ਚੰਡੀਗੜ੍ਹ, 16 ਸਤੰਬਰ, Gee98 News service-
-ਸੰਗਰੂਰ ਜ਼ਿਲ੍ਹੇ ‘ਚ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਲਈ ਵੱਡੀ ਚਿੰਤਾ ਖੜੀ ਕਰ ਗਿਆ ਹੈ ਕਿਉਂਕਿ ਇਸ ਰੋਸ ਪ੍ਰਦਰਸ਼ਨ ਵਿੱਚ ਸਮੁੱਚੀ ਕਾਂਗਰਸ ਪਾਰਟੀ ਇੱਕਜੁੱਟ ਦਿਸੀ ਉਥੇ ਕਾਂਗਰਸ ਦੇ ਵੱਖ-ਵੱਖ ਵਿੰਗਾਂ ਸਮੇਤ ਵਿਦਿਆਰਥੀ ਜਥੇਬੰਦੀ NSUI ਦੇ ਮੈਂਬਰਾਂ ਨੇ ਵੀ ਭਰਵੀਂ ਗਿਣਤੀ ਵਿੱਚ ਇਸ ਰੋਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ NSUI ਵੱਲੋਂ ਪੰਜਾਬ ਦੇ ਸੈਕਟਰੀ ਧਰੁਵ ਮਿੱਤਲ ਗਿੰਨੀ ਟੱਲੇਵਾਲੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਮਹਿਜ਼ ਇੱਕ ਆਮ ਘਟਨਾ ਨਹੀਂ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ‘ਚੋਂ ਨਸ਼ਾ ਖਤਮ ਹੋ ਗਿਆ ਪ੍ਰੰਤੂ ਗੁਲਜ਼ਾਰ ਸਿੰਘ ਦੀ ਮੌਤ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰ ਰਹੀ ਹੈ ਜਿਸ ਨੇ ਪੰਜਾਬ ਦੇ ਵਿੱਤ ਮੰਤਰੀ ਸਾਹਮਣੇ ਨਸ਼ਾ ਤਸਕਰੀ ਦਾ ਸਵਾਲ ਉਠਾਇਆ ਤਾਂ ਉਸ ਨੂੰ ਆਪਣੀ ਜਾਨ ਦੇ ਕੇ ਖਮਿਆਜ਼ਾ ਭੁਗਤਣਾ ਪਿਆ। NSUI ਦੇ ਪੰਜਾਬ ਸਕੱਤਰ ਧਰੁਵ ਮਿੱਤਲ ਨੇ ਕਿਹਾ ਕਿ ਜਦੋਂ ਮੌਤ ਤੋਂ ਪਹਿਲਾਂ ਮਜ਼ਦੂਰ ਗੁਲਜਾਰ ਸਿੰਘ ਨੇ ਆਪਣੀ ਵੀਡੀਓ ‘ਚ ਵਿੱਤ ਮੰਤਰੀ ਚੀਮਾ ਦਾ ਸ਼ਰੇਆਮ ਨਾਮ ਲਿਆ ਤਾਂ ਚੀਮਾ ‘ਤੇ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਾਗੀ ਅਤੇ ਨਲਾਇਕ ਵਿੱਤ ਮੰਤਰੀ ਨੂੰ ਬਚਾਉਣ ਦੀ ਖਾਤਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। NSUI ਦੇ ਪੰਜਾਬ ਸਕੱਤਰ ਮਿੱਤਲ ਗਿੰਨੀ ਟੱਲੇਵਾਲੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਦੀ ਕੋਠੀ ਤੱਕ ਰੋਸ ਪ੍ਰਦਰਸ਼ਨ ਇੱਕ ਸ਼ੁਰੂਆਤ ਹੈ ਜੇਕਰ ਪੰਜਾਬ ਦੇ ਵਿੱਤ ਮੰਤਰੀ ਦਾ ਨਾਮ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਦੇ ਸਬੰਧੀ ਐਫਆਈਆਰ ਵਿੱਚ ਦਰਜ ਨਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ‘ਚ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਵਿਦਿਆਰਥੀ ਵਿੰਗ NSUI ਵੱਡੇ ਪੱਧਰ ‘ਤੇ ਸੰਘਰਸ਼ ਕਰੇਗੀ। ਉਨਾਂ ਦੱਸਿਆ ਕਿ ਬੀਤੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਰੋਸ ਪ੍ਰਦਰਸ਼ਨ ‘ਚ ਵੱਡੀ ਗਿਣਤੀ ਐਨਐਸ ਜੋਆਈ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਧਰੁਵ ਮਿੱਤਲ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਅਤੇ ਨਸ਼ਾ ਮੁਕਤ ਪੰਜਾਬ ਲਈ NSUI ਨਾਲ ਜੁੜ ਕੇ ਪੰਜਾਬ ਅਤੇ ਲੋਕ ਵਿਰੋਧੀ ਸਰਕਾਰ ਨੂੰ ਚਲਦਾ ਕਰਨ ਲਈ ਹੰਭਲਾ ਮਾਰਨ, ਇਸ ਮੌਕੇ NSUU ਦੇ ਹੋਰ ਆਗੂ ਵੀ ਹਾਜ਼ਰ ਸਨ।