Skip to main content

Gee 98News

27 ਅਗਸਤ ਨੂੰ ਪੰਜਾਬ ਦੇ ਵੱਡੇ ਅਧਿਕਾਰੀਆਂ ਨੂੰ ਨਹੀਂ ਮਿਲੇਗਾ ਚਾਹ ਪਾਣੀ….ਪੜ੍ਹੋ ਖ਼ਬਰ

ਚੰਡੀਗੜ੍ਹ, 25 ਅਗਸਤ , Gee98 news service –

-ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਡੀਏ ਦੀ ਬਕਾਇਆ ਰਕਮ ਨਾ ਦਿੱਤੇ ਜਾਣ ਦੇ ਰੋਸ ਵੱਲੋਂ ਸੰਘਰਸ਼ ਤਿੱਖਾ ਕੀਤਾ ਗਿਆ ਹੈ। ਮੁਲਾਜ਼ਮ ਜਥੇਬੰਦੀਆਂ ਨੇ 27 ਅਗਸਤ ਨੂੰ ਪੰਜਾਬ ਮਹਾਂਬੰਦ ਦਾ ਐਲਾਨ ਕੀਤਾ ਹੋਇਆ ਹੈ। ਮੁਲਾਜ਼ਮਾਂ ਅਨੁਸਾਰ ਇਸ ਦਿਨ ਪੰਜਾਬ ਦੇ ਸਾਰੇ ਅਤੇ ਚੰਡੀਗੜ੍ਹ ਸਿਵਲ ਸਕੱਤਰੇਤ ਦੇ ਸਾਰੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਵੇਗਾ, ਇਥੋਂ ਤੱਕ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਦੇ ਪ੍ਰਾਹੁਣਚਾਰੀ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਹੜਤਾਲ ਦਾ ਸਮਰਥਨ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ 27 ਅਗਸਤ ਨੂੰ ਕਿਸੇ ਵੀ ਅਧਿਕਾਰੀ ਨੂੰ ਚਾਹ, ਪਾਣੀ ਜਾਂ ਖਾਣਾ ਨਹੀਂ ਬਣਾ ਕੇ ਦਿੱਤਾ ਜਾਵੇਗਾ। ਪੰਜਾਬ ਸਿਵਿਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਪੰਜਾਬ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਹੈ ਕਿ 27 ਅਗਸਤ ਨੂੰ ਪੰਜਾਬ ਮਹਾਂਬੰਦ ਦੇ ਮੱਦੇਨਜ਼ਰ ਵਿਭਾਗ ਦੇ ਸਾਰੇ ਮੁਲਾਜ਼ਮ ਦਰੀਆਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ ਇਸ ਲਈ ਕਿਸੇ ਵੀ ਅਧਿਕਾਰੀ ਨੂੰ ਚਾਹ, ਪਾਣੀ, ਸਨੈਕਸ ਜਾਂ ਦੁਪਹਿਰ ਦਾ ਖਾਣਾ ਨਹੀਂ ਬਣਾ ਕੇ ਦਿੱਤਾ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਇੱਕ ਵੱਡੇ ਏਕੇ ਨਾਲ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਪਹਿਲੀਆਂ ਸਰਕਾਰਾਂ ਮੌਕੇ ਵੀ ਮੁਲਾਜ਼ਮ ਜਥੇਬੰਦੀਆਂ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ਕਰਦੀਆਂ ਰਹੀਆਂ ਹਨ ਪਰੰਤੂ ਉਹਨਾਂ ਸੰਘਰਸ਼ਾਂ ਦੇ ਦੌਰਾਨ ਮੁਲਾਜ਼ਮਾਂ ਦੀ ਇੱਕ ਅੱਧੀ ਜਥੇਬੰਦੀ ਸੰਘਰਸ਼ ਤੋਂ ਬਾਹਰ ਰਹਿ ਹੀ ਜਾਂਦੀ ਸੀ ਪਰੰਤੂ ਡੀਏ ਦੇ ਮਾਮਲੇ ‘ਤੇ ਪੰਜਾਬ ਦੀਆਂ ਲੱਗਭੱਗ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸਰਕਾਰ ਦੇ ਖ਼ਿਲਾਫ਼ ਆਪਣੇ ਮੈਦਾਨ ਵਿੱਚ ਆ ਕੇ ਆਰ-ਪਾਰ ਦਾ ਸੰਘਰਸ਼ ਲੜ ਰਹੀਆਂ ਹਨ।

error: Content is protected !!