ਚੰਡੀਗੜ੍ਹ, 21 ਅਕਤੂਬਰ, Gee98 News service
ਚੰਡੀਗੜ੍ਹ ਦੇ ਸੈਕਟਰ 17 ‘ਚ ਸਥਿਤ ਤਾਜ ਹੋਟਲ ਦੇ ਇੱਕ ਕਮਰੇ ‘ਚ ਬੁੱਧਵਾਰ ਸਵੇਰੇ ਭੇਦਭਰੇ ਹਾਲਾਤਾਂ ‘ਚ ਇੱਕ ਕਾਰੋਬਾਰੀ ਦੀ ਲਾਸ਼ ਮਿਲੀ ਹੈ, ਸੂਚਨਾ ਮਿਲਣ ਤੋਂ ਤੁਰੰਤ ਬਾਅਦ ਸੈਕਟਰ 17 ਦੇ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਇਹ ਕਾਰੋਬਾਰੀ ਦੋ ਦਿਨ ਪਹਿਲਾਂ ਹੋਟਲ ‘ਚ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਇੱਕ ਵੇਟਰ ਕਾਰੋਬਾਰੀ ਦੇ ਰੂਮ ‘ਚ ਪੁੱਜਿਆ ਤਾਂ ਉਸ ਨੇ ਵੇਖਿਆ ਕਿ ਕਮਰੇ ਦਾ ਗੇਟ ਖੁੱਲ੍ਹਾ ਸੀ ਅਤੇ ਕਾਰੋਬਾਰ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ‘ਤੇ ਲੇਟਿਆ ਹੋਇਆ ਸੀ। ਜਦੋਂ ਵੇਟਰ ਨੇ ਉਸਨੂੰ ਹਿਲਾ ਕੇ ਦੇਖਿਆ ਤਾਂ ਉਹ ਹੋਸ਼ ਵਿੱਚ ਨਹੀਂ ਸੀ ਇਸ ਤੋਂ ਬਾਅਦ ਵੇਟਰ ਨੇ ਹੋਟਲ ਦੇ ਮੈਨੇਜਰ ਨੂੰ ਬੁਲਾਇਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹੋਟਲ ਦੇ ਮੈਨੇਜਰ ਦੀ ਸੂਚਨਾ ‘ਤੇ ਪੁਲਿਸ ਪਾਰਟੀ ਨੇ ਕਾਰੋਬਾਰੀ ਦੀ ਲਾਸ਼ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।
-ਪੰਜਾਬ ਸਰਕਾਰ ਦੀ ਰਾਸ਼ਨ ਕਿੱਟ ਯੋਜਨਾ ਦਾ ਠੇਕੇਦਾਰ ਹੈ ਕਾਰੋਬਾਰੀ ਦੀਪਕ ਮਿੱਤਲ
ਚੰਡੀਗੜ੍ਹ ਦੇ ਤਾਜ ਹੋਟਲ ਦੇ ਕਮਰੇ ‘ਚ ਭੇਦਭਰੇ ਹਾਲਾਤਾਂ ‘ਚ ਮ੍ਰਿਤਕ ਮਿਲੇ ਕਾਰੋਬਾਰੀ ਦੀ ਪਹਿਚਾਣ ਦੀਪਕ ਮਿੱਤਲ (56) ਦੇ ਰੂਪ ‘ਚ ਹੋਈ ਹੈ ਜੋ ਛੱਤੀਸ਼ਗੜ੍ਹ ਦੇ ਰਾਏਪੁਰ ਦਾ ਰਹਿਣ ਵਾਲਾ ਸੀ। ਉਹ ਦੋ ਦਿਨ ਪਹਿਲਾਂ ਸੈਕਟਰ 17 ਦੇ ਤਾਜ ਹੋਟਲ ਵਿੱਚ ਆ ਕੇ ਠਹਿਰਿਆ ਸੀ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਦੇ ਨਾਲ ਇੱਕ ਲੜਕੀ ਵੀ ਰਾਤ ਸਮੇਂ ਹੋਟਲ ਵਿੱਚ ਆਈ ਸੀ ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਮਿੱਤਲ ਪੰਜਾਬ ਸਰਕਾਰ ਦੀ ਰਾਸ਼ਨ ਕਿੱਟ ਯੋਜਨਾ ਦਾ ਇੱਕ ਵੱਡਾ ਠੇਕੇਦਾਰ ਦੱਸਿਆ ਜਾ ਰਿਹਾ ਹੈ, ਜਿਸਦੀਆਂ ਆਪਣੀਆਂ ਰਾਈਸ ਮਿੱਲਾਂ ਹਨ ਅਤੇ ਉਹ ਚੰਡੀਗੜ੍ਹ ‘ਚ ਮਾਰਕਫੈੱਡ ਦੀ ਇੱਕ ਵੱਡੀ ਮੀਟਿੰਗ ਵਿੱਚ ਸ਼ਾਮਿਲ ਹੋਣ ਆਇਆ ਸੀ। ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਹੋਟਲ ਦੇ ਕਮਰੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਕੁਝ ਦਵਾਈਆਂ ਵੀ ਮਿਲੀਆਂ ਹਨ। ਮੁੱਢਲੀ ਜਾਂਚ ਦੌਰਾਨ ਕਾਰੋਬਾਰੀ ਦੀਪਕ ਮਿੱਤਲ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਅਤੇ ਨਸ਼ੇ ਦੀ ਓਵਰਡੋਜ ਨਾਲ ਹੋਈ ਮੰਨੀ ਜਾ ਰਹੀ ਹੈ ਜਦਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਸਾਹਮਣੇ ਆਵੇਗਾ।