Gee 98News

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਭੈਣੀ ਜੱਸਾ ਦਾ ਮੈਗਜ਼ੀਨ ਰਿਲੀਜ਼

ਬਰਨਾਲਾ 01 ਮਾਰਚ (ਨਿਰਮਲ ਸਿੰਘ ਪੰਡੋਰੀ)-

ਸਾਹਿਤ ਜੀਵਨ ਦੇ ਅਨੁਭਵਾਂ ’ਚੋਂ ਨਿਕਲਦਾ ਹੈ, ਜਿਸ ਕਰਕੇ ਸਾਹਿਤਕਾਰ ਬੱਚਿਆਂ ਅੰਦਰ ਹੀ ਮੌਲਿਕ ਰਚਨਾਵਾਂ ਦੀਆਂ ਕਰੂੰਬਲਾਂ ਫੁੱਟ ਪੈਂਦੀਆਂ ਹਨ। ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਾਲਾਨਾ ਮੈਗਜ਼ੀਨ ‘ਪ੍ਰੇਰਨਾ’ ਰਿਲੀਜ਼ ਕਰਦਿਆਂ ਕੀਤਾ।
  ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਤਿਆਰ ਕੀਤੇ ਜਾਣ ਵਾਲੇ ਅਜਿਹੇ ਸਾਹਿਤਕ ਸਕੂਲੀ ਮੈਗਜ਼ੀਨ ਸੁਖਾਵਾਂ ਮਾਹੌਲ ਪੈਦਾ ਕਰਦੇ ਹਨ, ਜਿਸ ਨਾਲ਼ ਵਿਦਿਆਰਥੀਆਂ ਵਿੱਚ ਲਾਇਬ੍ਰੇਰੀ ਜਾਣ, ਕਿਤਾਬਾਂ ਪੜ੍ਹਨ ਅਤੇ ਮੌਲਿਕ ਰਚਨਾਵਾਂ ਵੱਲ ਰੁਚਿਤ ਹੋਣ ਦੀ ਖਿੱਚ ਪੈਦਾ ਹੁੰਦੀ ਹੈ। ਉਨ੍ਹਾਂ ਸਕੂਲ ਮੁਖੀ ਸ੍ਰੀ ਪੁਨੀਤ ਗਰਗ, ਮੈਗਜ਼ੀਨ ਸੰਪਾਦਕ ਸ੍ਰੀ ਹਰਜੀਤ ਸਿੰਘ ਮਲੂਕਾ ਅਤੇ ਸੰਪਾਦਕੀ ਮੰਡਲ ਦੇ ਸ੍ਰੀ ਅੰਮ੍ਰਿਤਪਾਲ ਸਿੰਘ ਨੂੰ ਮੈਗਜ਼ੀਨ ਤਿਆਰ ਕਰਨ ’ਤੇ ਵਧਾਈ ਦਿੱਤੀ। ਮੈਗਜ਼ੀਨ ਰਿਲੀਜ਼ ਕਰਨ ਮੌਕੇ ਐਸ.ਡੀ.ਐਮ ਸ੍ਰੀ ਗੋਪਾਲ ਸਿੰਘ ਅਤੇ ਜੀ.ਏ ਸੁਖਪਾਲ ਸਿੰਘ ਨੇ ਕਿਹਾ ਕਿ ਸਾਹਿਤਕ ਰੁਚੀਆਂ ਰੱਖਣ ਵਾਲੇ ਅਤੇ ਬੌਧਿਕ ਪੱਧਰ ’ਤੇ ਵਿਚਾਰ ਵਟਾਂਦਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਜੇਕਰ ਸੇਧ ਦੇ ਦਿੱਤੀ ਜਾਵੇ ਤਾਂ ਉਹ ਆਪਣੀਆਂ ਕੁਸ਼ਲਤਾਵਾਂ ਅਤੇ ਕਲਾਵਾਂ ਨੂੰ ਨਿਖਾਰ ਕੇ ਬਹੁਤ ਚੰਗੀਆਂ ਰਚਨਾਵਾਂ ਲਿਖ ਕੇ ਸਾਹਿਤਕ ਖੇਤਰ ਵਿੱਚ ਵਧੀਆ ਭੂਮਿਕਾ ਨਿਭਾ ਸਕਦੇ ਹਨ।
 ਸਕੂਲ ਮੁਖੀ ਸ੍ਰੀ ਪੁਨੀਤ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਲਾਨਾ ਮੈਗਜ਼ੀਨ ‘ਪ੍ਰੇਰਨਾ’ ਪਾਠਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਮੈਗਜ਼ੀਨ ਸੰਪਾਦਕ ਸ੍ਰੀ ਹਰਜੀਤ ਸਿੰਘ ਮਲੂਕਾ ਅਤੇ ਸਹਿ-ਸੰਪਾਦਕ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਸਾਹਿਤਕ ਮੈਗਜ਼ੀਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀਆਂ ਰਚਨਾਵਾਂ ਅਤੇ ਸੰਸਥਾ ਦੇ ਚਾਲੂ ਸੈਸ਼ਨ ਦੀਆਂ ਗਤੀਵਿਧੀਆਂ ਨੂੰ ਖੂਬਸੂਰਤ ਤਰੀਕੇ ਨਾਲ ਉਜਾਗਰ ਕੀਤਾ ਹੈ। ਸਕੂਲ ਦੀ ਪ੍ਰਬੰਧਕੀ ਕਮੇਟੀ ਚੇਅਰਮੈਨ ਲਖਵੀਰ ਸਿੰਘ, ਸਰਪੰਚ ਗੁਰਮੁਖ ਸਿੰਘ ਅਤੇ ਸਮੁੱਚੇ ਸਟਾਫ ਚੇਤਵੰਤ ਸਿੰਘ, ਜਗਧੀਰ ਸਿੰਘ, ਮੀਨਾਕਸ਼ੀ ਮਹਿਤਾ, ਸੁਖਦੀਪ ਕੌਰ, ਛਿੰਦਰਪਾਲ ਕੌਰ ਤੇ ਕੁਲਦੀਪ ਕੌਰ ਨੇ ਮੈਗਜ਼ੀਨ ਦੀ ਪ੍ਰਕਾਸ਼ਨਾ ’ਤੇ ਵਧਾਈ ਦਿੱਤੀ।

Gee98 Ads
error: Content is protected !!