– SSP ਨੇ ASI ਕੀਤਾ ਸਸਪੈਂਡ ਅਤੇ ਗ੍ਰਿਫ਼ਤਾਰ ਵਿਅਕਤੀ ਨੂੰ ਰਿਹਾਅ ਕਰਨ ਦੇ ਦਿੱਤੇ ਹੁਕਮ
ਚੰਡੀਗੜ੍ਹ ,2 ਨਵੰਬਰ , Gee98 news service-
-ਖੰਨਾ ਨਾਲ ਸੰਬੰਧਿਤ ਸ਼ਿਵ ਸੈਨਾ ਦੇ ਇੱਕ ਨੇਤਾ ਦੇ ਘਰ ਲੱਗੇ ਗੁਪਤ ਕੈਮਰੇ ਨੇ ਪੰਜਾਬ ਪੁਲਿਸ ਦੀ ਇੱਕ ਰੇਡ ਦੀ ਅਜਿਹੀ ਪੋਲ ਖੋਲੀ ਕਿ ਸਮੁੱਚੀ ਪੰਜਾਬ ਪੁਲਿਸ ਫੋਰਸ ਹੀ ਸਵਾਲਾਂ ਦੇ ਘੇਰੇ ‘ਚ ਖੜੀ ਕਰ ਦਿੱਤੀ। ਖੰਨਾ ਪੁਲਿਸ ‘ਤੇ ਇੱਕ ਸ਼ਿਵ ਸੈਨਾ ਨੇਤਾ ਦੇ ਘਰੋਂ ਫਰਜ਼ੀ ਰੇਡ ਦੌਰਾਨ ਹੈਰੋਇਨ ਬਰਾਮਦਗੀ ਸਬੰਧੀ ਸ਼ਿਵ ਸੈਨਾ ਨੇਤਾ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਸ਼ਿਵ ਸੈਨਾ ਨੇਤਾ ਨੂੰ ਗ੍ਰਿਫ਼ਤਾਰ ਵੀ ਕੀਤਾ ਪ੍ਰੰਤੂ ਜਦ ਘਰ ਵਾਲਿਆਂ ਨੇ ਅੰਦਰ ਲੱਗੇ ਗੁਪਤ ਕੈਮਰੇ ਦੀ ਵੀਡੀਓ ਕਲਿੱਪ ਐਸਐਸਪੀ ਸਾਹਮਣੇ ਪੇਸ਼ ਕੀਤੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਪ੍ਰਾਪਤ ਵੇਰਵੇ ਅਨੁਸਾਰ ਖੰਨਾ ਦੇ ਥਾਣਾ ਸਿਟੀ 2 ਅਤੇ ਥਾਣਾ ਸਦਰ ਦੀ ਸਾਂਝੀ ਪੁਲਿਸ ਕਾਰਵਾਈ ਦੌਰਾਨ ਪੁਲਿਸ ਨੇ ਸ਼ਿਵਸੈਨਾ ਨੇਤਾ ਮਹੰਤ ਕਸ਼ਮੀਰ ਗਿਰੀ ਦੇ ਘਰ ਰੇਡ ਕੀਤੀ ਅਤੇ ਬੈੱਡ ਦੇ ਗੱਦੇ ਦੇ ਹੇਠਾਂ ਤੋਂ 30 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਮਹੰਤ ਕਸ਼ਮੀਰ ਗਿਰੀ ਦੇ ਡਰਾਈਵਰ ਨੂੰ ਕੁਝ ਦਿਨ ਪਹਿਲਾਂ ਹੈਰੋਇਨ ਸਮੇਤ ਬਰਾਮਦ ਕੀਤਾ ਗਿਆ ਸੀ ਅਤੇ ਉਹਨਾਂ ਦੇ ਡਰਾਈਵਰ ਨੇ ਇਸ ਮਾਮਲੇ ‘ਚ ਮਹੰਤ ਕਸ਼ਮੀਰ ਗਿਰੀ ਦੇ ਨਾਮ ਲਿਆ ਜਿਸ ਤੋਂ ਬਾਅਦ ਕਸ਼ਮੀਰ ਗਿਰੀ ਦੇ ਘਰ ਰੇਡ ਕੀਤੀ ਗਈ ਸੀ ਅਤੇ ਮਹੰਤ ਕਸ਼ਮੀਰ ਗਿਰੀ ਦੇ ਘਰੋਂ 30 ਗ੍ਰਾਮ ਹੈਰੋਇਨ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਦੀ ਇਸ ਕਰਤੂਤ ਦਾ ਭਾਂਡਾ ਉਸ ਵੇਲੇ ਫੁੱਟ ਗਿਆ ਜਦੋਂ ਪਰਿਵਾਰ ਨੇ ਘਰ ਵਿੱਚ ਲੱਗੇ ਗੁਪਤ ਕੈਮਰੇ ਦੀ ਵੀਡੀਓ ਕਲਿੱਪ ਐਸਐਸਪੀ ਖੰਨਾ ਡਾਕਟਰ ਦਰਪਣ ਆਹਲੂਵਾਲੀਆ ਅੱਗੇ ਪੇਸ਼ ਕੀਤੀ।
