ਚੰਡੀਗੜ੍ਹ, 25 ਅਗਸਤ, Gee98 news service-
ਪੰਜਾਬੀਆਂ ਦੀ ਸਿਹਤ ਸਬੰਧੀ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS-6) ਦੀ ਰਿਪੋਰਟ ਰੌਂਗਟੇ ਖੜੇ ਕਰਨ ਵਾਲੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ NFHS-6 ਦੀ 23 ਅਗਸਤ ਨੂੰ ਜਾਰੀ ਕੀਤੀ ਰਿਪੋਰਟ ਅਨੁਸਾਰ ਪੰਜਾਬ ‘ਚ 15 ਸਾਲ ਤੋਂ ਉੱਪਰ ਉਮਰ ਦੀਆਂ 44.7% ਮਹਿਲਾਵਾਂ ਮੋਟਾਪਾ ਜਾਂ ਓਵਰਵੇਟ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ, ਪਿਛਲੀ ਰਿਪੋਰਟ ਵਿੱਚ ਇਹ ਅੰਕੜਾ 40.8 ਫੀਸਦੀ ਸੀ ਜਿਸ ਵਿੱਚ ਇਹ ਚਿੰਤਾਜਨਕ ਵਾਧਾ ਹੈ। ਇਸੇ ਤਰ੍ਹਾਂ ਪੰਜਾਬ ‘ਚ 37.5 ਫੀਸਦੀ ਮਰਦ ਓਵਰਵੇਟ ਹਨ ਜਦਕਿ ਪਿਛਲੀ ਰਿਪੋਰਟ ਵਿੱਚ ਮਰਦਾਂ ਦਾ ਇਹ ਅੰਕੜਾ 32.3 ਫੀਸਦੀ ਸੀ। ਇਸ ਰਿਪੋਰਟ ਦੇ ਅਨੁਸਾਰ ਜੇਕਰ ਜ਼ਿਲ੍ਹਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੀਆਂ ਔਰਤਾਂ 50.2 ਫੀਸਦੀ ਅੰਕੜੇ ਨਾਲ ਪੰਜਾਬ ਚੋਂ ਸਭ ਤੋਂ ਵੱਧ ਓਵਰਵੇਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। ਰਿਪੋਰਟ ਵਿੱਚ ਇਹ ਵੀ ਚਿੰਤਾਜਨਕ ਖੁਲਾਸਾ ਹੈ ਕਿ ਪੰਜਾਬ ‘ਚ 15 ਸਾਲ ਦਾ ਉਸ ਤੋਂ ਵੱਧ ਉਮਰ ਦੇ 13.9 ਫੀਸਦੀ ਪੁਰਸ਼ ਕਿਸੇ ਨਾ ਕਿਸੇ ਪ੍ਰਕਾਰ ਦੇ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ‘ਚ ਸਿਰਫ ਪੁਰਸ਼ ਹੀ ਨਹੀਂ ਸਗੋਂ ਪੰਜਾਬ ਦੀਆਂ ਔਰਤਾਂ ਦੀ ਤੰਬਾਕੂ ਦੀ ਵਰਤੋਂ ਕਰਨ ਲੱਗੀਆਂ ਹਨ ਜੇਕਰ ਔਰਤਾਂ ਦੀ ਜ਼ਿਲ੍ਹਾ ਪੱਧਰ ‘ਤੇ ਗੱਲ ਕੀਤੀ ਜਾਵੇ ਤਾਂ ਮੋਗੇ ਜ਼ਿਲ੍ਹੇ ਦੀਆਂ ਔਰਤਾਂ ਪੰਜਾਬ ‘ਚ ਬਾਕੀ ਜ਼ਿਲ੍ਹਿਆਂ ਨਾਲੋਂ ਵੱਧ ਤੰਬਾਕੂ ਦਾ ਸੇਵਨ ਕਰਦੀਆਂ ਹਨ। ਮੋਗਾ ਜ਼ਿਲ੍ਹੇ ਵਿੱਚ ਔਰਤਾਂ ਦੇ ਤੰਬਾਕੂ ਸੇਵਨ ਕਰਨ ਦਾ ਅੰਕੜਾ 1% ਹੈ ਜਦਕਿ ਤੰਬਾਕੂ ਸੇਵਨ ਦੇ ਮਾਮਲੇ ਚ ਪਠਾਨਕੋਟ ਦੇ ਪੁਰਸ਼ 20 ਫੀਸਦੀ ਅੰਕੜੇ ਨਾਲ ਅੱਗੇ ਹਨ।
