Skip to main content

Gee 98News

aap ਦੀ ਨਵੀਂ ਚੋਣ ਰਣਨੀਤੀ…ਲੋਕਾਂ ਦੇ ਮਨਾਂ ‘ਚ ਡਰ ਪੈਦਾ ਕਰਕੇ ਮੰਗੇਗੀ ਵੋਟਾਂ

aap ਦੀ ਨਵੀਂ ਚੋਣ ਰਣਨੀਤੀ…ਲੋਕਾਂ ਦੇ ਮਨਾਂ ‘ਚ ਡਰ ਪੈਦਾ ਕਰਕੇ ਮੰਗੇਗੀ ਵੋਟਾਂ
– aap ਨੇ ਨਸ਼ੇ ਅਤੇ ਮਾਈਨਿੰਗ ਦਾ ਮੁੱਦਾ ਛੱਡਿਆ
ਚੰਡੀਗੜ੍ਹ, 27 ਨਵੰਬਰ, Gee98 news service-
ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਮੋਗਾ ਵਿਖੇ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਬਾਕੀ ਸਾਰੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਦੇ ਭਾਸ਼ਣ ਦੀ ਪੜਚੋਲ ਤੋਂ ਬਾਅਦ ਇਹ ਸਪੱਸ਼ਟ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਨਸ਼ਾ ਅਤੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ‘ਆਪ’ ਹੁਣ ਅਗਲੀਆਂ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਨਸ਼ਾ ਤੇ ਮਾਈਨਿੰਗ ਨੂੰ ਮੁੱਦਾ ਨਹੀਂ ਬਣਾਏਗੀ। ਮੋਗਾ ਰੈਲੀ ‘ਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਨੇ ਉਕਤ ਦੋਵੇਂ ਮੁੱਦਿਆਂ ਦਾ ਪਹਿਲ ਦੇ ਅਧਾਰ ‘ਤੇ ਜ਼ਿਕਰ ਨਹੀਂ ਕੀਤਾ। ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤੇ ਨਵੇਂ ਫਾਰਮੂਲੇ ਅਨੁਸਾਰ ਪਾਰਟੀ ਭਗਵੰਤ ਮਾਨ ਨੂੰ ਮੁੱਖ ਚਿਹਰਾ ਬਣਾ ਕੇ ਚੋਣ ਲੜੇਗੀ ਅਤੇ ਪੰਜਾਬ ਦੇ ਲੋਕਾਂ ਦੇ ਮਨਾਂ ‘ਚ ਇਹ ਡਰ ਪੈਦਾ ਕਰੇਗੀ ਕਿ ਜੇਕਰ ਪੰਜਾਬ ‘ਚ ‘ਆਪ’ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮਾਵਾਂ ਧੀਆਂ ਸਤਿਕਾਰ ਯੋਜਨਾ, ਮੁਫ਼ਤ ਇਲਾਜ ਅਤੇ ਮੁਫ਼ਤ ਬਿਜਲੀ, ਮੁਫਤ ਸਫ਼ਰ ਵਰਗੀਆਂ ਸਹੂਲਤਾਂ ਬੰਦ ਹੋ ਜਾਣਗੀਆਂ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਇਸੇ ਗੱਲ ‘ਤੇ ਜ਼ੋਰ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਗਠਬੰਧਨ ਦੀਆਂ ਸਰਕਾਰਾਂ ਉਕਤ ਸਾਰੀਆਂ ਸਹੂਲਤਾਂ ਬੰਦ ਕਰ ਦੇਣਗੀਆਂ, ਇਹ ਆਮ ਆਦਮੀ ਪਾਰਟੀ ਦੀ ਇੱਕ ਨਵੀਂ ਰਣਨੀਤੀ ਹੈ ਜੋ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰੇਗੀ ਕਿ ਜੇਕਰ ਕੋਈ ਹੋਰ ਸਰਕਾਰ ਬਣੇਗੀ ਤਾਂ ਇਹ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ। ‘ਆਪ’ ਦੀ ਨਵੀਂ ਰਣਨੀਤੀ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਗਲੀਆਂ ਚੋਣਾਂ ‘ਚ ਆਪ ਸੂਬੇ ਦੇ ਦੋ ਕਰੋੜ ਤੋਂ ਵਧੇਰੇ ਵੋਟਰਾਂ ‘ਚੋਂ ਲੱਗਭੱਗ 97 ਲੱਖ ਮਹਿਲਾ ਵੋਟਰਾਂ ਨੂੰ ਨਿਸ਼ਾਨੇ ‘ਤੇ ਰੱਖ ਕੇ ਚੋਣ ਲੜੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮਹਿਲਾ ਵੋਟਰਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਘਰ ਦੇ ਪੁਰਸ਼ਾਂ ਨੂੰ ਪ੍ਰੇਰਿਤ ਕਰਨ ਕਿ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਈ ਜਾਵੇ। ‌’ਆਪ’ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਪੰਜਾਬ ਵਾਸੀਆਂ ਦੇ ਮਨਾਂ ‘ਚ ਇਹ ਡਰ ਪੈਦਾ ਵੀ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਖੇਤੀ ਵਿਰੋਧੀ ਕਾਨੂੰਨ ਲਿਆਉਣ ਲਈ ਹੀ ਹੋਇਆ ਹੈ। ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਪੰਜਾਬ ਦੇ ਵੋਟਰਾਂ ਦੇ ਮਨਾਂ ‘ਚ ਡਰ ਪੈਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਇਹ ਨਵੀਂ ਰਣਨੀਤੀ ਪਾਰਟੀ ਨੂੰ ਉਲਟੀ ਵੀ ਪੈ ਸਕਦੀ ਹੈ ਕਿਉਂਕਿ ‘ਪੰਜਾਬ ਦੀ ਸਿਆਸੀ ਫਿਤਰਤ ਬਿਹਾਰ’ ਵਰਗੀ ਨਹੀਂ ਹੈ।

error: Content is protected !!