-ਕਿਵੇਂ ਫੜਿਆ ਗਿਆ ASI ਹੈਰੋਇਨ ਲੁਕਾਉਂਦਾ
-ਮਹੰਤ ਕਸ਼ਮੀਰ ਗਿਰੀ ਦੇ ਕਮਰੇ ਅੰਦਰ ਲੱਗੇ ਗੁਪਤ ਕੈਮਰੇ ਦੀ ਵੀਡੀਓ ਕਲਿੱਪ ਤੋਂ ਸਾਹਮਣੇ ਆਇਆ ਕਿ ਇੱਕ ਏਐਸਆਈ ਸੁਖਦੇਵ ਸਿੰਘ ਸਿਵਲ ਵਰਦੀ ‘ਚ ਮਹੰਤ ਦੇ ਕਮਰੇ ‘ਚ ਦਾਖਲ ਹੁੰਦਾ ਹੈ, ਇਧਰ ਉਧਰ ਦੇਖਦਾ ਹੈ ਅਤੇ ਫਿਰ ਆਪਣੀ ਜੇਬ ਵਿੱਚੋਂ ਕੋਈ ਚੀਜ਼ ਕੱਢ ਕੇ ਬੈੱਡ ਦੇ ਗੱਦੇ ਹੇਠ ਲੁਕਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਨਿਕਲ ਜਾਂਦਾ ਹੈ ਅਤੇ ਤੁਰੰਤ ਬਾਅਦ ਥਾਣਾ ਸਦਰ ਦੇ ਐਸਐਚਓ ਵਿਜੇਪਾਲ ਸਿੰਘ ਸੇਠੀ ਅਤੇ ਥਾਣਾ ਸਿਟੀ ਦੋ ਦੇ ਐਸਐਚਓ ਤਰਵਿੰਦਰ ਬੇਦੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਕਮਰੇ ਦਾਖਿਲ ਹੁੰਦੀ ਹੈ। ਕੁਝ ਪੁਲਿਸ ਕਰਮਚਾਰੀ ਸੋਫਿਆਂ ‘ਤੇ ਬੈਠ ਜਾਂਦੇ ਹਨ ਅਤੇ ਕੁਝ ਪੁਲਿਸ ਕਰਮਚਾਰੀ ਕਮਰੇ ਅੰਦਰ ਤਲਾਸ਼ੀ ਦਾ ਨਾਟਕ ਕਰਦੇ ਹਨ। ਇਸ ਦੌਰਾਨ ਇੱਕ ਪੁਲਿਸ ਕਰਮਚਾਰੀ ਬੈੱਡ ਦੇ ਗੱਦੇ ਹੇਠਾਂ ਤੋਂ ਹੈਰੋਇਨ ਬਰਾਮਦਗੀ ਦਾ ਦਾਅਵਾ ਕਰਦਾ ਹੈ, ਇਸ ਵੇਲੇ ਮਹੰਤ ਕਸ਼ਮੀਰ ਗਿਰੀ ਵੀ ਕਮਰੇ ਅੰਦਰ ਹੀ ਸਨ ਤੇ ਪੁਲਿਸ ਉਹਨਾਂ ਨੂੰ ਹੈਰੋਇਨ ਬਰਾਮਦਗੀ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਵੀ ਕਰ ਲੈਂਦੀ ਹੈ। ਇਸ ਮੌਕੇ ਮਹੰਤ ਕਸ਼ਮੀਰ ਗਿਰੀ ਇਸ ਹੈਰੋਇਨ ਨਾਲ ਆਪਣਾ ਕੋਈ ਸਬੰਧ ਹੋਣ ਤੋਂ ਇਨਕਾਰ ਕਰਦੇ ਹਨ ਪ੍ਰੰਤੂ ਪੁਲਿਸ ਉਹਨਾਂ ਦੀ ਇੱਕ ਨਹੀਂ ਸੁਣਦੀ ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਹੈ। ਇਸ ਤੋਂ ਬਾਅਦ ਮਹੰਤ ਕਸ਼ਮੀਰ ਗਿਰੀ ਦੇ ਪਰਿਵਾਰ ਵਾਲੇ ਗੁਪਤ ਕੈਮਰੇ ਦੀ ਵੀਡੀਓ ਕਲਿੱਪ ਕੱਢਦੇ ਹਨ ਅਤੇ ਉਸਨੂੰ ਐਸਐਸਪੀ ਦੇ ਸਾਹਮਣੇ ਪੇਸ਼ ਕਰਦੇ ਹਨ ਜਿਸ ਤੋਂ ਬਾਅਦ ਪੁਲਿਸ ਦੀ ਇਸ ਫਰਜ਼ੀ ਰੇਡ ਦੀ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ। ਖੰਨਾ ਦੇ ਐਸਐਸਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਜਿੱਥੇ ਸੰਬੰਧਿਤ ਏਐਸਆਈ ਸੁਖਦੇਵ ਸਿੰਘ ਨੂੰ ਸਸਪੈਂਡ ਕਰ ਦਿੱਤਾ ਉੱਥੇ ਮਹੰਤ ਕਸ਼ਮੀਰ ਗਿਰੀ ਨੂੰ ਰਿਹਾਅ ਕਰਨ ਦੇ ਹੁਕਮ ਵੀ ਦਿੱਤੇ। ਇਹ ਮਾਮਲਾ ਸਮੁੱਚੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਪੁਲਿਸ ‘ਤੇ ਅਕਸਰ ਨਸ਼ਾ ਬਰਾਮਦਗੀ ਦੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ। SSP ਖੰਨਾ ਵੱਲੋਂ ਪੁਲਿਸ ਦੀ ਇਸ ਰੇਡ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਵੀ ਕਾਇਮ ਕੀਤੀ। ਡਾਕਟਰ ਦਰਪਣ ਆਹਲੂਵਾਲੀਆ ਨੇ ਕਿਹਾ ਕਿ ਜਾਂਚ ਦੇ ਅਧਾਰ ‘ਤੇ ਰੇਡ ਟੀਮ ਵਿੱਚ ਸ਼ਾਮਿਲ ਥਾਣਾ ਸਿਟੀ 2 ਤੇ ਥਾਣਾ ਸਦਰ ਦੇ ਐਸਐਚਓ ਤੇ ਹੋਰ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
-ਕੌਣ ਹੈ ਮਹੰਤ ਕਸ਼ਮੀਰ ਗਿਰੀ
ਮਹੰਤ ਕਸ਼ਮੀਰ ਗਿਰੀ ਐਂਟੀ ਖਾਲਿਸਤਾਨ ਫਰੰਟ ਦੇ ਅਹੁਦੇਦਾਰ ਹਨ ਅਤੇ ਉਹ ਸ਼ਿਵ ਸੈਨਾ ਦੇ ਸੂਬਾ ਪੱਧਰੀ ਅਹੁਦਿਆਂ ‘ਤੇ ਵੀ ਰਹੇ ਹਨ। ਮਹੰਤ ਕਸ਼ਮੀਰ ਗਿਰੀ ਅਕਸਰ ਵਿਵਾਦਾਂ ਵਿੱਚ ਘਿਰੇ ਰਹੇ ਹਨ, ਉਹਨਾਂ ‘ਤੇ ਇਰਾਦਾ ਕਤਲ ਕੇਸ ਵਰਗੇ ਗੰਭੀਰ ਮਾਮਲੇ ਵੀ ਦਰਜ ਹਨ। ਸਾਲ 2025 ‘ਚ ਪੁਲਿਸ ਨੇ ਉਹਨਾਂ ਦਾ ਇੱਕ ਗਿਰੋਹ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਸੀ। ਫਿਲਹਾਲ ! ਮਹੰਤ ਕਸ਼ਮੀਰ ਗਿਰੀ ਜ਼ਮਾਨਤ ‘ਤੇ ਬਾਹਰ ਹਨ।
ਫੋਟੋ ਕੈਪਸ਼ਨ-ਪੁਲਿਸ ਰੇਡ ਤੋਂ ਪਹਿਲਾਂ ਇਕੱਲਾ ਕਮਰੇ ਅੰਦਰ ਦਾਖਲ ਹੋ ਰਿਹਾ ASI