Gee 98News

ਪੁਲਿਸ ਦੀ ਵਰਦੀ ਪਾ ਕੇ ਠੱਗੀਆਂ ਮਾਰਨ ਵਾਲੀ “ਭੋਲੀ” ਗ੍ਰਿਫਤਾਰ

ਪੁਲਿਸ ਦੀ ਵਰਦੀ ਪਾ ਕੇ ਠੱਗੀਆਂ ਮਾਰਨ ਵਾਲੀ “ਭੋਲੀ” ਗ੍ਰਿਫਤਾਰ

ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਇਕ ਸਾਲ ਤੋਂ ਫਰਾਰ ਇੱਕ ਭੋਲੀ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜੋ ਪੁਲਿਸ ਵਰਦੀ ਵਿਚ ਆਪਣੇ ਸਾਥੀਆਂ ਨਾਲ ਰਲ ਕੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲ ਕਰਨ ਦੇ ਗੋਰਖ ਧੰਦੇ ਵਿੱਚ ਸ਼ਾਮਲ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਗੁਰਦੀਪ ਸਿੰਘ ਵਾਸੀ ਪਿੰਡ ਮਾੜੀ ਬੁੱਚੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ‘ਤੇ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ 31-08-2021 ਨੂੰ ਆਈਪੀਸੀ ਦੀ ਧਾਰਾ 388, 389, 411, 179, 171, 120-ਬੀ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਜੋਤੀ ਵਾਸੀ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਵਾਸੀ ਹਾਥੀਖਾਨਾ ਜ਼ਿਲ੍ਹਾ ਕਪੂਰਥਲਾ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਆਪਣੇ ਆਪ ਨੂੰ ਸਹਾਇਕ ਸਬ-ਇੰਸਪੈਕਟਰ ਅਤੇ ਪੁਲੀਸ ਕਾਂਸਟੇਬਲ ਦੱਸ ਕੇ ਉਸ ਨੂੰ ਪੈਸੇ ਦੇਣ ਲਈ ਧਮਕਾ ਰਹੇ ਸਨ। ਗਿ੍ਫਤਾਰ ਮਹਿਲਾ ਭੋਲੀ ਵੀ ਇਸ ਗਿਰੋਹ ਦੀ ਮੈਂਬਰ ਸੀ। ਉਕਤ ਮੁਲਜ਼ਮਾਂ ਨੇ ਗੁਰਦੀਪ ਸਿੰਘ ਦਾ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਵਾਪਸ ਕਰਨ ਬਦਲੇ 4 ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਪਹਿਲਾਂ ਹੀ 5 ਹਜ਼ਾਰ ਰੁਪਏ ਨਕਦ ਅਤੇ 30 ਹਜ਼ਾਰ ਰੁਪਏ ਉਸਦੇ ਕਰੈਡਿਟ ਕਾਰਡ ਰਾਹੀਂ ਕਢਵਾ ਚੁੱਕੇ ਹਨ। ਵਿਜੀਲੈਂਸ ਬਿਊਰੋ ਨੇ ਜੋਤੀ ਅਤੇ ਗੁਰਪ੍ਰੀਤ ਸਿੰਘ ਨੂੰ ਗੁਰਦੀਪ ਸਿੰਘ ਤੋਂ ਬਲੇਕਮੇਲਿੰਗ ਦੇ ਪੈਸੇ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ ਪ੍ਰੰਤੂ ਭੋਲੀ ਫਰਾਰ ਸੀ ਜੋ ਆਪਣਾ ਨਾਮ ਬਦਲ ਕੇ ਵੱਖ ਵੱਖ ਥਾਵਾਂ ‘ਤੇ ਰਹਿ ਰਹੀ ਸੀ।

error: Content is protected !!