Skip to main content

Gee 98News

ਝੋਟਾ ਕਤਲ ਕਾਂਡ….ਅਸ਼ਵਨੀ ਦੋ ਸਾਲਾਂ ਤੋਂ ਬਣਾ ਰਿਹਾ ਸੀ ਝੋਟੇ ਦੇ ਕਤਲ ਦੀ ਯੋਜਨਾ…ਪੁਲਿਸ ਦਾ ਦਾਅਵਾ

– ਅਸ਼ਵਨੀ ਦੀ ਦੁਕਾਨ ਤੋਂ ਨਸ਼ਾ ਖਰੀਦ ਕੇ ਝੋਟੇ ਨੂੰ ਮੈਡੀਕਲ ‘ਤੇ ਲਿਆਉਣ ਵਾਲਾ ਵਿਅਕਤੀ ਦੀ ਕੀ ਹੈ ਭੂਮਿਕਾ ?

– ਝੋਟੇ ਦੇ ਕਤਲ ਸਬੰਧੀ ਅਸ਼ਵਨੀ ਦੀ ਯੋਜਨਾ ਬਾਰੇ ਪਤਨੀ ਨੂੰ ਪਹਿਲਾਂ ਪਤਾ ਸੀ-ਐਸਐਸਪੀ ਮਾਨਸਾ

ਚੰਡੀਗੜ੍ਹ, 17 ਅਕਤੂਬਰ, Gee98 News service

Gee98 Ads

-ਮਾਨਸਾ ਵਿਖੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਸਬੰਧੀ ਮਾਨਸਾ ਦੀ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਪਰਵਿੰਦਰ ਸਿੰਘ ਝੋਟਾ ਦੇ ਕਾਤਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਅਸ਼ਵਨੀ ਕੁਮਾਰ ਕਰੀਬ ਦੋ ਸਾਲਾਂ ਤੋਂ ਝੋਟੇ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਮੰਨਿਆ ਕਿ ਉਹ ਹਰ ਵਕਤ ਪਿਸਤੌਲ ਆਪਣੇ ਨਾਲ ਰੱਖਦਾ ਸੀ, ਇੱਥੋਂ ਤੱਕ ਕਿ ਉਹ ਰਾਤ ਨੂੰ ਸੌਣ ਸਮੇਂ ਵੀ ਆਪਣੇ ਸਿਰਹਾਣੇ ਪਿਸਤੌਲ ਰੱਖ ਕੇ ਸੌਂਦਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਨੂੰ ਗੋਲੀ ਮਾਰਨ ਤੋਂ ਪਹਿਲਾਂ ਅਸ਼ਵਨੀ ਨੇ ਫੋਨ ‘ਤੇ ਆਪਣੀ ਪਤਨੀ ਨਾਲ ਗੱਲ ਕਰਕੇ ਕਿਹਾ ਸੀ ਕਿ “ਇਸਨੇ ਮੈਨੂੰ ਬਹੁਤ ਤੰਗ ਕਰ ਰੱਖਿਆ ਹੈ, ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਅੱਜ ਮੈਂ ਇਸ ਨੂੰ ਮਾਰ ਦੇਵਾਂਗਾ” ਅਤੇ ਇਸ ਤੋਂ ਬਾਅਦ ਅਸ਼ਵਨੀ ਕੁਮਾਰ ਨੇ ਝੋਟੇ ਨੂੰ ਗੋਲੀ ਮਾਰ ਦਿੱਤੀ। ‌ ਅਸ਼ਵਨੀ ਕੁਮਾਰ ਦੇ ਇਸ ਬਿਆਨ ਤੋਂ ਬਾਅਦ ਹੀ ਪੁਲਿਸ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੀਲਮਾ ਰਾਣੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੀਲਮ ਰਾਣੀ ਨੂੰ ਅਸ਼ਵਨੀ ਕੁਮਾਰ ਦੀ ਯੋਜਨਾ ਸਬੰਧੀ ਪਹਿਲਾਂ ਹੀ ਜਾਣਕਾਰੀ ਸੀ ਜਿਹੜੀ ਕਿ ਉਸਨੇ ਪੁਲਿਸ ਤੋਂ ਲੁਕਾ ਕੇ ਰੱਖੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸ਼ਵਨੀ ਕੁਮਾਰ ਆਪਣੀ ਪਤਨੀ ਕੋਲ ਝੋਟੇ ਤੋਂ ਬਦਲਾ ਲੈਣ ਦਾ ਜ਼ਿਕਰ ਕਰਦਾ ਰਹਿੰਦਾ ਸੀ। ਕਤਲ ਵਾਲੇ ਦਿਨ ਵੀ ਅਸ਼ਵਨੀ ਕੁਮਾਰ ਨੇ ਝੋਟੇ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਨੀਲਮ ਨੂੰ ਫੋਨ ‘ਤੇ ਕਿਹਾ ਕਿ “ਅੱਜ ਉਹ ਝੋਟੇ ਨੂੰ ਮਾਰ ਦੇਵੇਗਾ”, ਤਾਂ ਵੀ ਉਸ ਦੀ ਪਤਨੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਝੋਟੇ ਦੇ ਪੱਟ ਵਿੱਚ ਪਹਿਲੀ ਗੋਲੀ ਲਗਣ ਤੋਂ ਬਾਅਦ ਜਦ ਝੋਟੇ ਦਾ ਕੋਈ ਨੁਕਸਾਨ ਨਾ ਹੋਇਆ ਤਾਂ ਅਸ਼ਵਨੀ ਕੁਮਾਰ ਉਸ ਦੇ ਪਿੱਛੇ ਗਿਆ ਅਤੇ ਝੋਟੇ ਦੇ ਪੇਟ ਵਿੱਚ ਸਿੱਧੀਆਂ ਗੋਲੀਆਂ ਮਾਰੀਆਂ ਜਿਸ ਨਾਲ ਝੋਟੇ ਦੀ ਮੌਤ ਹੋ ਗਈ, ਜਿਸ ਤੋਂ ਇਹ ਇਹ ਸਪੱਸ਼ਟ ਹੋ ਰਿਹਾ ਹੈ ਕਿ ਝੋਟੇ ਦੇ ਕਤਲ ਦੀ ਯੋਜਨਾ ਅਸ਼ਵਨੀ ਕੁਮਾਰ ਪਹਿਲਾਂ ਹੀ ਬਣਾਈ ਬੈਠਾ ਸੀ।
ਝੋਟੇ ਦਾ ਕਤਲ ਕਰਨ ਤੋਂ ਪਹਿਲਾਂ ਅਸ਼ਵਨੀ ਕੁਮਾਰ ਵੱਲੋਂ ਫੋਨ ਕਰਨ ਸਬੰਧੀ ਵੀ ਕਈ ਸਵਾਲ ਉੱਠੇ ਸਨ, ਹੁਣ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਸ਼ਵਨੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੋਲੀ ਮਾਰਨ ਤੋਂ ਪਹਿਲਾਂ ਇੱਕ ਫੋਨ ਆਪਣੇ ਚਾਚੇ ਨੂੰ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨਾਲ ਗੱਲ ਕਰਨ ਲਈ ਆਪਣੇ ਬੇਟੇ ਦੇ ਫੋਨ ‘ਤੇ ਤਿੰਨ ਵਾਰ ਫੋਨ ਕੀਤਾ ਪਰੰਤੂ ਬੇਟਾ ਉਸ ਵਕਤ ਨਹਾ ਰਿਹਾ ਸੀ ਜਿਸ ਤੋਂ ਬਾਅਦ ਚੌਥੀ ਵਾਰ ਉਸ ਦੀ ਪਤਨੀ ਨੀਲਮ ਨੇ ਫੋਨ ਉਠਾ ਲਿਆ ਤਾਂ ਅਸ਼ਵਨੀ ਨੇ ਆਪਣੀ ਪਤਨੀ ਨੂੰ ਕਿਹਾ ਕਿ “ਅੱਜ ਉਹ ਝੋਟੇ ਨੂੰ ਗੋਲੀ ਮਾਰ ਦੇਵੇਗਾ”।