Skip to main content

Gee 98News

ATM ‘ਚੋਂ ਪੈਸੇ ਕਢਵਾਉਣ ਦੇ ਨਿਯਮ ਬਦਲੇ…RBI ਨੇ ਜਾਰੀ ਕੀਤਾ ਸਰਕੂਲਰ…ਪੜ੍ਹੋ ਅਹਿਮ ਖ਼ਬਰ

ਚੰਡੀਗੜ੍ਹ, 28 ਨਵੰਬਰ, Gee98 news service-

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਲ 2008 ਤੋਂ 2022 ਦਰਮਿਆਨ ਜਾਰੀ ਕੀਤੇ ਗਏ ਸਾਰੇ ਸਰਕੂਲਰ ਰੱਦ ਕਰਦਿਆਂ ATM ਤੋਂ ਪੈਸੇ ਕਢਵਾਉਣ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ 27 ਨਵੰਬਰ ਨੂੰ ਜਾਰੀ ਕੀਤੇ ਸਰਕੂਲਰ ਵਿੱਚ ਸਪੱਸ਼ਟ ਕਿਹਾ ਹੈ ਕਿ ਬੈਂਕ ਆਪਣੇ ਗਾਹਕਾਂ ਨੂੰ ATM ਤੋਂ ਮੁਫ਼ਤ ਪੈਸੇ ਕਢਵਾਉਣ ਦੀ ਸੀਮਾ ਅਤੇ ਇਸ ਤੋਂ ਬਾਅਦ ਲੱਗਣ ਵਾਲੇ ਚਾਰਜ ਬਾਰੇ ਸਪੱਸ਼ਟ ਜਾਣਕਾਰੀ ਦੇਣ,ਗਵਰਨਰ ਨੇ ਨਵਾਂ ਸਰਕੂਲਰ ਲਾਗੂ ਕਰਨ ਦੇ ਨਾਲ ਹੀ ਪੁਰਾਣੇ 17 ਸਰਕੂਲਰ ਰੱਦ ਕਰ ਦਿੱਤੇ ਹਨ। RBI ਨੇ ਵ੍ਹਾਈਟ ਲੇਬਲ ATM ਚਲਾਉਣ ਵਾਲੀਆਂ ਕੰਪਨੀਆਂ ਨੂੰ ਵੀ ਬੈਂਕਾਂ ਅਤੇ ਰਿਜ਼ਰਵ ਬੈਂਕ ਤੋਂ ਨਕਦੀ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਇਸ ਬਾਰੇ ਸਪੱਸ਼ਟ ਜਾਣਕਾਰੀ ਦੇਣਗੇ ਕਿ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਕਿੰਨੇ ਮੁਫ਼ਤ ਟ੍ਰਾਂਜੈਕਸ਼ਨ ਮਿਲਣਗੇ ਅਤੇ ਇਸ ਤੋਂ ਬਾਅਦ ਹਰ ਵਾਰ ਪੈਸੇ ਕਢਵਾਉਣ ‘ਤੇ ਕਿੰਨੀ ਫੀਸ ਦੇਣੀ ਪਵੇਗੀ। ਬੈਂਕਾਂ ਨੂੰ ਇਹ ਵੀ ਸਪੱਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਕਿਹੜੇ ATM ਮੈਟਰੋ ਸ਼ਹਿਰਾਂ ਵਿੱਚ ਸਥਿਤ ਹਨ ਅਤੇ ਕਿਹੜੇ ਗੈਰ-ਮੈਟਰੋ ਸ਼ਹਿਰਾਂ ਵਿੱਚ ਹਨ। ਇਸ ਨਾਲ ਗਾਹਕਾਂ ਨੂੰ ਇਹ ਪਛਾਣ ਕਰਨ ਵਿੱਚ ਆਸਾਨੀ ਹੋਵੇਗੀ ਕਿ ਕਿਸ ATM ਤੋਂ ਮੁਫ਼ਤ ਪੈਸੇ ਕਢਵਾਉਣ ਦੀ ਕਿੰਨੀ ਸੀਮਾ ਹੈ। RBI ਨੇ ਕਿਹਾ ਹੈ ਕਿ ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ ਇਨ੍ਹਾਂ ਨੂੰ ਸਾਰੇ ਵਪਾਰਕ ਬੈਂਕਾਂ, ਖੇਤਰੀ ਪੇਂਡੂ ਬੈਂਕਾਂ, ਸਹਿਕਾਰੀ ਬੈਂਕਾਂ ਸਮੇਤ ਸਾਰੇ ਅਧਿਕਾਰਤ ਭੁਗਤਾਨ ਪ੍ਰਣਾਲੀਆਂ ‘ਤੇ ਵੀ ਲਾਗੂ ਕੀਤਾ ਜਾਵੇਗਾ। ਇਸ ਲਈ ATM ਦੇ ਬਾਹਰ ਹੀ ਸਟਿੱਕਰ ਜਾਂ ਪੋਸਟਰ ਲਗਾ ਕੇ ਇਹ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਬੈਂਕਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਦੇ ATM ਜਿਸ ਜਗ੍ਹਾ ‘ਤੇ ਸਥਿਤ ਹਨ, ਉਸ ਦੀ ਸਹੀ ਜਾਣਕਾਰੀ ਉਨ੍ਹਾਂ ਦੇ ਡਾਟਾਬੇਸ ਵਿੱਚ ਮੌਜੂਦ ਹੋਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸਥਿਤੀ ਪੈਦਾ ਨਾ ਹੋਵੇ।
ਮੁਫ਼ਤ ਟ੍ਰਾਂਜੈਕਸ਼ਨ ਦੀ ਸੀਮਾ ਵਿੱਚ ਨਹੀਂ ਹੋਇਆ ਕੋਈ ਬਦਲਾਅ…
RBI ਨੇ ਆਪਣੇ ਨਵੇਂ ਸਰਕੂਲਰ ਵਿੱਚ ATM ਤੋਂ ਮੁਫ਼ਤ ਪੈਸੇ ਕਢਵਾਉਣ ਦੀ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਸੇਵਿੰਗ ਅਕਾਊਂਟ ‘ਤੇ ਹਰ ਮਹੀਨੇ ਆਪਣੇ ਹੀ ਬੈਂਕ ਦੇ ATM ਤੋਂ 5 ਮੁਫ਼ਤ ਟ੍ਰਾਂਜੈਕਸ਼ਨ ਮਿਲਦੇ ਹਨ। ਇਸ ਵਿੱਚ ਪੈਸੇ ਕਢਵਾਉਣ ਤੋਂ ਲੈ ਕੇ ਬੈਲੇਂਸ ਚੈੱਕ ਕਰਨ ਜਾਂ ਮਿੰਨੀ ਸਟੇਟਮੈਂਟ ਕਢਵਾਉਣ ਦੀ ਸਹੂਲਤ ਵੀ ਸ਼ਾਮਲ ਹੈ। ਦੂਜੇ ਬੈਂਕਾਂ ਦੇ ATM ਤੋਂ ਵੀ ਮੁਫ਼ਤ ਟ੍ਰਾਂਜੈਕਸ਼ਨ ਕਰਨ ਦੀ ਸੀਮਾ ਮਿਲਦੀ ਹੈ। ਇਹ ਸੀਮਾ ਮੈਟਰੋ ਸ਼ਹਿਰਾਂ ਲਈ 3 ਅਤੇ ਗੈਰ-ਮੈਟਰੋ ਸ਼ਹਿਰਾਂ ਲਈ 5 ਟ੍ਰਾਂਜੈਕਸ਼ਨ ਹੈ। ਹਾਲਾਂਕਿ, ਆਪਣੇ ਬੈਂਕ ਅਤੇ ਦੂਜੇ ਬੈਂਕਾਂ ਦੇ ATM ਨੂੰ ਮਿਲਾ ਕੇ ਕੁੱਲ ਮੁਫ਼ਤ ਟ੍ਰਾਂਜੈਕਸ਼ਨਾਂ ਦੀ ਸੀਮਾ 5 ਹੀ ਹੈ।
RBI ਨੇ ਆਪਣੇ ਸਰਕੂਲਰ ਵਿੱਚ ਸਪੱਸ਼ਟ ਕੀਤਾ ਹੈ ਕਿ ਮੁਫ਼ਤ ਪੈਸੇ ਕਢਵਾਉਣ ਦੀ ਸੀਮਾ ਖ਼ਤਮ ਹੋਣ ਤੋਂ ਬਾਅਦ ਹਰ ਟ੍ਰਾਂਜੈਕਸ਼ਨ ‘ਤੇ 23 ਰੁਪਏ ਫੀਸ ਦੇਣੀ ਪਵੇਗੀ। ਇਸ 23 ਰੁਪਏ ‘ਤੇ ਸਰਵਿਸ ਟੈਕਸ ਯਾਨੀ GST ਵੀ ਅਦਾ ਕਰਨਾ ਹੋਵੇਗਾ। RBI ਨੇ ਕਿਹਾ ਹੈ ਕਿ ਸਾਰੇ ਬੈਂਕ ਆਪਣੇ ਬੋਰਡ ਤੋਂ ਪਾਲਿਸੀ ਨੂੰ ਮਨਜ਼ੂਰੀ ਦਿਵਾਉਣ ਤੋਂ ਬਾਅਦ ਇਸ ਫੀਸ ਨੂੰ ਲਾਗੂ ਕਰਨਗੇ। RBI ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ATM ਰਾਹੀਂ ਕੋਈ ਲੈਣ-ਦੇਣ ਅਸਫਲ ਰਹਿੰਦਾ ਹੈ ਤਾਂ ਉਸ ‘ਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ।

error: Content is protected !!