Skip to main content

Gee 98News

ਕਾਰ ‘ਚ ਹੀ ਗਲ ਘੁੱਟ ਦਿੱਤਾ,ਲਾਸ਼ ਸੁੱਟ ਦਿੱਤੀ ਨਹਿਰ ਕਿਨਾਰੇ…ਭੂਆ ਦਾ ਮੁੰਡਾ ਹੀ ਨਿਕਲਿਆ ਕਾਤਲ

ਬਰਨਾਲਾ ,20 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਪੁਲਿਸ ਨੇ ਪਿੰਡ ਸੇਖਾ ਦੇ ਇੱਕ 25 ਕੁ ਸਾਲ ਦੇ ਨੌਜਵਾਨ ਗੁਰਦੀਪ ਸਿੰਘ ਦੇ ਅਚਾਨਕ ਲਾਪਤਾ ਹੋਣ ਦੀ ਗੁੱਥੀ ਸੁਲਝਾ ਲਈ ਹੈ। ਗੁਰਦੀਪ ਸਿੰਘ 16 ਅਕਤੂਬਰ ਨੂੰ ਬਰਨਾਲਾ ਵਿਖੇ ਆਪਣੇ ਕੰਮ ਵਾਲੇ ਸਥਾਨ ਤੋਂ ਪਿੰਡ ਸੇਖਾ ਆਪਣੇ ਘਰ ਵਾਪਸ ਪਰਤਦੇ ਹੋਏ ਅਚਾਨਕ ਰਸਤੇ ਵਿੱਚ ਹੀ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿਖੇ ਦਰਜ ਕਰਵਾਈ ਸੀ। ਇੱਕ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਲੈਂਦੇ ਹੋਏ ਥਾਣਾ ਸਿਟੀ 2 ਦੀ ਪੁਲਿਸ ਪਾਰਟੀ ਨੇ ਇਸ ਮਾਮਲੇ ਦੀ ਤਕਨੀਕੀ ਅਤੇ ਗੁਪਤ ਸੂਤਰਾਂ ਦੇ ਆਧਾਰ ‘ਤੇ ਪੜ੍ਹਤਾਲ ਕੀਤੀ ਤਾਂ ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਦੱਸਿਆ ਕਿ ਗੁਰਦੀਪ ਸਿੰਘ ਨੂੰ 16 ਅਕਤੂਬਰ ਨੂੰ ਅਗਵਾ ਕਰਨ ਤੋਂ ਬਾਅਦ ਉਸਦੀ ਭੂਆ ਦੇ ਮੁੰਡੇ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ ਜਿਸ ਦੀ ਲਾਸ਼ ਸ਼ਹਿਣਾ ਨਹਿਰ ਦੇ ਕਿਨਾਰੇ ਤੋਂ ਭੂਆ ਦੇ ਮੁੰਡੇ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਗਈ ਹੈ। ਥਾਣਾ ਸਿਟੀ 2 ਦੇ ਮੁੱਖ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਜਗਦੇਵ ਸਿੰਘ ਉਰਫ ਦੇਬੀ ਵਾਸੀ ਪੱਖੋਕੇ ਹੀ ਨਿਕਲਿਆ, ਜੋ ਮ੍ਰਿਤਕ ਗੁਰਦੀਪ ਸਿੰਘ ਦੀ ਭੂਆ ਦਾ ਮੁੰਡਾ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੀਪ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਦੋਸ਼ੀਆਂ ਨੇ 16 ਅਕਤੂਬਰ ਨੂੰ ਇੱਕ ਕਾਰ ਵਿੱਚ ਗੁਰਦੀਪ ਸਿੰਘ ਨੂੰ ਅਗਵਾ ਕੀਤਾ ਤੇ ਕਾਰ ਵਿੱਚ ਹੀ ਉਸ ਦਾ ਗਲ ਘੁੱਟ ਕੇ ਉਸਦੀ ਹਤਿਆ ਕਰ ਦਿੱਤੀ ਅਤੇ ਲਾਸ਼ ਸ਼ਹਿਣਾ ਨਹਿਰ ਦੇ ਕਿਨਾਰੇ ਸੁੱਟ ਦਿੱਤੀ ਸੀ। ਉਹਨਾਂ ਦੱਸਿਆ ਕਿ ਤਕਨੀਕੀ ਪਹਿਲੂਆਂ ਤੇ ਗੁਪਤ ਸੂਤਰਾਂ ਦੇ ਅਧਾਰ ‘ਤੇ ਜਗਦੇਵ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਰੇ ਮਾਮਲੇ ਦੀ ਕਹਾਣੀ ਸੁਲਝ ਗਈ। ਪੁਲਿਸ ਨੇ ਇਸ ਮਾਮਲੇ ‘ਚ ਜਗਦੇਵ ਸਿੰਘ, ਪਰਮਿੰਦਰ ਸਿੰਘ, ਨਿਸ਼ੂ ਅਤੇ ਹੋਰ ਨਾਮਜ਼ਦ ਦੋਸ਼ੀਆਂ ਦੇ ਖ਼ਿਲਾਫ਼ ਹੱਤਿਆ ਅਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
-ਜਗਦੇਵ ਨੂੰ ਨਜਾਇਜ਼ ਸੰਬੰਧਾਂ ਤੋਂ ਰੋਕਦਾ ਸੀ ਗੁਰਦੀਪ
ਇਸ ਮਾਮਲੇ ਦੇ ਪਿਛੋਕੜ ਵਿੱਚ ਜਾਂਦੇ ਹੋਏ ਪਿੰਡ ਦੇ ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਕਤ ਜਗਦੇਵ ਸਿੰਘ ਦੇ ਪਿੰਡ ਵਿੱਚ ਕਿਸੇ ਔਰਤ ਨਾਲ ਨਜਾਇਜ਼ ਸਬੰਧ ਸਨ ਅਤੇ ਗੁਰਦੀਪ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਜਿਸ ਕਾਰਨ ਜਗਦੇਵ ਸਿੰਘ,ਗੁਰਦੀਪ ਸਿੰਘ ਦੇ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਰੰਜਿਸ਼ ਦੇ ਕਾਰਨ ਹੀ ਉਸਨੇ ਗੁਰਦੀਪ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਐਸਐਚਓ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫੋਟੋ ਕੈਪਸ਼ਨ-ਮ੍ਰਿਤਕ ਦੀ ਪੁਰਾਣੀ ਤਸਵੀਰ

error: Content is protected !!