Gee 98News

CM ਨੇ ਕਿਹਾ…ਮੇਰੇ ‘ਤੇ ਭਰੋਸਾ ਰੱਖੋ ਪਰ ਅਧਿਕਾਰੀ ਕਹਿੰਦੇ..ਲਿਖਤੀ ਹੁਕਮ ਦੇਵੋ…!

-ਡੀਸੀ ਦਫ਼ਤਰ ਬਰਨਾਲਾ ਦੇ ਕੱਚੇ ਕਾਮਿਆਂ ਦੇ ਰੁਜ਼ਗਾਰ ‘ਤੇ ਲਟਕ ਰਹੀ ਹੈ ਤਲਵਾਰ

ਬਰਨਾਲਾ 9 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਨੌਕਰੀ ਕਰ ਰਹੇ ਆਊਟਸੋਰਸਿੰਗ ਕਾਮਿਆਂ ਉੱਪਰ ਅਜੇ ਵੀ ਫਾਰਗੀ ਦੀ ਤਲਵਾਰ ਲਟਕ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਕੈਬਨਿਟ ਮੰਤਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਇਨ੍ਹਾਂ ਕਰਮਚਾਰੀਆਂ ਨੂੰ ਜਬਰਦਸਤੀ ਨੌਕਰੀ ਤੋਂ ਕੱਢਣ ਲਈ ਬਜ਼ਿੱਦ ਹੈ। ਮੁੱਖ ਮੰਤਰੀ ਨੇ ਇਨ੍ਹਾਂ ਕਰਮਚਾਰੀਆਂ ਨੂੰ ਜੁਬਾਨੀ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਦਾ ਰੁਜ਼ਗਾਰ ਨਹੀਂ ਖੋਹਿਆ ਜਾਵੇਗਾ ਪ੍ਰੰਤੂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਲਿਖਤੀ ਭਰੋਸਾ ਮੰਗ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਰੱਖਣ ਸਬੰਧੀ ਲਿਖਤੀ ਰੂਪ ਵਿੱਚ ਕੋਈ ਹੁਕਮ ਜਾਰੀ ਕਰੇ, ਨਹੀਂ ਤਾਂ ਨਵੇਂ ਭਰਤੀ ਕੀਤੇ ਪੱਕੇ ਕਲਰਕਾਂ ਦੇ ਜੁਆਇਨ ਕਰਨ ਤੋਂ ਬਾਅਦ ਇਨ੍ਹਾਂ ਕਲਰਕਾਂ ਦੀਆਂ ਸੇਵਾਵਾਂ ਖ਼ਤਮ ਹੋ ਜਾਣਗੀਆਂ। ਯੂਨੀਅਨ ਦੇ ਸੂਬਾ ਪ੍ਰਧਾਨ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਬਰਸੀ ਮੌਕੇ 19 ਜਨਵਰੀ ਨੂੰ ਸਭ ਦੀ ਹਾਜ਼ਰੀ ‘ਚ ਉਹਨਾਂ ਨੂੰ ਨੌਕਰੀ ਤੋਂ ਫਾਰਗ ਨਾ ਕਰਨ ਸਬੰਧੀ ਭਰੋਸਾ ਦਿੱਤਾ ਗਿਆ ਸੀ ਪਰ 21ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਰੁਜ਼ਗਾਰ ‘ਤੇ ਫਾਰਗੀ ਦੀ ਤਲਵਾਰ ਉਸੇ ਤਰਾਂ ਹੀ ਲਟਕੀ ਹੋਈ ਹੈ ਅਤੇ ਮੌਜੂਦਾ ਜ਼ਿਲ੍ਹਾ ਪ੍ਸ਼ਾਸਨ ਵੱਲੋ ਰੁਜ਼ਗਾਰ ਬਚਾਉਣ ਲਈ ਕੋਈ ਦਿਲਚਸਪੀ ਨਹੀ ਦਿਖਾਈ ਜਾ ਰਹੀ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ ਐਸ ਡੀ ਵੱਲੋਂ 22 ਜਨਵਰੀ ਨੂੰ ਉਨ੍ਹਾਂ ਦੀ ਭੁੱਖ ਹੜਤਾਲ ਮੁੱਖ ਮੰਤਰੀ ਦੇ ਭਰੋਸੇ ਦੀ ਬੁਨਿਆਦ ਉੱਪਰ ਖਤਮ ਕਰਵਾਈ ਸੀ ਅਤੇ ਕਿਹਾ ਸੀ ਕਿ ਮੁੱਖ ਮੰਤਰੀ ਵੱਲੋ ਕੀਤੇ ਐਲਾਨ ਨੂੰ ਹਰ ਹਾਲਤ ਪੂਰਾ ਕੀਤਾ ਜਾਵੇਗਾ ਅਤੇ ਤੁਹਾਡਾ ਰੁਜ਼ਗਾਰ ਸੁਰੱਖਿਅਤ ਰਹੇਗਾ ਪਰ ਹਲਾਤਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 28 ਫਰਵਰੀ 2023 ਨੂੰ ਸਾਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ ਕਿਉਂਕਿ ਸਾਡਾ ਪਿਛਲੇ ਸਾਲ ਦਾ ਬਜਟ 28 ਫਰਵਰੀ ਨੂੰ ਖਤਮ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ 15 ਫਰਵਰੀ 2023 ਤੱਕ ਕੋਈ ਲਿਖਤੀ ਭਰੋਸਾ ਨਹੀ ਦਿੱਤਾ ਜਾਂਦਾ ਤਾਂ 16 ਫਰਵਰੀ 2023 ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਸੂਬਾ ਜਨਰਲ ਸਕੱਤਰ ਵੀਰਪਾਲ ਕੌਰ,ਸੂਬਾ ਪ੍ਰੈਸ ਸਕੱਤਰ ਮਨਦੀਪ ਸਿੰਘ, ਨਿਸ਼ਾ ਰਾਣੀ, ਗੁਰਜੀਤ ਕੌਰ, ਹਰੀਸ਼ ਕੁਮਾਰ ਅਤੇ ਸਿਵ ਕੁਮਾਰ ਹਾਜ਼ਰ ਸਨ ।

Gee98 Ads
error: Content is protected !!