– ਬਰਨਾਲਾ ਪੁਲਿਸ ਨੇ ਦਬੋਚਿਆ 20 ਕਿਲੋ ਅਫ਼ੀਮ ਸਮੇਤ ਇੱਕ ਨਸ਼ਾ ਤਸਕਰ
ਬਰਨਾਲਾ, 2 ਨਵੰਬਰ ( ਨਿਰਮਲ ਸਿੰਘ ਪੰਡੋਰੀ )-
ਬਰਨਾਲਾ ਪੁਲਿਸ ਨੇ ਇੱਕ ਨਸਾ ਤਸਕਰ ਨੂੰ 20 ਕਿਲੋ ਅਫੀਮ ਦੀ ਵੱਡੀ ਖੇਪ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸਪੀ (ਐਚ) ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 31 ਅਕਤੂਬਰ 2026 ਨੂੰ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਮੁਖ਼ਬਰ ਦੀ ਇਤਲਾਹ ਮਿਲੀ ਕਿ ਬਰਨਾਲਾ ਖੇਤਰ ਵਿੱਚ ਇੱਕ ਟਰੱਕ ਅਫੀਮ ਦੀ ਖੇਪ ਲੈ ਕੇ ਲੰਘ ਰਿਹਾ ਹੈ ਜਿਸ ਤੋਂ ਤੁਰੰਤ ਬਾਅਦ ਮੁਕੱਦਮਾ ਨੰਬਰ 547 ਮਿਤੀ 31 ਅਕਤੂਬਰ ਅਧੀਨ ਧਾਰਾ 15,18, 25/61/85 ਐਨਡੀਪੀਐਸ ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਅਤੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਮੋਗਾ ਬਰਨਾਲਾ ਬਾਈਪਾਸ, ਗਰਚਾ ਰੋਡ, ਰਾਏਕੋਟ ਰੋਡ, ਨਾਨਕਸਰ ਰੋਡ ‘ਤੇ ਨਾਕਾਬੰਦੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ ਸਹਾਇਕ ਥਾਣੇਦਾਰ ਨੈਬ ਸਿੰਘ ਸੀਆਈਏ ਨੇ ਸਮੇਤ ਪੁਲਿਸ ਪਾਰਟੀ ਮੋਗਾ ਬਰਨਾਲਾ ਮੇਨ ਹਾਈਵੇ ਤੋਂ ਮੰਗਲ ਰਾਮ ਪੁੱਤਰ ਸਵਰਨ ਰਾਮ ਵਾਸੀ ਗੋਰਸੀਆ ਨਿਹਾਲ, ਜ਼ਿਲ੍ਹਾ ਜਲੰਧਰ ਨੂੰ ਟਰੱਕ ਨੰਬਰੀ RG31GB4704 ਸਮੇਤ ਕਾਬੂ ਕਰਕੇ ਟਰੱਕ ਦੇ ਕੈਬਿਨ ਵਿੱਚੋਂ ਤਲਾਸ਼ੀ ਦੌਰਾਨ 20 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਦੋਸ਼ੀ ਨੂੰ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਟਰੱਕ ਦੀ ਬਾਡੀ ਵਿੱਚ ਦਾਲ ਦੀਆਂ ਬੋਰੀਆਂ ਲੋਡ ਕੀਤੀਆਂ ਹੋਈਆਂ ਸਨ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਹ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਤੇ ਉਸਨੇ ਅਫੀਮ ਦੀ ਇਹ ਖੇਪ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨੀ ਸੀ। ਐਸਪੀਐਚ ਸ੍ਰੀ ਸਿੰਗਲਾ ਨੇ ਦੱਸਿਆ ਕਿ ਦੋਸ਼ੀ ਪਾਸੋਂ ਰਿਮਾਂਡ ਦੌਰਾਨ ਡੁੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਰਜਿੰਦਰਪਾਲ ਸਿੰਘ ਪੀਪੀਐਸ, ਡੀਐਸਪੀ (ਡੀ) ਅਤੇ ਸਹਾਇਕ ਥਾਣੇਦਾਰ ਨੈਬ ਸਿੰਘ ਸੀਆਈਏ ਬਰਨਾਲਾ ਵੀ ਹਾਜ਼ਰ ਸਨ।