ਰਿਪੋਰਟ ਅਨੁਸਾਰ ਤੰਬਾਕੂ ਸੇਵਨ ਦੇ ਮਾਮਲੇ ‘ਚ ਬਰਨਾਲਾ ਦੀਆਂ ਔਰਤਾਂ ਤੰਬਾਕੂ ਦਾ ਸੇਵਨ ਨਹੀਂ ਕਰਦੀਆਂ ਭਾਵ ਬਰਨਾਲਾ ‘ਚ ਤੰਬਾਕੂ ਦਾ ਸੇਵਨ ਕਰਨ ਸਬੰਧੀ ਔਰਤਾਂ ਦੀ ਦਰ 0.0 ਫੀਸਦੀ ਹੈ ਜਦਕਿ ਬਰਨਾਲਾ ‘ਚ 10.0 ਫੀਸਦੀ ਮਰਦ ਤੰਬਾਕੂ ਦਾ ਸੇਵਨ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਸਾਰੇ ਜਿਲ੍ਹਿਆਂ ਵਿੱਚ ਤੰਬਾਕੂ ਸੇਵਨ ਕਰਨ ਦੇ ਮਾਮਲੇ ਵਿੱਚ ਇੱਕ ਫੀਸਦੀ ਤੋਂ ਘੱਟ ਔਰਤਾਂ ਤੰਬਾਕੂ ਦਾ ਸੇਵਨ ਕਰਦੀਆਂ ਹਨ। ਰਿਪੋਰਟ ਅਨੁਸਾਰ ਪੰਜਾਬ ‘ਚ ਸ਼ਰਾਬ ਪੀਣ ਵਾਲੇ ਸ਼ਰਾਬੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। NFHS-6 ਦੀ ਰਿਪੋਰਟ ਅਨੁਸਾਰ 15 ਸਾਲ ਜਾਂ ਉਸ ਤੋਂ ਵੱਧ ਉਮਰ ਦੇ 22.9 ਫੀਸਦੀ ਮਰਦ ਸ਼ਰਾਬ ਦਾ ਸੇਵਨ ਕਰਦੇ ਹਨ ਜਦਕਿ NFHS-5 ਦੀ ਰਿਪੋਰਟ ਅਨੁਸਾਰ ਇਹ ਅੰਕੜਾ 22.8 ਫੀਸਦੀ ਸੀ, ਇਸੇ ਤਰ੍ਹਾਂ ਪੰਜਾਬ ‘ਚ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਦੀ ਗਿਣਤੀ 0.3 ਫੀਸਦੀ ਹੈ ਜੋ ਪਿਛਲੀ ਰਿਪੋਰਟ ਵਿੱਚ ਵੀ ਇਨੀ ਹੀ ਸੀ। ਜੇਕਰ ਜ਼ਿਲ੍ਹਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਜ਼ਿਲ੍ਹਾ ਫਰੀਦਕੋਟ ‘ਚ 28.1 ਫੀਸਦੀ ਮਰਦ ਸ਼ਰਾਬ ਦਾ ਸੇਵਨ ਕਰਦੇ ਹਨ ਜੋ ਪੰਜਾਬ ‘ਚ ਸਭ ਤੋਂ ਵੱਧ ਹੈ ਜਦਕਿ ਪਠਾਨਕੋਟ ‘ਚ 26.9 ਫੀਸਦੀ, ਫਤਿਹਗੜ੍ਹ ਸਾਹਿਬ ‘ਚ 26.3 ਫੀਸਦੀ ਕਪੂਰਥਲਾ ਤੇ ਰੂਪਨਗਰ ‘ਚ 25.5 ਫੀਸਦੀ ਅਤੇ ਮਾਨਸਾ ‘ਚ 24.8 ਫੀਸਦੀ ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਰਾਬ ਦਾ ਸੇਵਨ ਕਰਨ ਦੇ ਮਾਮਲੇ ‘ਚ ਰੂਪਨਗਰ ਦੀਆਂ 0.9 ਫੀਸਦੀ ਔਰਤਾਂ ਪੰਜਾਬ ‘ਚ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਹਨ। ਇਸੇ ਤਰ੍ਹਾਂ ਮੁਕਤਸਰ ‘ਚ 0.6 ਫੀਸਦੀ ਅਤੇ ਫਿਰੋਜ਼ਪੁਰ ‘ਚ 0.4 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਰਿਪੋਰਟ ਅਨੁਸਾਰ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਪੰਜਾਬ ਵੱਲੋਂ ਪਵਿੱਤਰ ਸ਼ਹਿਰ ਐਲਾਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ 0.4 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਜੇਕਰ ਔਰਤਾਂ ਦੇ ਸ਼ਰਾਬ ਪੀਣ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਔਰਤਾਂ ਇੱਕ ਫੀਸਦੀ ਤੋਂ ਘੱਟ ਸ਼ਰਾਬ ਪੀਂਦੀਆਂ ਹਨ ਜਦਕਿ ਕਿਸੇ ਵੀ ਜ਼ਿਲ੍ਹੇ ਦੀ ਰਿਪੋਰਟ 0.0 ਫੀਸਦੀ ਨਹੀਂ ਹੈ ਭਾਵ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਔਰਤਾਂ ਘੱਟ ਵੱਧ ਸ਼ਰਾਬ ਪੀਂਦੀਆਂ ਹਨ। ਇਸੇ ਤਰ੍ਹਾਂ ਜੇਕਰ ਬਲੱਡ ਸ਼ੂਗਰ ਦੀ ਗੱਲ ਕਰੀਏ ਤਾਂ ਪੰਜਾਬ ‘ਚ 15 ਸਾਲ ਤੋਂ ਵੱਧ ਉਮਰ ਦੀਆਂ 21.3 ਫੀਸਦੀ ਔਰਤਾਂ ਤੇ 22.3 ਫੀਸਦੀ ਮਰਦ ਅਜਿਹੇ ਹਨ ਜਿਨਾਂ ਦਾ ਬਲੱਡ ਸ਼ੂਗਰ 140 mg/dl ਤੋਂ ਜ਼ਿਆਦਾ ਰਹਿੰਦਾ ਹੈ ਅਤੇ ਉਹ ਰੂਟੀਨ ‘ਚ ਸ਼ੂਗਰ ਦੀ ਦਵਾਈ ਲੈ ਰਹੇ ਹਨ। ਰਿਪੋਰਟ ਦੇ ਅਨੁਸਾਰ ਪੰਜਾਬ ਦੀਆਂ 24.5 ਫੀਸਦੀ ਔਰਤਾਂ ਅਤੇ 26.3 ਫੀਸਦੀ ਮਰਦ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ।
ਰਿਪੋਰਟ ਅਨੁਸਾਰ ਜੇਕਰ ਔਰਤਾਂ ਦੇ ਮਾਮਲਿਆਂ ‘ਚ ਓਵਰਵੇਟ ਜਾਂ ਮੋਟਾਪੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ 35.8 ਫੀਸਦੀ ਤੋਂ ਲੈ ਕੇ 50.2 ਫੀਸਦੀ ਤੱਕ ਔਰਤਾਂ ਮੋਟਾਪਾ ਜਾਂ ਓਵਰਵੇਟ ਦੀ ਸਮੱਸਿਆ ਤੋਂ ਪੀੜ੍ਹਤ ਹਨ ਜੋ ਔਰਤਾਂ ਦੀ ਸਿਹਤ ਦੇ ਮਾਮਲੇ ਵਿੱਚ ਚਿੰਤਾਜਨਕ ਅੰਕੜੇ ਹਨ ਕਿਉਂਕਿ ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਦੱਸ ਦੇਈਏ ਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਇਸ ਸਰਵੇ ਵਿੱਚ ਪੰਜਾਬ ਦੇ 22 ਜ਼ਿਲਿਆਂ ਦੇ 19,616 ਘਰਾਂ ਦਾ ਸਰਵੇ ਕੀਤਾ ਗਿਆ ਸੀ ਜਿਸ ਵਿੱਚ 20135 ਔਰਤਾਂ ਅਤੇ 3160 ਮਰਦਾਂ ਨਾਲ ਸੰਬੰਧਿਤ ਅੰਕੜੇ ਸ਼ਾਮਿਲ ਕੀਤੇ ਗਏ ਹਨ। NFHS-6 ਦੀ ਇਸ ਰਿਪੋਰਟ ਵਿੱਚ ਨਸ਼ੇ ਦੀ ਸ੍ਰੇਣੀ ‘ਚ ਤੰਬਾਕੂ ਅਤੇ ਸ਼ਰਾਬ ਦੇ ਅੰਕੜੇ ਦਿੱਤੇ ਗਏ ਹਨ। ਦੂਜੇ ਪਾਸੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਫਾਸਟ ਫੂਡ ਜਾਂ ਜੰਕ ਫੂਡ ਦੀ ਆਮਦ ਤੋਂ ਬਾਅਦ ਪੰਜਾਬ ‘ਚ 15 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ‘ਚ ਮੋਟਾਪੇ ਦੀ ਬਿਮਾਰੀ ‘ਚ ਵਾਧਾ ਹੋਇਆ ਹੈ। ਭਾਵੇਂ ਕਿ ਪੰਜਾਬ ਦੇ ਲੋਕ ਸਰਵੇਖਣ ਦੀ ਇਸ ਰਿਪੋਰਟ ਨੂੰ ਇੱਕ ਵਾਰ ਪੜ੍ਹ ਕੇ ਛੱਡ ਦੇਣਗੇ ਪਰੰਤੂ ਇਹ ਪੰਜਾਬ ਦੇ ਭਵਿੱਖ ਲਈ ਇੱਕ ਵੱਡੀ ਚਿਤਾਵਨੀ ਹੈ, ਜਿਸ ਵੱਲ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਕੁਝ ਕੁ ਸਾਲਾਂ ‘ਚ ਪੰਜਾਬ ‘ਚ ਅਜਿਹੀਆਂ ਔਰਤਾਂ ਤੇ ਮਰਦਾਂ ਦੀ ਗਿਣਤੀ ‘ਚ ਵਾਧਾ ਹੋਵੇਗਾ ਜਿਨਾਂ ਤੋਂ ਆਪਣੇ ਘਰ ਦੀਆਂ ਪੌੜੀਆਂ ਵੀ ਨਹੀਂ ਚੜੀਆਂ ਜਾਣਗੀਆਂ।