Skip to main content

Gee 98News

ਖ਼ਬਰਦਾਰ ! ਚਰਚ ਦੀ ਭੰਨਤੋੜ ਦੀ ਘਟਨਾ ਨੂੰ ਮਾਮੂਲੀ ਨਾ ਸਮਝੇ ਸਰਕਾਰ

ਖ਼ਬਰਦਾਰ ! ਚਰਚ ਦੀ ਭੰਨਤੋੜ ਦੀ ਘਟਨਾ ਨੂੰ ਮਾਮੂਲੀ ਨਾ ਸਮਝੇ ਸਰਕਾਰ

ਬਰਨਾਲਾ, 31 ਅਗਸਤ (ਨਿਰਮਲ ਸਿੰਘ ਪੰਡੋਰੀ) :

ਪੰਜਾਬ ’ਚ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਦੇ ਦੌਰਾਨ ਇੱਕ ਚਰਚ ਦੀ ਭੰਨਤੋੜ ਹੋਣ ਦੀ ਖ਼ਬਰ ਹੈ। ਜ਼ਿਲਾ ਤਰਨਤਾਰਨ ਦੇ ਪਿੰਡ ਠਕਰਪੁਰਾ ਵਿੱਚ ਕੈਥੋਲਿਕ ਚਰਚ ਦੀ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕੀਤੀ ਗਈ ਹੈ । ਸੂਤਰਾਂ ਅਨੁਸਾਰ ਚਰਚ ਦੇ ਅੰਦਰ ਦਾਖਲ ਹੋ ਕੇ ਪ੍ਰਭੂ ਯਿਸੂ ਅਤੇ ਮਰੀਅਮ ਦੀਆਂ ਮੂਰਤੀਆਂ ਦੀ ਵੀ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕੀਤੀ ਗਈ ਅਤੇ ਚਰਚ ਦੇ ਵਿਹੜੇ ’ਚ ਖੜੀ ਇੱਕ ਗੱਡੀ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ। ਚਰਚ ਅੰਦਰ ਵਾਪਰੀ ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰਿਆਂ ’ਚ ਮੌਜੂਦ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਇੱਕ ਪਾਸੇ ਈਸਾਈ ਭਾਈਚਾਰੇ ’ਚ ਰੋਸ ਦੀ ਲਹਿਰ ਹੈ, ਦੂਜੇ ਪਾਸੇ ਕੁਝ ਸਿੱਖ ਆਗੂਆਂ ਨੇ ਘਟਨਾ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ’ਚ ਇਹ ਚਰਚਾ ਲਗਾਤਾਰ ਹੋ ਰਹੀ ਹੈ ਕਿ ਈਸਾਈ ਭਾਈਚਾਰੇ ਦੇ ਪਾਦਰੀਆਂ ਅਤੇ ਪੈਰੋਕਾਰਾਂ ਵੱਲੋਂ ਪਿੰਡਾਂ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਇੱਕ ਫਿਰਕੇ ਦੇ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਧਰਮ ਗ੍ਰਹਿਣ ਕਰਵਾਇਆ ਜਾ ਰਿਹਾ ਹੈ। ਇਸ ਲਹਿਰ ਸੰਬੰਧੀ ਹਿੰਦੂ ਅਤੇ ਸਿੱਖ ਜਥੇਬੰਦੀਆਂ ਦੇ ਕੁਝ ਆਗੂਆਂ ਨੇ ਇਤਰਾਜ਼ ਕਰਦੇ ਹੋਏ ਸਮੇਂ ਦੇ ਹੁਕਮਰਾਨਾਂ ਨੂੰ ਕਈ ਵਾਰ ਸੁਚੇਤ ਕੀਤਾ ਹੈ। ਇੱਥੇ ਇਹ ਵੀ ਯਾਦ ਰਹੇ ਕਿ ਲੱਗਭੱਗ 30-32 ਸਾਲ ਪਹਿਲਾਂ ਦੱਖਣੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਧਰਮ ਪਰਿਵਰਤਨ ਦੀ ਅਜਿਹੀ ਲਹਿਰ ਚਲਾਈ ਗਈ ਸੀ ਜਿਸ ਤੋਂ ਬਾਅਦ ਉੱਥੇ ਦੇ ਹਾਲਾਤ ਖ਼ਰਾਬ ਹੋਏ ਸਨ । ਪੰਜਾਬ ’ਚ ਜਬਰੀ ਧਰਮ ਪਰਿਵਰਤਨ ਸੰਬੰਧੀ ਸਿੱਖ ਆਗੂ ਮਨਜੀਤ ਸਿੰਘ ਭੋਮਾ ਅਤੇ ਅਮਰਜੀਤ ਸਿੰਘ ਚਾਵਲਾ ਨੇ ਅਜੇ ਕੁਝ ਦਿਨ ਪਹਿਲਾ ਹੀ ਸੂਬੇ ਦੇ ਮੁੱਖ ਮੰਤਰੀ ਨੂੰ ਹਾਲਾਤ ਖ਼ਰਾਬ ਹੋਣ ਸੰਬੰਧੀ ਸੁਚੇਤ ਕੀਤਾ ਹੈ। ਕੁਝ ਗਰਮ ਖ਼ਿਆਲੀ ਸਿੱਖ ਜਥੇਬੰਦੀਆਂ ਦੇ ਆਗੂੁ ਇਹ ਦੋਸ਼ ਵੀ ਲਗਾ ਰਹੇ ਹਨ ਕਿ ਈਸਾਈ ਧਰਮ ਦੇ ਪੈਰੋਕਾਰ ਗਰੀਬ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਦੂਜੇ ਧਰਮਾਂ ’ਚ ਸੰਨ ਲਗਾ ਰਹੇ ਹਨ। ਤਰਨਤਾਰਨ ਦੀ ਇਸ ਘਟਨਾ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ ।

Gee98 Ads
error: Content is protected !!