-ਸ਼ਹਿਰ ਵਿੱਚ ਰੋਸ ਮਾਰਚ ਕੱਢ ਡੀਸੀ ਨੂੰ ਸੌਂਪਿਆ ਮੰਗ ਪੱਤਰ
ਬਰਨਾਲਾ 16 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਰਨਾਲਾ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਲਗਾਤਾਰ ਦੂਜੇ ਦਿਨ ਕੰਮ ਬੰਦ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਮੰਗਾਂ ਨੂੰ ਲੈ ਕੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਿਜ਼ ਮੈਨੇਜਮੈਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ ਅਤੇ ਅਣ ਏਡਿਡ ਪ੍ਰਾਈਵੈਟ ਕਾਲਜਾਂ ਦੀਆਂ ਜਥੇਬੰਦੀਆਂ ਦੀ ਅਗਵਾਈ ਵਿੱਚ ਬਰਨਾਲਾ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਡੀਸੀ ਬਰਨਾਲਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਐਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ.ਹਰਦਿਆਲ ਅੱਤਰੀ, ਪ੍ਰਿੰਸੀਪਲ ਡਾ.ਰਮਾ ਸ਼ਰਮਾ, ਪ੍ਰੋ.ਰਜਿੰਦਰ ਕੁਮਾਰ, ਪ੍ਰਿੰਸੀਪਲ ਨੀਲਮ ਸ਼ਰਮਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਦੀ ਤਨਖਾਹ ਦੀ ਗ੍ਰਾਂਟ 95 ਪ੍ਰਤੀਸ਼ਤ ਤੋਂ ਘਟਾਕੇ 75 ਪ੍ਰਤੀਸ਼ਤ ਕਰਨ ਨਾਲ ਕਾਲਜ ਮੈਨੇਜਮੈਂਟਾਂ ਉਪਰ ਵੱਡਾ ਬੋਝ ਵਧ ਜਾਵੇਗਾ। ਅਗਲੇ ਸੈਸ਼ਨ ਤੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਨਿੱਜੀ ਕੰਪਨੀ ਰਾਹੀਂ ਲਾਗੂ ਕਰਨ ਅਤੇ ਅਧਿਆਪਕਾਂ ਦੀ ਸੇਵਾ ਮੁਕਤੀ ਉਮਰ 60 ਤੋਂ ਘਟਾਕੇ 58 ਸਾਲ ਕਰਨ ਦਾ ਵੀ ਵਿਰੋਧ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1979 ਤੋਂ ਚਲ ਰਹੀ ਸੇਵਾ ਮੁਕਤੀ ਦੀ ਉਮਰ 60 ਤੋਂ ਘਟਾਕੇ 58 ਸਾਲ ਕਰਨ ਅਤੇ ਗ੍ਰਾਂਟ 95 ਪ੍ਰਤੀਸ਼ਤ ਤੋਂ ਘਟਾਕੇ 75 ਪ੍ਰਤੀਸ਼ਤ ਕਰਨ ਦੇ ਖ਼ਿਲਾਫ਼ ਲੰਮੇਂ ਸਮੇਂ ਤੋਂ ਸੰਘਰਸ਼ ਚਲਾਇਆ ਜਾ ਰਿਹਾ ਹੈ। ਪਰ ਉੱਚ ਸਿੱਖਿਆ ਵਿਭਾਗ ਕਿਸੇ ਵੀ ਹਾਲਤ ਵਿਚ ਇਹਨਾਂ ਜ਼ਾਇਜ਼ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਯੂਨੀਅਨਾਂ ਵੱਲੋਂ ਸਰਕਾਰ ਦੇ ਹਰ ਸਮਰਥ ਵਿਭਾਗ ਨਾਲ ਗੱਲਬਾਤ ਕਰਕੇ ਇਹਨਾਂ ਵਧੀਕੀਆਂ ਨੂੰ ਦੂਰ ਕਰਨ ਦੀ ਚਾਰਾਜੋਈ ਹੁਣ ਤਕ ਫ਼ੇਲ ਹੀ ਹੋਈ ਹੈ। ਪੰਜਾਬ ਸਰਕਾਰ ਦੇ ਮਨਮਾਨੇ ਫ਼ੈਸਲਿਆਂ ਦੇ ਵਿਰੋਧ ਵਿਚ ਇਹ ਤਾਲਾਬੰਦੀ ਕੀਤੀ ਗਈ ਹੈ। ਅਗਲੇ ਸੈਸ਼ਨ ਤੋਂ ਕੇਂਦਰੀਕਿ੍ਰਤ ਦਾਖ਼ਲਾ ਪੋਰਟਲ ਲਾਗੂ ਕਰਨ ਦੀ ਯੋਜਨਾ ਜੋ ਕਿ ਇਕ ਨਿਜੀ ਕੰਪਨੀ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਇਹ ਯੋਜਨਾ ਵਿਦਿਆਰਥੀਆਂ ਦੇ ਨਾਲ ਨਾਲ ਕਾਲਜਾਂ ਲਈ ਵੀ ਮਾਰੂ ਸਾਬਤ ਹੋਵੇਗੀ। ਆਖੀਰ ਸਰਕਾਰ ਦੀ ਬੇਰੁੱਖੀ ਤੋਂ ਤੰਗ ਆ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਦੋ ਦਿਨਾਂ ਤੋਂ ਲਗਾਤਾਰ ਕਾਲਜਾਂ ਦਾ ਕੰਮ ਬੰਦ ਕਰਕੇ ਅਧਿਆਪਕ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਕਾਲਜ ਅਧਿਆਪਕਾਂ ਵਲੋਂ ਸਾਂਝੇ ਤੌਰ ਤੇ ਡੀਸੀ ਬਰਨਾਲਾ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਅਜਿਹੇ ਲੋਕ ਮਾਰੂ ਫ਼ੈਸਲਿਆਂ ਨੂੰ ਤੁਰੰਤ ਨਹੀਂ ਬਦਲਦੀ ਹੈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
