Skip to main content

Gee 98News

ਏਅਰਪੋਰਟ ‘ਤੇ ਜੁਰਮਾਨਾ ਮੁੱਖ ਮੰਤਰੀ ਨੂੰ ਨਹੀਂ ਸਗੋਂ ਭਗਵੰਤ ਮਾਨ ਨੂੰ ਹੋਇਆ ਹੈ…ਪੜ੍ਹੋ ਪੂਰੀ ਰਿਪੋਰਟ

ਚੰਡੀਗੜ੍ਹ, 23 ਅਕਤੂਬਰ, Gee98 News service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜਿਆ ਇੱਕ ਮਾਮਲਾ ਅੱਜ ਕੱਲ੍ਹ ਚਰਚਾ ਵਿੱਚ ਹੈ। ਭਗਵੰਤ ਮਾਨ ਨੂੰ ਪੈਰਿਸ ਦੌਰੇ ਤੋਂ ਵਾਪਸ ਆਉਂਦੇ ਹੋਏ ਦਿੱਲੀ ਦੇ ਏਅਰਪੋਰਟ ‘ਤੇ ਰੋਕਿਆ ਗਿਆ ਅਤੇ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਗਿਆ। ਇਸ ਮਾਮਲੇ ਸਬੰਧੀ ਸ਼ੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀ ਰਾਏ ਸਾਹਮਣੇ ਆ ਰਹੀ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਨਾਲ ਜੁੜੇ ਇਸ ਮੁੱਦੇ ਨੂੰ ਖ਼ੂਬ ਉਛਾਲਿਆ ਹੈ। ਸੋਸ਼ਲ ਮੀਡੀਆ ‘ਤੇ ਉਤਸੁਕਤਾ ਭਰਪੂਰ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਆਖਰ ਭਗਵੰਤ ਮਾਨ ਨੂੰ ਜੁਰਮਾਨਾ ਕਿਉਂ ਕੀਤਾ ਗਿਆ। ‌ ਦਰਅਸਲ ਜੇਕਰ ਤੁਸੀਂ ਭਾਰਤ ਤੋਂ ਵਿਦੇਸ਼ ਯਾਤਰਾ ‘ਤੇ ਜਾਂਦੇ ਹੋ ਅਤੇ ਫਿਰ ਵਾਪਸ ਆਉਂਦੇ ਸਮੇਂ ਕੁਝ ਸਮਾਨ ਲੈ ਕੇ ਆਉਂਦੇ ਹੋ ਤਾਂ ਇਹ ਸਮਾਨ ਲਿਆਉਣ ਸਬੰਧੀ ਕੁਝ ਨਿਯਮ ਬਣੇ ਹੋਏ ਹਨ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਸਟਮ ਵਿਭਾਗ ਵੱਲੋਂ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇਹੋ ਵਾਪਰਿਆ ਹੈ। ‌
ਵਿਦੇਸ਼ ਤੋਂ ਪਰਤਣ ਵਾਲੇ ਯਾਤਰੀ ਨੂੰ ਏਅਰਪੋਰਟ ‘ਤੇ ਕਦੋਂ ਲੱਗਦਾ ਹੈ ਜੁਰਮਾਨਾ ?
ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਕੁਝ ਸ਼ਰਤਾਂ ਤਹਿਤ ਸਮਾਨ ‘ਤੇ ਡਿਊਟੀ ਫਰੀ ਛੋਟ ਮਿਲਦੀ ਹੈ। ਜੇਕਰ ਤੁਸੀਂ ਵਿਦੇਸ਼ ਤੋਂ ਮਹਿੰਗੇ ਕੱਪੜੇ, ਘੜੀਆਂ ਜਾਂ ਹੋਰ ਕੀਮਤੀ ਚੀਜ਼ਾਂ ਖਰੀਦ ਕੇ ਲਿਆ ਰਹੇ ਹੋ ਤਾਂ ਉਹਨਾਂ ਦੀ ਕੀਮਤ ਅਤੇ ਮਿਲਣ ਵਾਲੀ ਛੋਟ ਦੀ ਮਾਤਰਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਹਾਡਾ ਸਮਾਨ ਤਹਿ ਛੋਟ ਦੀ ਹੱਦ ਤੋਂ ਵੱਧ ਹੈ ਤਾਂ ਨਿਯਮਾਂ ਅਨੁਸਾਰ ਕਸਟਮ ਡਿਊਟੀ ਦੇਣੀ ਪੈ ਸਕਦੀ ਹੈ।
   -ਯਾਤਰੀ ਕਦੋਂ ਆਉਂਦਾ ਹੈ ਕਾਰਵਾਈ ਦੇ ਘੇਰੇ ਵਿੱਚ ?
ਜੇਕਰ ਵਿਦੇਸ਼ ਤੋਂ ਪਰਤਦੇ ਹੋਏ ਕਿਸੇ ਯਾਤਰੀ ਵੱਲੋਂ ਲਿਆਂਦੇ ਕਿਸੇ ਸਮਾਨ ‘ਤੇ ਕਸਟਮ ਡਿਊਟੀ ਬਣਦੀ ਹੈ ਪ੍ਰੰਤੂ ਯਾਤਰੀ ਉਸਦੀ ਜਾਣਕਾਰੀ ਦਿੱਤੇ ਬਿਨਾਂ ਗਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਸਟਮ ਵਿਭਾਗ ਕਾਰਵਾਈ ਕਰ ਸਕਦਾ ਹੈ। ਅਜਿਹੇ ਮਾਮਲਿਆਂ ‘ਚ ਨਿਯਮ ਐਨੇ ਸਖ਼ਤ ਬਣੇ ਹੋਏ ਹਨ ਕਿ ਜੁਰਮਾਨਾ ਲੱਗਣ ਦੇ ਨਾਲ ਨਾਲ ਸਮਾਨ ਜ਼ਬਤ ਵੀ ਕੀਤਾ ਜਾ ਸਕਦਾ ਹੈ। ‌ ਇਸ ਲਈ ਵਿਦੇਸ਼ ਤੋਂ ਸਮਾਨ ਲਿਆਉਂਦੇ ਸਮੇਂ ਕਸਟਮ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ‌ ਵਿਦੇਸ਼ ਤੋਂ ਭਾਰਤ ਪਰਤਦੇ ਸਮੇਂ ਯਾਤਰੀਆਂ ਲਈ ਸਮਾਨ ਲਿਆਉਣ ਸਬੰਧੀ ਵੱਖ-ਵੱਖ ਨਿਯਮ ਬਣੇ ਹੋਏ ਹਨ ਜਿਵੇਂ ਕਿ ਵਿਦੇਸ਼ ਤੋਂ ਸ਼ਰਾਬ, ਸੋਨਾ ਜਾਂ ਵਿਦੇਸ਼ੀ ਕਰੰਸੀ ਲਿਆਉਣ ਲਈ ਵੱਖ-ਵੱਖ ਨਿਯਮ ਲਾਗੂ ਹਨ। ਕੁਝ ਅਜਿਹੀਆਂ ਕੀਮਤੀ ਚੀਜ਼ਾਂ ਹਨ ਜਿਨਾਂ ਲਈ ਵੱਖੋ ਵੱਖਰੇ ਨਿਯਮ ਹਨ ਜਿਵੇਂ ਸੋਨੇ ਦੇ ਬਿਸਕੁਟਾਂ ਅਤੇ ਸੋਨੇ ਦੇ ਗਹਿਣਿਆਂ ਲਈ ਵੱਖਰੇ ਵੱਖਰੇ ਨਿਯਮ ਹਨ। ਇਸੇ ਤਰ੍ਹਾਂ ਵਿਦੇਸ਼ੀ ਕਰੰਸੀ ਅਤੇ ਵਿਦੇਸ਼ੀ ਸ਼ਰਾਬ ਲਿਆਉਣ ਲਈ ਵੀ ਨਿਰਧਾਰਿਤ ਸ਼ਰਤਾਂ ਹਨ। ਕੁਝ ਯਾਤਰੀਆਂ ਨੂੰ ਤਹਿ ਸ਼ਰਤਾਂ ਅਨੁਸਾਰ ਛੋਟ ਮਿਲਦੀ ਹੈ ਪ੍ਰੰਤੂ ਨਿਰਧਾਰਤ ਹੱਦ ਤੋਂ ਵੱਧ ਸਮਾਨ ਲਿਆਉਣ ਦੀ ਕਸਟਮ ਡਿਊਟੀ ਦੇਣੀ ਪੈ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ ਤੋਂ ਪਰਤਦੇ ਸਮੇਂ ਆਪਣੇ ਨਾਲ ਲਿਆਂਦੇ ਸਮਾਨ ਦੀ ਸੂਚੀ ਨੂੰ ਆਪਣੇ ਯਾਤਰਾ ਦਸਤਾਵੇਜਾਂ ਵਿੱਚ ਸ਼ਾਮਿਲ ਨਹੀਂ ਕੀਤਾ, ਚੈਕਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਲਿਆਂਦਾ ਸਮਾਨ ਯਾਤਰਾ ਨਿਯਮਾਂ ਦੀ ਉਲੰਘਣਾ ਸੀ, ਇਸ ਲਈ ਮੁੱਖ ਮੰਤਰੀ ਏਅਰਪੋਰਟ ਤੋਂ ਗਰੀਨ ਚੈਨਲ ਰਾਹੀਂ ਬਾਹਰ ਨਹੀਂ ਜਾ ਸਕਦੇ ਸਨ ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ ‘ਤੇ ਕੁਝ ਘੰਟੇ ਰੁਕਣਾ ਪਿਆ ਤੇ ਨਿਯਮਾਂ ਅਨੁਸਾਰ ਬਣਦੀ ਕਸਟਮ ਡਿਊਟੀ ਦੇਣੀ ਪਈ। ਇੱਥੇ ਇਹ ਧਿਆਨ ਰਹੇ ਕਿ ਭਗਵੰਤ ਮਾਨ ਨੂੰ ਹੋਇਆ ਇਹ ਜੁਰਮਾਨਾ ਇਸ ਕਰਕੇ ਨਹੀਂ ਹੋਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਸਗੋਂ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਇਹ ਕਿਸੇ ਵੀ ਆਮ ਨਾਗਰਿਕ ‘ਤੇ ਹੋਈ ਕਾਰਵਾਈ ਵਾਂਗ ਹੀ ਹੈ। ਭਗਵੰਤ ਮਾਨ ਨਾਲ ਏਅਰਪੋਰਟ ‘ਤੇ ਵਾਪਰੀ ਇਹ ਘਟਨਾ ਜ਼ਿਆਦਾ ਚਰਚਾ ਵਿੱਚ ਇਸ ਕਰਕੇ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਹਨਾਂ ਨੂੰ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਉੱਚ ਅਧਿਕਾਰੀਆਂ ਦਾ ਇੱਕ ਵਫਦ ਵੀ ਸੀ, ਜਿਨਾਂ ‘ਤੇ ਨਿਯਮਾਂ ਦਾ ਧਿਆਨ ਰੱਖਣ ਤੇ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਹੈ। ‌ ਇਹ ਚਰਚਾ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਕਿ ਪੰਜਾਬ ਦੇ “ਮੁੱਖ ਮੰਤਰੀ” ਨੂੰ ਏਅਰਪੋਰਟ ‘ਤੇ ਰੋਕਿਆ ਗਿਆ ਤੇ ਜੁਰਮਾਨਾ ਕੀਤਾ ਗਿਆ ਕਿਉਂਕਿ ਇਹ ਜੁਰਮਾਨਾ ਵਿਦੇਸ਼ ਯਾਤਰਾ ਦੇ ਨਿਯਮਾਂ ਤਹਿਤ ਭਗਵੰਤ ਮਾਨ ਨੂੰ ਇੱਕ ਆਮ ਨਾਗਰਿਕ ਦੇ ਤੌਰ ‘ਤੇ ਹੀ ਕੀਤਾ ਗਿਆ ਹੈ।
ਫੋਟੋ ਕੈਪਸ਼ਨ- ਏਅਰਪੋਰਟ ਦਾ ਦ੍ਰਿਸ਼

error: Content is protected !!