Gee 98News

“ਪਹਿਲਾਂ ਆਓ ਪਹਿਲਾਂ ਪਾਓ” ਦੇ ਸਿਧਾਂਤ ‘ਤੇ ਮਿਲਣ ਲੱਗੀ ਡਿਪੂਆਂ ਤੋਂ ਕਣਕ

-ਲਾਭਪਾਤਰੀ ਰਾਤ ਨੂੰ ਹੀ ਡਿਪੂਆਂ ਅੱਗੇ ਡੇਰੇ ਲਗਾ ਲੈਂਦੇ ਹਨ

ਬਰਨਾਲਾ 27 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਸਰਕਾਰ ਦੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਦਾਅਵੇ ਠੁੱਸ ਹੁੰਦੇ ਜਾਪਦੇ ਹਨ । ਨੀਲਾ ਕਾਰਡ ਧਾਰਕ ਲਾਭਪਾਤਰੀਆਂ ਦੇ ਘਰ ਘਰ ਰਾਸ਼ਨ ਦੇਣਾ ਤਾਂ ਦੂਰ ਦੀ ਗੱਲ ਸਗੋਂ ਲਾਭਪਾਤਰੀਆਂ ਨੂੰ ਰਾਸ਼ਨ ਡਿਪੂਆਂ ਤੋਂ ਵੀ ਰਾਸ਼ਨ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਨੀਲਾ ਕਾਰਡ ਧਾਰਕ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਮਾਮਲੇ ਵਿੱਚ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ “ਪਹਿਲਾਂ ਆਓ ਪਹਿਲਾਂ ਪਾਓ” ਦੇ ਅਧਾਰ ‘ਤੇ ਲੋਕਾਂ ਨੂੰ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ-ਲੰਮੀਆਂ ਲਾਈਨਾਂ ਦੇ ਵਿਚ ਲੱਗਣਾ ਪੈਂਦਾ ਹੈ। ਸਰਕਾਰ ਵੱਲੋਂ ਡਿਪੂਆਂ ‘ਤੇ ਭੇਜੀ ਜਾ ਰਹੀ ਕਣਕ ਵਿੱਚ ਕਈ ਫੀਸਦੀ ਕੱਟ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਬਹੁਤ ਸਾਰੇ ਲਾਭ ਪਾਤਰੀ ਕਣਕ ਮਿਲਣ ਤੋਂ ਵਾਂਝੇ ਰਹਿ ਜਾਂਦੇ ਹਨ । ਲੋਕਾਂ ਦੀਆਂ ਡਿਪੂ ਹੋਲਡਰਾਂਂ ਨਾਲ ਝੜਪਾਂ ਦੀਆਂ ਖ਼ਬਰਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।‌ ਰਾਸ਼ਨ ਡਿਪੂਆਂ ‘ਤੇ ਲੰਮੀਆਂ ਲਾਈਨਾਂ ਲੱਗਣ ਦਾ ਇਕ ਕਾਰਨ ਇਹ ਵੀ ਹੈ ਕਿ ਵਿਭਾਗ ਵੱਲੋਂ ਇੱਕ ਪਿੰਡ ਵਿੱਚ ਕਣਕ ਵੰਡਣ ਵਾਲੀ ਇੱਕ ਮਸ਼ੀਨ ਦਿੱਤੀ ਜਾਂਦੀ ਹੈ ਜਦਕਿ ਪਿੰਡ ਵਿੱਚ ਇਕ ਤੋਂ ਵੱਧ ਡੀਪੂ ਹੁੰਦੇ ਹਨ । ਬਰਨਾਲਾ ਦੇ ਕਸਬਾ ਹੰਡਿਆਇਆ ਤੋਂ ਇਕ ਅਜਿਹਾ ਮੰਜ਼ਰ ਵੀ ਸਾਹਮਣੇ ਆਇਆ ਹੈ ਜਿੱਥੇ ਲੋਕ ਰਾਤ ਨੂੰ ਜਾ ਕੇ ਡਿਪੂ ਹੋਲਡਰ ਦੇ ਘਰ ਅੱਗੇ ਡੇਰੇ ਲਗਾ ਲੈਂਦੇ ਹਨ ਤਾਂ ਜੋ ਦਿਨ ਚੜ੍ਹਨ ਮੌਕੇ ਉਨ੍ਹਾਂ ਦਾ ਨੰਬਰ ਪਹਿਲਾਂ ਆ ਜਾਵੇ ਅਤੇ ਉਹ ਕਣਕ ਤੋਂ ਵਾਂਝੇ ਨਾ ਰਹਿ ਜਾਣ । ਡਿਪੂਆਂ ਤੋਂ ਮਿਲਣ ਵਾਲੀ ਕਣਕ ਵਿੱਚ ਕੱਟ ਲੱਗਣ ਤੋਂ ਬਾਅਦ ਜਿਹੜੇ ਲਾਭਪਾਤਰੀਆਂ ਨੂੰ ਕਣਕ ਨਹੀਂ ਮਿਲਦੀ ਉਹਨਾਂ ਦੇ ਮਨਾਂ ‘ਚ ਸਰਕਾਰ ਪ੍ਰਤੀ ਡਾਢਾ ਰੋਸ ਪਾਇਆ ਜਾ ਰਿਹਾ ਹੈ । ਰਾਸ਼ਨ ਡਿਪੂਆਂ ਅੱਗੇ ਲੱਗੀਆਂ ਲਾਇਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਕੇ ਸੱਤਾ ਵਿਰੋਧੀ ਪਾਰਟੀਆਂ ਦੇ ਵਰਕਰਾਂ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ । ਇਸ ਮਾਮਲੇ ‘ਚ ਕੁਝ ਮਜ਼ਦੂਰ ਆਗੂਆਂ ਨੇ ਇਹ ਵੀ ਰੋਸ ਪ੍ਰਗਟ ਕੀਤਾ ਹੈ ਕਿ ਸਰਕਾਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਕੇ ਬੈਠੀ ਹੈ । ਬਹਰਹਾਲ ! ਰਾਸ਼ਨ ਡਿਪੂਆਂ ‘ਤੇ ਇਹੋ ਜਿਹੇ ਹਾਲਾਤ ਬਣੇ ਹੋਏ ਹਨ ਕਿ ਕਈ ਵਾਰ ਮਜ਼ਦੂਰਾਂ ਦੀਆਂ ਆਪਸ ਵਿੱਚ ਝੜਪਾਂ ਵੀ ਹੋ ਜਾਂਦੀਆਂ ਹਨ। ਕਣਕ ਮਿਲਣ ਦੇ ਮਾਮਲੇ ‘ਚ ਡਿਪੂਆਂ ‘ਤੇ ਇਹ ਸਿਧਾਂਤ ਬਣ ਚੁੱਕਾ ਹੈ ਕਿ “ਜੋ ਲੈ ਲਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ”…!

Gee98 Ads
error: Content is protected !!