– ਪਾਵਰਕਾਮ ਦੀ ਹੈਲਪਲਾਈਨ ‘ਤੇ ਸ਼ਿਕਾਇਤ ਕਰਨ ਤੋਂ ਬਾਅਦ 15 ਦਿਨਾਂ ‘ਚ ਠੀਕ ਹੋਣਗੇ ਗ਼ਲਤ ਬਣੇ ਬਿੱਲ
ਚੰਡੀਗੜ੍ਹ, 26 ਅਗਸਤ, Gee98 News service-
-ਪੰਜਾਬ ‘ਚ ਪਾਵਰਕਾਮ ਦੇ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਦੌਰਾਨ ਖਪਤਕਾਰਾਂ ਨੂੰ 300 ਯੂਨਿਟ ਦੀ ਮੁਫ਼ਤ ਬਿਜਲੀ ਸਬਸਿਡੀ ਨਾ ਮਿਲਣ ਸਬੰਧੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਕਾਰਨ ਜਿਹੜੇ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ ‘ਤੇ ਵੱਡੀ ਰਕਮ ਦੇ ਬਿੱਲ ਆਏ ਹਨ,ਜਿਸ ਕਰਕੇ ਉਹਨਾਂ ਖਪਤਕਾਰਾਂ ਨੂੰ 300 ਯੂਨਿਟ ਦੀ ਸਬਸਿਡੀ ਦਾ ਫਾਇਦਾ ਨਹੀਂ ਮਿਲਿਆ। ਉਹਨਾਂ ਸਾਰੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਪੁਰਾਣੇ ਭੇਜੇ ਬਿੱਲ ਰੱਦ ਕਰਕੇ ਨਵੇਂ ਬਿੱਲ ਭੇਜੇਗੀ ਜਿਸ ਵਿੱਚ ਇਹਨਾਂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਪਾਵਰਕਾਮ ਨੇ 63,702 ਅਜਿਹੇ ਖਪਤਕਾਰਾਂ ਦੀ ਪਹਿਚਾਣ ਕੀਤੀ ਹੈ ਜਿਨਾਂ ਨੂੰ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਕਾਰਨ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ।
ਬਿਜਲੀ ਮੰਤਰੀ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਦੌਰਾਨ ਇਹਨਾਂ ਖਪਤਕਾਰਾਂ ਨੂੰ ਔਸਤ ਖਪਤ ਦੇ ਅਧਾਰ ‘ਤੇ ਬਿੱਲ ਭੇਜੇ ਗਏ ਸਨ ਜਿਸ ਕਰਕੇ ਇਹਨਾਂ ਖਪਤਕਾਰਾਂ ਨੂੰ ਮਈ ਅਤੇ ਜੂਨ ਦੀ 300 ਯੂਨਿਟ ਦੀ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ, ਹੁਣ ਇਹਨਾਂ ਸਾਰੇ ਖਪਤਕਾਰਾਂ ਦੇ ਨਵੇਂ ਸਿਰੇ ਤੋਂ ਬਿੱਲ ਤਿਆਰ ਕਰਕੇ ਭੇਜੇ ਜਾਣਗੇ। ਬਿਜਲੀ ਮੰਤਰੀ ਨੇ ਕਿਹਾ ਕਿ ਅਗਲੇ ਤਿੰਨ ਵਰਕਿੰਗ ਦਿਨਾਂ ਦੇ ਦੌਰਾਨ ਸਰਕਾਰ ਨਵੇਂ ਬਿੱਲ ਤਿਆਰ ਕਰਕੇ ਭੇਜੇਗੀ ਅਤੇ ਇਹਨਾਂ ਖਪਤਕਾਰਾਂ ਨੂੰ ਮਈ-ਜੂਨ ਦੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਨਾਂ ਖਪਤਕਾਰਾਂ ਨੇ ਪਹਿਲਾਂ ਬਿੱਲ ਜਮ੍ਹਾਂ ਕਰਵਾ ਦਿੱਤੇ ਹਨ ਉਹਨਾਂ ਦੇ ਪੈਸੇ ਦੀ ਐਡਜਸਟਮੈਂਟ ਅਗਲੇ ਬਿਜਲੀ ਦੇ ਬਿੱਲ ਵਿੱਚ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਆਦਾ ਬਿੱਲ ਆਉਣ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਨੇ ਇੱਕ ਵਿਸ਼ੇਸ਼ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਜਿੱਥੇ 20 ਕਰਮਚਾਰੀਆਂ ਦੀ ਟੀਮ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ।
ਪਾਵਰਕਾਮ ਦੇ ਖਪਤਕਾਰਾਂ ਨੂੰ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਕਾਰਨ ਵੱਧ ਆਏ ਬਿੱਲਾਂ ਨੂੰ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ “ਪਿਛਲੇ ਸਾਲ ਦੇ ਔਸਤ ਬਿੱਲ ਕੱਢੇ ਗਏ ਅਤੇ ਇਹਨਾਂ ਦੇ ਆਧਾਰ ‘ਤੇ ਤਿੰਨ ਮਹੀਨਿਆਂ ਦੇ ਬਿੱਲ ਤਿਆਰ ਕੀਤੇ ਗਏ। ਉਦਾਹਰਣ ਦੇ ਤੌਰ ‘ਤੇ ਮਈ ਮਹੀਨੇ ਵਿੱਚ ਜੇਕਰ ਕਿਸੇ ਖਪਤਕਾਰ ਦੀ ਖਪਤ 250 ਯੂਨਿਟ ਹੋਈ ਤਾਂ ਇਹ 300 ਫਰੀ ਮੁਫ਼ਤ ਯੂਨਿਟ ਤੋਂ ਘੱਟ ਸੀ ਇਸ ਲਈ ਇਸ ਖਪਤਕਾਰ ਦਾ ਬਿੱਲ ਜੀਰੋ ਆਉਣਾ ਚਾਹੀਦਾ ਸੀ ਅਤੇ ਇਸ ਨੂੰ ਸਬਸਿਡੀ ਦਾ ਲਾਭ ਮਿਲਣਾ ਚਾਹੀਦਾ ਸੀ। ਇਸੇ ਤਰ੍ਹਾਂ ਜੂਨ ਮਹੀਨੇ ਵਿੱਚ ਜੇਕਰ ਕਿਸੇ ਦੀਆਂ 250 ਯੂਨਿਟ ਖਪਤ ਹੋਈਆਂ ਤਾਂ ਉਸ ਨੂੰ ਵੀ ਸਬਸਿਡੀ ਦਾ ਲਾਭ ਮਿਲਣਾ ਚਾਹੀਦਾ ਸੀ ਪ੍ਰੰਤੂ ਅਜਿਹਾ ਨਹੀਂ ਹੋਇਆ”। ਬਿਜਲੀ ਮੰਤਰੀ ਨੇ ਕਿਹਾ ਕਿ “ਮੰਨ ਲਓ ਜੁਲਾਈ ਮਹੀਨੇ ਵਿੱਚ ਕਿਸੇ ਦੀਆਂ 450 ਯੂਨਿਟਾਂ ਖਪਤ ਹੋਈਆਂ ਕਿਉਂਕਿ ਗਰਮੀ ਦਾ ਸੀਜ਼ਨ ਸੀ, ਇਸ ਤੋਂ ਬਾਅਦ ਹੋਇਆ ਇਹ ਕਿ ਮਈ, ਜੂਨ ਅਤੇ ਜੁਲਾਈ ਦੀਆਂ ਤਿੰਨ ਮਹੀਨੇ ਦੀਆਂ ਇਕੱਠੀਆਂ ਖਪਤ ਹੋਈਆਂ ਯੂਨਿਟਾਂ ਨੂੰ ਮਿਲਾ ਕੇ 950 ਯੂਨਿਟਾਂ ਹੋ ਗਈਆਂ ਜਿਸ ਤੋਂ ਬਾਅਦ ਮਈ ਅਤੇ ਜੂਨ ਸਬਸਿਡੀ ਦੇ ਸਰਕਲ ਤੋਂ ਬਾਹਰ ਨਿਕਲ ਗਏ”। ਬਿਜਲੀ ਮੰਤਰੀ ਨੇ ਕਿਹਾ ਕਿ ‘ਹੋਣਾ ਤਾਂ ਇਹ ਚਾਹੀਦਾ ਸੀ ਕਿ ਮਈ ਅਤੇ ਜੂਨ ਦੀ ਸਬਸਿਡੀ ਮਿਲਣੀ ਚਾਹੀਦੀ ਸੀ ਅਤੇ ਜੂਨ ਵਿੱਚ ਬਿੱਲ ਆਉਣਾ ਚਾਹੀਦਾ ਸੀ ਪ੍ਰੰਤੂ ਮੀਟਰ ਰੀਡਰਾਂ ਦੀ ਹੜ੍ਹਤਾਲ ਦੇ ਕਾਰਨ ਇਹ ਸੰਭਵ ਨਹੀਂ ਹੋਇਆ ਜਿਸ ਤੋਂ ਬਾਅਦ ਤਿੰਨ ਮਹੀਨਿਆਂ ਦੀ ਖਪਤ ਯੂਨਿਟ ਨੂੰ ਇਕੱਠਾ ਕਰਕੇ ਬਿੱਲ ਤਿਆਰ ਕਰਦੇ ਸਮੇਂ ਮਈ, ਜੂਨ, ਜੁਲਾਈ ਦੇ ਤਿੰਨ ਮਹੀਨੇ ਦੀਆਂ ਖਪਤ ਯੂਨਿਟਾਂ ਨੂੰ ਵੰਡ ਲਿਆ ਗਿਆ ਜਿਸ ਦੇ ਆਧਾਰ ‘ਤੇ ਇੱਕ ਮਹੀਨੇ ਦੀ ਖਾਪਤ 366.16 ਯੂਨਿਟ ਆ ਗਈ, ਜੋ 300 ਯੂਨਿਟ ਮੁਫ਼ਤ ਸਬਸਿਡੀ ਤੋਂ ਉੱਪਰ ਨਿਕਲ ਗਈ।
