਾਰਾਂ ਨੂੰ ਮੌਕੇ ‘ਤੇ ਇਹ ਜਾਣਕਾਰੀ ਵੀ ਮਿਲੀ ਕਿ ਇਹ ਬੱਸਾਂ ਰੋਜ਼ਾਨਾ ਲੰਮੇ ਰੂਟ ‘ਤੇ ਚੱਲਦੀਆਂ ਹਨ ਪ੍ਰੰਤੂ ਅੱਜ ਇਹਨਾਂ ਨੂੰ ਇਸੇ ਕਰਕੇ ਡਿਪੂ ਵਿੱਚ ਖੜਾ ਰੱਖਿਆ ਗਿਆ ਕਿਉਂਕਿ ਇਹਨਾਂ ਮਗਰ ਕੇਂਦਰ ਸਰਕਾਰ ਦੀ ਨਵੀਂ ਸਕੀਮ ਦੇ ਪੋਸਟਰ ਲੱਗੇ ਹੋਏ ਹਨ। ਪੰਜਾਬ ਸਰਕਾਰ ਲਈ ਇਹ ਕ ਮਸੂਤੇ ਹਾਲਾਤ ਇਸ ਕਰਕੇ ਪੈਦਾ ਹੋਏ ਕਿ ਨਾ ਤਾਂ ਸਰਕਾਰ ਸਰਕਾਰੀ ਬੱਸਾਂ ਮਗਰੋਂ ਕੇਂਦਰ ਸਰਕਾਰ ਦੀ ਮਸ਼ਹੂਰੀ ਵਾਲੇ ਪੋਸਟਰ ਲਾਹ ਸਕਦੀ ਹੈ ਅਤੇ ਨਾ ਹੀ ਇਹਨਾਂ ਬੱਸਾਂ ਨੂੰ ਰੂਟ ‘ਤੇ ਚਲਾ ਕੇ ਮਸ਼ਹੂਰੀ ਕਰ ਸਕਦੀ ਹੈ। ਇਸ ਕਰਕੇ ਪੰਜਾਬ ਸਰਕਾਰ ਲਈ “ਘੁੰਡ ਕੱਢ ਕੇ ਕਲਿੱਪ ਨੰਗਾ ਰੱਖਣ” ਵਾਲੀ ਸਥਿਤੀ ਪੈਦਾ ਹੋਈ ਹੈ ਜਿਸ ਤੋਂ ਬਾਅਦ ਜ਼ੁਬਾਨੀ ਹੁਕਮ ਜਾਰੀ ਕੀਤੇ ਗਏ ਕਿ ਪੀਆਰਟੀਸੀ ਦੀਆਂ ਉਹਨਾਂ ਬੱਸਾਂ ਨੂੰ ਡਿੱਪੂਆਂ ਵਿੱਚ ਹੀ ਖੜਾ ਰੱਖਿਆ ਜਾਵੇ ਜਿੰਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਸਮੇਤ ਕੇਂਦਰ ਸਰਕਾਰ ਦੀ ਨਵੀਂ ਸਕੀਮ ਦੀ ਮਸ਼ਹੂਰੀ ਵਾਲੇ ਬੋਰਡ ਲੱਗੇ ਹੋਏ ਹਨ। ਪੰਜਾਬ ਦੇ ਗਠਨ ਤੋਂ ਲੈ ਕੇ ਪੰਜਾਬ ਵਾਸੀਆਂ ਨੇ ਸ਼ਾਇਦ ਹੀ ਕਦੇ ਅਜਿਹੀ ਰਾਜਨੀਤੀ ਦੇ ਦਰਸ਼ਨ ਕੀਤੇ ਹੋਣਗੇ।
ਫੋਟੋ ਸਰੋਤ- ਲੋਕ ਆਵਾਜ਼ ਟੀਵੀ










