Skip to main content

Gee 98News

ਦੀਵਾਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਸਕਦੇ ਨੇ ਅਕਾਲੀ-ਭਾਜਪਾ ਗੱਠਜੋੜ ਦਾ ਐਲਾਨ

– ਕਾਂਗਰਸ ਅਤੇ ‘ਆਪ’ ਦਾ ਨਹੀਂ ਹੋਵੇਗਾ ਕਿਸੇ ਨਾਲ ਗੱਠਜੋੜ

ਚੰਡੀਗੜ੍ਹ, 3 ਨਵੰਬਰ, Gee98 news service-

-ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉੰਝ ਭਾਵੇਂ ਪੰਜਾਬ ਤੋਂ ਇਲਾਵਾ ਚਾਰ ਹੋਰ ਸੂਬਿਆਂ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਹਨ ਪ੍ਰੰਤੂ ਸਭ ਤੋਂ ਵੱਧ ਚਰਚਾ ਪੰਜਾਬ ਚੋਣਾਂ ਦੀ ਹੀ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਚੋਣਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਲਈ “ਕਰੋ ਜਾਂ ਮਰੋ” ਦੀ ਸਥਿਤੀ ਵਾਲੀਆਂ ਹੋਣਗੀਆਂ। ਜੇਕਰ “ਆਪ” ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਮੁੜ ਪੰਜਾਬ ਦੀ ਸੱਤਾ “ਆਪ” ਲਈ ਸੁਪਨਾ ਬਣ ਸਕਦੀ ਹੈ ਅਤੇ ਜੇਕਰ ਕਾਂਗਰਸ ਇਸ ਵਾਰ ਖੁੰਝ ਜਾਂਦੀ ਹੈ ਤਾਂ ਇਸਦਾ ਅਸਰ ਕਾਂਗਰਸ ਦੀ ਕੌਮੀ ਰਾਜਨੀਤੀ ‘ਤੇ ਵੀ ਪੈਣ ਦੇ ਆਸਾਰ ਹਨ। ਦੂਜੇ ਪਾਸੇ ਹੁਣ ਤੱਕ ਭਾਜਪਾ ਦੀ ਰਾਜਨੀਤੀ ‘ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਪੰਜਾਬ ‘ਚ ‘ਕਿੰਗ’ ਨਹੀਂ ਸਗੋਂ ‘ਕਿੰਗ ਮੇਕਰ’ ਹੀ ਬਣੇਗੀ। ਭਰੋਸੇਯੋਗ ਸਤਰਾਂ ਅਨੁਸਾਰ ਪੰਜਾਬ ‘ਚ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਅਨੁਸਾਰ ਦੋਵੇਂ ਪਾਰਟੀਆਂ ਨੇ ਸੀਟਾਂ ਦੀ ਵੰਡ ਲੱਗਭੱਗ ਫਾਈਨਲ ਕਰ ਲਈ ਹੈ, ਦੀਵਾਲੀ ਤੋਂ ਬਾਅਦ ਕਿਸੇ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿੱਚ ਦੋਵੇਂ ਪਾਰਟੀਆਂ ਦੇ ਗੱਠਜੋੜ ਦਾ ਐਲਾਨ ਕਰ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਇਸ ਵਾਰ ਪੰਜਾਬ ‘ਚ ਘੱਟ ਤੋਂ ਘੱਟ 50 ਸੀਟਾਂ ‘ਤੇ ਚੋਣ ਲੜੇਗੀ ਅਤੇ ਬਾਕੀ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਣਗੀਆਂ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਜਪਾ ਪੰਜਾਬ ਦੀਆਂ ਲੱਗਭੱਗ ਸਾਰੀਆਂ ਸ਼ਹਿਰੀ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੀ ਇਸ ਗੱਠਜੋੜ ਦਾ ਹਿੱਸਾ ਬਣਨ ਦੀ ਚਰਚਾ ਹੈ ਪ੍ਰੰਤੂ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਜੇ ਤੱਕ ਰਜਿਸਟਰਡ ਪਾਰਟੀ ਨਹੀਂ ਹੈ ਇਸ ਲਈ ਇਸਦੇ ਉਮੀਦਵਾਰਾਂ ਨੂੰ ਤੱਕੜੀ ਜਾਂ ਕਮਲ ਦੇ ਫੁੱਲ ‘ਤੇ ਹੀ ਚੋਣ ਲੜਨੀ ਪਵੇਗੀ, ਜੋ ਰਾਜਨੀਤਿਕ ਨਜ਼ਰੀਏ ਤੋਂ ਪੁਨਰ ਸੁਰਜੀਤ ਦੇ ਆਗੂਆਂ ਲਈ ਔਖਾ ਲੱਗਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਡੇ ਆਗੂ ਪੇਂਡੂ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਹਨ ਜਿੱਥੇ ਕਮਲ ਦੇ ਫੁੱਲ ‘ਤੇ ਚੋਣ ਲੜਨੀ ਔਖੀ ਮਹਿਸੂਸ ਕਰਨਗੇ, ਦੂਜੇ ਪਾਸੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਪੁਨਰ ਸੁਰਜੀਤ ਦੇ ਉਮੀਦਵਾਰ ਤੱਕੜੀ ਦੇ ਨਿਸ਼ਾਨ ‘ਤੇ ਕਦੇ ਵੀ ਚੋਣ ਨਹੀਂ ਲੜਨਗੇ, ਇਸ ਲਈ ਮੰਨਿਆ ਜਾ ਸਕਦਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਵਾਲਾ ਪੁਨਰ ਸੁਰਜੀਤ ਅਕਾਲੀ ਦਲ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਬਾਹਰ ਰਹਿ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਭਾਜਪਾ ਪੁਨਰ ਸੁਰਜੀਤ ਵਾਲਿਆਂ ਨੂੰ ਖੁਦ ਸੀਟਾਂ ਛੱਡ ਦੇਵੇ ਜਿੱਥੇ ਪੁਨਰ ਸੁਰਜੀਤ ਦੇ ਆਗੂ ਆਜ਼ਾਦ ਚੋਣ ਲੜ ਸਕਦੇ ਹਨ। ਪੰਜਾਬ ‘ਚ ਹੁਣ ਤੱਕ ਦੇ ਸਮੀਕਰਨਾਂ ਤੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਹੀ ਪੂਰੀਆਂ 117 ਸੀਟਾਂ ‘ਤੇ ਚੋਣ ਲੜਨਗੀਆਂ ਜਦਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਬਸਪਾ ਅਤੇ ਹੋਰ ਪਾਰਟੀਆਂ ਗੱਠਜੋੜ ਤਹਿਤ ਜਾਂ ਸੀਟਾਂ ਦੀ ਲੈਣ ਦੇਣ ਦੀ ਪ੍ਰਕਿਰਿਆ ਤਹਿਤ ਹੀ ਚੋਣ ਲੜਨਗੀਆਂ।

Gee98 Ads
error: Content is protected !!