Skip to main content

Gee 98News

ਬਠਿੰਡਾ ਰਿਸ਼ਵਤ ਕਾਂਡ : ਵਾਇਰਲ ਆਡੀਓ ਨੇ ਸਵਾਲਾਂ ਦੇ ਘੇਰੇ ‘ਚ ਖੜੀ ਕੀਤੀ ਵਿਜੀਲੈਂਸ

ਬਰਨਾਲਾ 18 ਫਰਵਰੀ (ਨਿਰਮਲ ਸਿੰਘ ਪੰਡੋਰੀ)-ਬਠਿੰਡਾ ਰਿਸ਼ਵਤ ਕਾਂਡ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਭਾਵੇਂ ਵਿਜੀਲੈਂਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਪ੍ਰੰਤੂ ਮੁੱਦਈ ਪ੍ਰਿਤਪਾਲ ਕੁਮਾਰ ਵੱਲੋਂ ਜਾਰੀ ਕੀਤੀ ਆਡੀਓ ਨੇ ਵਿਧਾਇਕ ਅਤੇ ਪਾਰਟੀ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਵਿੱਚ ਵਿਧਾਇਕ ਦੇ ਪੀ ਏ ਰਿਸ਼ਮ ਗਰਗ ‘ਤੇ ਮੁਕੱਦਮਾ ਦਰਜ ਕਰਨ ਅਤੇ ਵਿਧਾਇਕ ਨੂੰ ਕਲੀਨ ਚਿਟ ਦੇਣ ਤੋਂ ਬਾਅਦ ਮੁੱਦਈ ਪ੍ਰਿਤਪਾਲ ਕੁਮਾਰ ਨੇ ਇੱਕ ਆਡੀਓ ਰਿਲੀਜ਼ ਕਰ ਕੇ ਦਾਅਵਾ ਕੀਤਾ ਹੈ ਕਿ ਇਹ ਵਿਧਾਇਕ ਨਾਲ ਪੈਸਿਆਂ ਦੇ ਲੈਣ-ਦੇਣ ਦੀ ਗੱਲਬਾਤ ਦੀ ਆਡੀਓ ਹੈ। ਵਾਇਰਲ ਹੋਈ ਇਸ ਵੀਡੀਓ ਦੀ ਸ਼ਬਦਾਵਲੀ ਮੁਤਾਬਕ ਵਿਧਾਇਕ ਸਰਪੰਚ ਦੇ ਪਤੀ ਕੋਲੋਂ ਸ਼ਰੇਆਮ ਰਿਸ਼ਵਤ ਮੰਗ ਰਿਹਾ ਹੈ। ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਥਿਤ ਇਮਾਨਦਾਰ ਪਾਰਟੀ ਆਪਣੇ ਭ੍ਰਿਸ਼ਟਾਚਾਰੀ ਵਿਧਾਇਕ ਨੂੰ ਬਚਾ ਰਹੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਵਿਧਾਇਕ ਦੇ ਸਿਰ ‘ਤੇ ਰਾਘਵ ਚੱਢਾ ਦਾ ਹੱਥ ਹੈ ਇਸ ਲਈ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਵਿਧਾਇਕ ਨੂੰ ਕਲੀਨ ਚਿੱਟ ਦੇਣਾ ਨਿੰਦਣਯੋਗ ਯੋਗ ਹੈ। ਦੂਜੇ ਪਾਸੇ ਵਿਜੀਲੈਂਸ ਵੱਲੋਂ ਵਿਧਾਇਕ ਨੂੰ ਕਲੀਨ ਚਿੱਟ ਦੇਣ ਦੀ ਕਾਰਵਾਈ ਨੂੰ ਤੇਜ਼ੀ ਨਾਲ ਅਤੇ ਦਬਾਅ ਹੇਠ ਕੀਤੀ ਗਈ ਕਾਰਵਾਈ ਦੱਸਿਆ ਜਾ ਰਿਹਾ ਹੈ ਜਿਸ ਨਾਲ ਵਿਜੀਲੈਂਸ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

error: Content is protected !!