Skip to main content

Gee 98News

BJP ਦੀ ਨਸ਼ਾ ਮੁਕਤੀ ਯਾਤਰਾ ਤੋਂ ਪਹਿਲਾਂ ਗਰੇਟ ਖਲੀ ਦਾ ਜ਼ੋਰਦਾਰ ਸਿਆਸੀ ਪੰਚ

ਕਿਹਾ…MP ਅੰਮ੍ਰਿਤਪਾਲ ਸਿੰਘ ਹੀ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਸਕਦਾ ਹੈ

ਚੰਡੀਗੜ੍ਹ ,17 ਸਤੰਬਰ, Gee98 News service-

-WWE ਦੇ ਸਾਬਕਾ ਚੈਂਪੀਅਨ ਅਤੇ ਭਾਜਪਾ ਨੇਤਾ ਦਲੀਪ ਸਿੰਘ ਰਾਣਾ ਉਰਫ “ਦਾ ਗ੍ਰੇਟ ਖਲੀ” ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਸਬੰਧੀ ਇੱਕ ਬਿਆਨ ਦੇ ਕੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਅੱਜ ਕੱਲ੍ਹ ਜਲੰਧਰ ‘ਚ ਰਹਿ ਰਹੇ “ਦਾ ਗਰੇਟ ਖਲੀ” ਨੇ ਪੰਜਾਬ ਦੀ ਰਾਜਨੀਤੀ ‘ਚ ਇੱਕ ਨਵਾਂ “ਪੰਚ” ਮਾਰਦੇ ਇਹ ਬਿਆਨ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਹੀ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਵਾ ਸਕਦੇ ਹਨ। ‌ ਗਰੇਟ ਖਲੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਜੇਲ ਤੋਂ ਬਾਹਰ ਕੱਢਣਾ ਚਾਹੀਦਾ ਹੈ। ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ‘ਤੇ ਟਿੱਪਣੀ ਕਰਦੇ ਹੋਏ ਖਲੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਨਕਾਰਾਤਮਕ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ, ਖਲੀ ਨੇ ਆਪਣੇ ਬਿਆਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਖੁੱਲ ਕੇ ਸਮਰਥਨ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਲਗਾਤਾਰ ਫੈਲ ਰਹੇ ਨਸ਼ੇ ਦੇ ਜਾਲ ਨੂੰ ਤੋੜਨ ਲਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਕੱਢਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਉਹ ਹਮੇਸ਼ਾ ਨਸ਼ੇ ਦੇ ਖ਼ਿਲਾਫ਼ ਆਵਾਜ਼ ਚੁੱਕਦੇ ਰਹੇ ਹਨ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਈ ਹੈ। ਖਲੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਿਆਸੀ ਤਜਰਬੇ ਅਤੇ ਪਿਛੋਕੜ ‘ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੱਚ ਬੋਲਣ ਅਤੇ ਪੰਜਾਬ ਦਾ ਸੁਧਾਰ ਕਰਨ ਲਈ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਜਾਂ ਸਿਆਸੀ ਤਜਰਬੇ ਦੀ ਜ਼ਰੂਰਤ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਇਨਸਾਨ ਦੀ ਨੀਅਤ ਸਾਫ਼ ਹੋਵੇ ਤਾਂ ਉਸਨੂੰ ਪੈਸਾ ਦੇ ਕੇ ਮਸ਼ਹੂਰੀਆਂ ਕਰਨ ਦੀ ਲੋੜ ਨਹੀਂ ਪੈਂਦੀ। ਖਲੀ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਅੰਮ੍ਰਿਤਪਾਲ ਸਿੰਘ ਕੋਲ ਪੰਜਾਬ ਨੂੰ ਸੰਭਾਲਣ ਅਤੇ ਸੁਧਾਰਨ ਦੀ ਪੂਰੀ ਕਾਬਲੀਅਤ ਹੈ ਜੇਕਰ ਉਹ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਪੰਜਾਬ ਦੀ ਸਥਿਤੀ ‘ਚ ਸੁਧਾਰ ਹੋ ਸਕਦਾ ਹੈ।ਇਸ ਤੋਂ ਇਲਾਵਾ ਗਰੇਟ ਖਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ “ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਜ਼ਮੀਨ ਵੇਚ ਕੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਮੁਫ਼ਤ ਦਾ ਮਤਲਬ ਬਣਦਾ ਹੈ, ਇੱਕ ਤੋਂ ਲੈ ਕੇ ਦੂਜੇ ਨੂੰ ਦੇ ਦੇਣਾ ਕੀ ਮੁਕਤ ਹੋਇਆ ? ਦਲੀਪ ਸਿੰਘ ਰਾਣਾ ਉਰਫ ਗ੍ਰੇਟ ਖਾਲੀ ਦੇ ਇਸ ਬਿਆਨ ਨੇ ਪੰਜਾਬ ਦੀ ਰਾਜਨੀਤੀ ‘ਚ ਨਵੀਂ ਚਰਚਾ ਛੇੜ ਦਿੱਤੀ ਹੈ।‌ ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ 18 ਸਤੰਬਰ ਤੋਂ ਆਪਣੀ ਨਸ਼ਾ ਮੁਕਤ ਯਾਤਰਾ ਸਮੁੱਚੇ ਪੰਜਾਬ ‘ਚ ਸ਼ੁਰੂ ਕਰ ਰਹੀ ਹੈ। ਜਿਸ ਵਿੱਚ ਭਾਜਪਾ ਦੇ ਕੇਂਦਰੀ ਆਗੂ ਵੀ ਸ਼ਮੂਲੀਅਤ ਕਰਨਗੇ। ਭਾਜਪਾ ਦੀ ਇਸ ਯਾਤਰਾ ਤੋਂ ਪਹਿਲਾਂ ਭਾਜਪਾ ਆਗੂ ਅਤੇ WWE ਦੇ ਸਾਬਕਾ ਚੈਂਪੀਅਨ ਵੱਲੋਂ ਪੰਜਾਬ ‘ਚ ਨਸ਼ਾ ਮੁਕਤੀ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਦੀ ਕੀਤੀ ਸਿਫ਼ਤ ਤੋਂ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਅੰਦਰਖ਼ਾਤੇ ਕੋਈ ਖਿੱੱਚੜੀ ਪੱਕਦੀ ਹੋ ਸਕਦੀ ਹੈ ?

Gee98 Ads
error: Content is protected !!