ਬਿਜਲੀ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕੁੱਲ 78 ਲੱਖ ਖਪਤਕਾਰਾਂ ਦਾ ਸਾਰਾ ਡਾਟਾ ਕੱਢਿਆ ਗਿਆ ਜਿਸ ਤੋਂ ਬਾਅਦ ਪ੍ਰਭਾਵਿਤ ਖਪਤਕਾਰਾਂ ਦੀ ਸੰਖਿਆ ਲੱਗਭੱਗ 63000 ਦੇ ਕਰੀਬ ਨਿਕਲੀ ਜਿਨਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ, ਹੁਣ ਇਹਨਾਂ ਸਾਰੇ ਖਪਤਕਾਰਾਂ ਨੂੰ ਆਉਣ ਵਾਲੇ ਦਿਨਾਂ ‘ਚ ਨਵੇਂ ਬਿਜਲੀ ਦੇ ਨਵੇਂ ਬਿੱਲ ਭੇਜੇ ਜਾਣਗੇ ਜਿੰਨਾਂ ‘ਚ ਮਈ ਤੇ ਜੂਨ ਮਹੀਨੇ ਦੀ ਸਬਸਿਡੀ ਦਿੱਤੀ ਜਾਵੇਗੀ ਪ੍ਰੰਤੂ ਜੇਕਰ ਜੁਲਾਈ ਮਹੀਨੇ ‘ਚ ਸਬਸਿਡੀ ਤੋਂ ਵੱਧ ਖਪਤ ਹੋਈ ਹੋਵੇਗੀ ਤਾਂ ਉਹਦਾ ਬਿੱਲ ਖਪਤਕਾਰ ਨੂੰ ਦੇਣਾ ਪਵੇਗਾ ਅਤੇ ਜਿਨਾਂ ਨੇ ਮਈ ਅਤੇ ਜੂਨ ਦਾ ਬਿੱਲ ਭਰ ਦਿੱਤਾ ਉਹ ਜੁਲਾਈ ਦੇ ਬਿੱਲ ਵਿੱਚ ਐਡਜਸਟ ਕਰ ਦਿੱਤਾ ਜਾਵੇਗਾ।
-ਗ਼ਲਤ ਆਏ ਬਿੱਲਾਂ ਨੂੰ ਠੀਕ ਕਰਨ ਲਈ ਹੈਲਪਲਾਈਨ ਸ਼ੁਰੂ
ਬਿਜਲੀ ਮੰਤਰੀ ਨੇ ਦੱਸਿਆ ਕਿ ਪਾਵਰਕਾਮ ਪਹਿਲਾਂ ਪੁਰਾਣੇ ਸਾਫਟਵੇਅਰ ‘ਤੇ ਕੰਮ ਕਰਦਾ ਸੀ ਪ੍ਰੰਤੂ ਹੁਣ ਨਵੇਂ ਸਾਫਟਵੇਅਰ ਦੀ ਵਰਤੋਂ ਹੋਣ ਲੱਗੀ ਹੈ ਜਿਸ ਕਰਕੇ ਪੁਰਾਣੇ ਸਾਫਟਵੇਅਰ ਤੋਂ ਨਵੇਂ ਸਾਫਟਵੇਅਰ ਵਿੱਚ ਡਾਟਾ ਭੇਜਣ ਸਮੇਂ ਵੀ ਕੁਝ ਕਮੀਆਂ ਆਈਆਂ ਸਨ ਜਿਨਾਂ ਨੂੰ ਹੁਣ ਠੀਕ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਜਿਸ ਕੰਪਨੀ ਨੇ ਸਾਫਟਵੇਅਰ ਬਣਾਇਆ ਸੀ ਉਸਨੂੰ ਸ਼ੋ-ਕਾਜ ਨੋਟਿਸ ਵੀ ਭੇਜਿਆ ਗਿਆ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇੱਕ ਹੈਲਪਲਾਈਨ ਸ਼ੁਰੂ ਕਰਨ ਜਾ ਰਹੇ ਹਾਂ ਜਿਸ ‘ਤੇ 20 ਕਰਮਚਾਰੀ ਲਗਾਤਾਰ ਕੰਮ ਕਰਨਗੇ, ਜਿਨਾਂ ਖਪਤਕਾਰਾਂ ਨੂੰ ਲੱਗੇਗਾ ਕਿ ਉਹਨਾਂ ਦਾ ਬਿੱਲ ਗ਼ਲਤ ਆਇਆ ਹੈ ਤਾਂ ਉਸ ਦੀ ਪੜ੍ਹਤਾਲ ਕਰਕੇ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਇਸ ਹੈਲਪਲਾਈਨ ‘ਤੇ ਸ਼ਿਕਾਇਤ ਮਿਲਣ ਤੋਂ ਬਾਅਦ 15 ਦਿਨਾਂ ਵਿੱਚ ਬਿੱਲ ਠੀਕ ਕਰਕੇ ਦੁਬਾਰਾ ਭੇਜਿਆ ਜਾਵੇਗਾ।