ਚੰਡੀਗੜ੍ਹ,24 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-
-ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦੀ ਉਮਰ 1 ਜਨਵਰੀ 2027 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਤੱਕ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਆਪਣੀ ਵੋਟ ਬਣਾਉਣ ਦਾ ਅੰਤਿਮ ਮੌਕਾ ਦਿੱਤਾ ਗਿਆ ਹੈ। 1 ਜਨਵਰੀ 2027 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਾ ਸਕਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਦੀ ਸਹੂਲਤ ਲਈ ਪੰਜਾਬ ਰਾਜ ਦੇ ਸਾਰੇ ਪੋਲਿੰਗ ਬੂਥਾਂ ‘ਤੇ 24 ਅਕਤੂਬਰ, 2026 ਨੂੰ ਦੁਪਹਿਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹ ਕੈਂਪ ਵੋਟਰਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਹਨ ਤਾਂ ਜੋ ਉਹ ‘ਵਿਸ਼ੇਸ਼ ਗਹਿਰੀ ਸੁਧਾਈ’ SIR 2026 ਤਹਿਤ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਜਾਂਚ ਕਰਨ ਦੇ ਨਾਲ-ਨਾਲ ਨਵੀਂ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਦੇ ਸਕਣ ਅਤੇ ਵੋਟਰ ਵੇਰਵਿਆਂ ਵਿੱਚ ਸੋਧ ਕਰਵਾ ਸਕਣ। ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਆਗਾਮੀ ‘ਵਿਸ਼ੇਸ਼ ਸੰਖੇਪ ਸੁਧਾਈ’ (SIR) ਤਹਿਤ ਨਵੀਂ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 1.1.2027 ਹੋਵੇਗੀ, ਕੋਈ ਵੀ ਨਾਗਰਿਕ ਜੋ ਇਸ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਉਮਰ ਪੂਰੀ ਕਰ ਰਿਹਾ ਹੈ, ਉਹ ‘ਫਾਰਮ ਨੰਬਰ 6’ ਭਰ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ। ਆਗਾਮੀ ਐਸ.ਐਸ.ਆਰ. (ਵਿਸ਼ੇਸ਼ ਸੰਖੇਪ ਸੁਧਾਈ) ਦੇ ਕਾਰਜਕ੍ਰਮ ਬਾਰੇ ਵੇਰਵੇ ਸਾਝੇ ਕਰਦਿਆਂ ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ 1.1.2027 ਨੂੰ ਯੋਗਤਾ ਮਿਤੀ ਮੰਨ ਕੇ ਪੂਰੇ ਸੂਬੇ ਵਿੱਚ ਇਹ ਪ੍ਰਕਿਰਿਆ ਚਲਾਈ ਜਾਵੇਗੀ। ਉਨਾਂ ਕਿਹਾ ਕਿ ਕਾਰਜਕ੍ਰਮ ਅਨੁਸਾਰ, 12.11.2026 ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਸਬੰਧ ਵਿੱਚ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦਾ ਸਮਾਂ 12.11.2026 ਤੋਂ 11.12.2026 ਤੱਕ ਹੋਵੇਗਾ ਅਤੇ ਅੰਤਿਮ ਵੋਟਰ ਸੂਚੀ 04.01.2027 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀਮਤੀ ਆਨੰਦਿਤਾ ਮਿੱਤਰਾ ਦੀ ਤਸਵੀਰ