Skip to main content

Gee 98News

ਅਹਿਮ ਖ਼ਬਰ…ਕੀ ਖੁੱਲ੍ਹਾ ਰਹੇਗਾ…ਕੀ ਕੁਝ ਬੰਦ ਰਹੇਗਾ…27 ਅਗਸਤ ਦੀ ਮਹਾਂ ਹੜ੍ਹਤਾਲ ਬਾਰੇ ਮੁਲਾਜ਼ਮ ਆਗੂਆਂ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 26 ਅਗਸਤ, Gee98 News service-

-ਪੰਜਾਬ ਦੇ ਲੱਗਭੱਗ ਸਾਰੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੱਲ੍ਹ 27 ਅਗਸਤ ਨੂੰ ਆਪਣੀ ਮਹਾਂਹੜ੍ਹਤਾਲ ਦੇ ਮੱਦੇਨਜ਼ਰ “ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ ਰਹੇਗਾ” ਸਬੰਧੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ‌ ਆਪਣੀ ਇਸ ਮਹਾਂਹੜ੍ਹਤਾਲ ਸਬੰਧੀ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਪੰਜਾਬ ਬੰਦ ਨਹੀਂ ਸਗੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂਹੜ੍ਹਤਾਲ ਹੈ ਜਿਸ ਦੌਰਾਨ ਪੰਜਾਬ ਦੇ ਲੱਗਭੱਗ ਸਾਰੇ ਵਿਭਾਗਾਂ ਦੇ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ ਅਤੇ ਕੋਈ ਕੰਮ ਨਹੀਂ ਕੀਤਾ ਜਾਵੇਗਾ।
-ਮਹਾਂਹੜ੍ਹਤਾਲ ਦੌਰਾਨ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ ?
ਮੁਲਾਜ਼ਮ ਮੰਚ ਦੇ ਆਗੂਆਂ ਨੇ ਦੱਸਿਆ ਕਿ 27 ਅਗਸਤ ਨੂੰ ਮਹਾਂ ਹੜ੍ਹਤਾਲ ਦੌਰਾਨ ਸਰਕਾਰੀ ਹਸਪਤਾਲ, ਆਯੂਸ਼ਮਾਨ ਕੇਂਦਰ ਅਤੇ ਆਮ ਆਦਮੀ ਕਲੀਨਿਕਾਂ ਦੀਆਂ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।‌ ਇਸ ਤੋਂ ਇਲਾਵਾ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਸਿੱਖਿਆ ਸੰਸਥਾਵਾਂ ਵੀ ਬੰਦ ਰਹਿਣਗੀਆਂ। ਜਥੇਬੰਦੀ ਦਾ ਦਾਅਵਾ ਹੈ ਕਿ ਸਾਰੇ ਅਧਿਆਪਕ ਅਤੇ ਕਲੈਰੀਕਲ ਸਟਾਫ਼ ਇਸ ਮਹਾਂਹੜ੍ਹਤਾਲ ਦਾ ਹਿੱਸਾ ਬਣਨਗੇ। ‌ ਆਗੂਆਂ ਨੇ ਦੱਸਿਆ ਕਿ ਸਿਵਲ ਸਕੱਤਰੇਤ, ਸਾਰੇ ਪੰਜਾਬ ਦੇ ਡੀਸੀ ਦਫ਼ਤਰ,ਐਸਡੀਐਮ ਦਫ਼ਤਰ,ਤਹਿਸੀਲ ਦਫ਼ਤਰ,ਪਟਵਾਰਖਾਨੇ ਪੀਡਬਲਿਊਡੀ ਵਿਭਾਗ, ਨਹਿਰੀ ਵਿਭਾਗ, ਨਗਰ ਨਿਗਮ, ਨਗਰ ਕੌਂਸਲਾਂ, ਸਿਹਤ ਸੇਵਾਵਾਂ, ਵਾਟਰ ਐਂਡ ਸੈਨੀਟੇਸ਼ਨ ਵਿਭਾਗ, ਪੰਜਾਬ ਰੋਡਵੇਜ਼ ਪਨਬੱਸ, ਪੀਆਰਟੀਸੀ ਦੀਆਂ ਬੱਸਾਂ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੇ ਸਾਰੇ ਦਫ਼ਤਰ,ਕੈਸ਼ ਕਾਊਂਟਰ ਅਤੇ ਖਜ਼ਾਨਾ ਦਫ਼ਤਰਾਂ ਦੀਆਂ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰ ਕਾਂਟਰੈਕਟ ਕਰਮਚਾਰੀ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਕਰਮਚਾਰੀ ਵੀ ਇਸ ਹੜ੍ਹਤਾਲ ਦਾ ਹਿੱਸਾ ਬਣਨਗੇ।
-ਮਹਾਂਹੜ੍ਹਤਾਲ ਦੌਰਾਨ ਕਿਹੜੀਆਂ ਸੇਵਾਵਾਂ ਚਾਲੂ ਰਹਿਣਗੀਆਂ ?
ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਨੇ ਦੱਸਿਆ ਕਿ 27 ਅਗਸਤ ਨੂੰ ਮਹਾਂ ਹੜ੍ਹਤਾਲ ਦੌਰਾਨ ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਹਸਪਤਾਲ, ਨਿੱਜੀ ਦਫ਼ਤਰ, ਪ੍ਰਾਈਵੇਟ ਬੱਸ ਸਰਵਿਸ ਤੇ ਟਰਾਂਸਪੋਰਟ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਛੋਟੇ ਵੱਡੇ ਬਾਜ਼ਾਰ, ਦੁਕਾਨਾਂ ਤੇ ਕਾਰੋਬਾਰੀ ਘਰਾਣੇ ਦੀ ਖੁੱਲੇ ਰਹਿਣਗੇ। ਆਗੂਆਂ ਨੇ ਦੱਸਿਆ ਕਿ ਐਮਰਜੈਂਸੀ ਸਿਹਤ ਸੇਵਾਵਾਂ ਅਤੇ ਐਂਬੂਲੈਂਸ ਸੇਵਾਵਾਂ ਵੀ ਚਾਲੂ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਰੂਰੀ ਵਸਤਾਂ, ਦੁੱਧ ਦੀ ਸਪਲਾਈ, ਸਬਜ਼ੀਆਂ ਦੀ ਸਪਲਾਈ, ਰੇਲ ਆਵਾਜਾਈ ‘ਤੇ ਮਹਾਂ ਹੜ੍ਹਤਾਲ ਦਾ ਕੋਈ ਅਸਰ ਨਹੀਂ ਪਵੇਗਾ। ‌
-ਮੁਲਾਜ਼ਮਾਂ ਨੇ ਦੱਸਿਆ ਕਿ ਮਹਾਂਹੜ੍ਹਤਾਲ 27 ਅਗਸਤ ਨੂੰ ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਹੈੱਡਕੁਆਰਟਰਾਂ ‘ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ‌ ਉਹਨਾਂ ਦੱਸਿਆ ਕਿ 27 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਂਝਾ ਮੁਲਾਜ਼ਮ ਫਰੰਟ ਦੀ ਮੀਟਿੰਗ ਵੀ ਹੈ ਜਿਸ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇਕੱਲੀ ਇੱਕ ਮੰਗ ‘ਤੇ ਚਰਚਾ ਨਹੀਂ ਹੋਵੇਗੀ ਸਗੋਂ ਸਾਰੀਆਂ ਮੰਗਾਂ ‘ਤੇ ਚਰਚਾ ਕੀਤੀ ਜਾਵੇਗੀ।

ਫੋਟੋ ਕੈਪਸ਼ਨ- ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਦੀ ਫਾਈਲ ਫੋਟੋ

Gee98 Ads
error: Content is protected !!