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਸ਼ਵਨੀ ਨੇ ਮੰਨਿਆ ਕਿ ਉਹ ਕਤਲ ਕਰਨ ਤੋਂ ਬਾਅਦ ਪਿਸਤੌਲ ਸਮੇਤ ਉਥੋਂ ਨਿਕਲ ਗਿਆ ਅਤੇ ਲਾਡੀ ਨਾਮ ਦੇ ਇੱਕ ਵਿਅਕਤੀ ਨੂੰ ਉਸਨੇ ਬੁਲਾਇਆ ਜਿਸ ਨਾਲ ਬੂਲੇਟ ‘ਤੇ ਬੈਠ ਕੇ ਉਹ ਮਾਨਸਾ ਸ਼ਹਿਰ ਤੋਂ ਬਾਹਰ ਚਲਿਆ ਗਿਆ ਅਤੇ ਅੱਗੇ ਉਹ ਕਿਸੇ ਹੋਰ ਸਾਧਨ ਰਾਹੀਂ ਹਰਿਆਣਾ ਦੇ ਰਤੀਆ ਵਿਖੇ ਆਪਣੇ ਸਹੁਰੇ ਘਰ ਗਿਆ ਜਿੱਥੇ ਉਹ ਰਾਤ ਭਰ ਰੁਕਿਆ ਪਰ ਉਸ ਨੇ ਉੱਥੇ ਕਿਸੇ ਨੂੰ ਕੁਝ ਨਹੀਂ ਦੱਸਿਆ। ਦੂਜੇ ਦਿਨ ਸਵੇਰੇ ਉਹ ਜੈਪੁਰ ਲਈ ਨਿਕਲ ਗਿਆ ਜਿੱਥੇ ਉਸਦਾ ਬੇਟਾ ਪੜ੍ਹਾਈ ਕਰ ਰਿਹਾ ਹੈ ਪ੍ਰੰਤੂ ਸਾਲਾਸਰ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਨਸਾ ਲੈ ਕੇ ਆਈ।
ਝੋਟੇ ਦੇ ਕਾਤਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਵੇਂ ਮਾਨਸਾ ਪੁਲਿਸ ਇਸ ਮਾਮਲੇ ਨੂੰ ਟਰੇਸ ਹੋਇਆ ਮੰਨ ਰਹੀ ਹੈ ਪ੍ਰੰਤੂ ਇਸ ਸਮੁੱਚੇ ਘਟਨਾਕ੍ਰਮ ਨਾਲ ਸਬੰਧਿਤ ਵੱਡੇ ਸਵਾਲ ਅਜੇ ਵੀ ਖੜੇ ਹਨ ਜਿਵੇਂ ਕਿ ਅਸ਼ਵਨੀ ਦੀ ਦੁਕਾਨ ਤੋਂ ਨਸ਼ਾ ਖਰੀਦਣ ਤੋਂ ਬਾਅਦ ਝੋਟੇ ਨੂੰ ਦੱਸਣ ਵਾਲਾ ਵਿਅਕਤੀ ਕੌਣ ਸੀ ? ਕੀ ਉਹ ਅਸ਼ਵਨੀ ਦੇ ਕਹਿਣ ‘ਤੇ ਹੀ ਝੋਟੇ ਨੂੰ ਮੈਡੀਕਲ ਸਟੋਰ ‘ਤੇ ਲੈ ਕੇ ਆਇਆ ਸੀ ? ਕੀ ਉਹ ਵਿਅਕਤੀ ਕਤਲ ਦੀ ਯੋਜਨਾ ਵਿੱਚ ਸ਼ਾਮਿਲ ਹੈ ? ਇਸ ਮਾਮਲੇ ਦੇ ਮੁੱਖ ਦੋਸ਼ੀ ਦੀ ਅਤੇ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੇ ਅਸ਼ਵਨੀ ਦੀ ਪਤਨੀ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਤੋਂ ਬਾਅਦ ਐਸਐਸਪੀ ਮਾਨ ਵੈਭਵ ਚੌਧਰੀ ਨੇ ਕਿਹਾ ਕਿ ਸਾਰੇ ਘਟਨਾਕ੍ਰਮ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਝੋਟੇ ਦੇ ਕਤਲ ਤੋਂ ਬਾਅਦ ਇਨਸਾਫ਼ ਲਈ ਬਣੀ ਐਕਸ਼ਨ ਕਮੇਟੀ ਅਤੇ ਆਮ ਲੋਕਾਂ ਨੂੰ ਮਾਨਸਾ ਪੁਲਿਸ ਦੀ ਜਾਂਚ ‘ਤੇ ਭਰੋਸਾ ਨਹੀਂ ਅਤੇ ਲੋਕ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

error: Content is protected !!