Skip to main content

Gee 98News

ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲਾਂ ਨਾਲ ਸਿੱਧੇ ਤੌਰ ‘ਤੇ ਜੋੜਨ ਲਈ ਸਰਕਾਰ ਵੱਲੋਂ ਵਿਸ਼ੇਸ਼ ਪਹਿਲ

ਬਰਨਾਲਾ 12 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-ਸੂਬੇ ਦੇ ਸਰਕਾਰੀ ਸਕੂਲਾਂ ‘ਚ ਆਉਣ ਵਾਲੇ ਸੈਸ਼ਨ ਤੋਂ ਕਈ ਬਦਲਾਅ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਮੁੱਖ ਮਕਸਦ ਹੋਵੇਗਾ ਕਿ ਬੱਚਿਆਂ ਦੇ ਮਾਪਿਆਂ ਨੂੰ ਸਿੱਧੇ ਸਕੂਲਾਂ ਨਾਲ ਜੋੜਿਆ ਜਾਵੇ ਤਾਂ ਜੋ ਮਾਪੇ ਹਰ ਮਹੀਨੇ ਆਪਣੇ ਬੱਚੇ ਦਾ ਸਕੂਲ ‘ਚ ਹੋ ਰਿਹਾ ਸਰਵਪੱਖੀ ਵਿਕਾਸ ਵੇਖ ਸਕਣਗੇ। ਸਰਕਾਰੀ ਸਕੂਲਾਂ ‘ਚ ਹੁਣ ਨਿੱਜੀ ਸਕੂਲਾਂ ਦੀ ਤਰਜ਼ ‘ਤੇ ਹਰ ਮਹੀਨੇ ਨਵੀਂ ਤੋਂ ਨਵੀਂ ਗਤੀਵਿਧੀ ਕਰਵਾਈ ਜਾਵੇਗੀ ਅਤੇ ਚੰਗੀ ਕਾਰਗੁਜ਼ਾਰੀ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਭਾਗ ਵਲੋਂ ਮਾਪਿਆਂ ਅਤੇ ਪਿੰਡਾਂ ਦੇ ਪਤਵੰਤੇ ਵਿਅਕਤੀਆਂ ਨੂੰ ਸੱਦੇ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਇਸ ਯੋਜਨਾ ਸਬੰਧੀ ਸਿੱਖਿਆ ਵਿਭਾਗ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਐਕਟੀਵਿਟੀ ਕੈਲੰਡਰ ਵੀ ਜਾਰੀ ਕਰ ਦਿੱਤਾ ਹੈ। ਵਿਭਾਗ ਦਾ ਯਤਨ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ‘ਚ ਪੜ੍ਹ ਰਹੇ ਨੰਨ੍ਹੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੀਨਾਵਾਰ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਕਿ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨਾਲ ਵੀ ਜੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਨਿੱਜੀ ਸਕੂਲਾਂ ‘ਚ ਹਰ ਮਹੀਨੇ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਬੱਚਿਆਂ ਦੇ ਮਾਪਿਆਂ ਨੂੰ ਸੱਦਾ ਦੇ ਕੇ ਬੱਚਿਆਂ ਦੀ ਕਲਾ ਦਿਖਾਈ ਜਾਂਦੀ ਹੈ ਪਰ ਸਰਕਾਰੀ ਸਕੂਲਾਂ ‘ਚ ਪਹਿਲਾਂ ਕੋਈ ਗਤੀਵਿਧੀ ਹੁੰਦੀ ਸੀ ਤਾਂ ਮਾਪਿਆਂ ਨੂੰ ਨਹੀਂ ਬੁਲਾਇਆ ਜਾਂਦਾ ਸੀ। ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਨਾਲ ਸਿੱਧੇ ਤੌਰ ‘ਤੇ ਜੋੜਨ ਲਈ ਇਹ ਪਹਿਲ ਸ਼ੁਰੂ ਕੀਤੀ ਜਾ ਰਹੀ ਹੈ । ਸਕੂਲ ਮੁਖੀਆਂ ਨੂੰ ਇਹ ਕਿਹਾ ਗਿਆ ਹੈ ਕਿ ਗਤੀਵਿਧੀ ਵਾਲੇ ਦਿਨ ਬੱਚਿਆਂ ਦੇ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਭੇਜਿਆ ਜਾਵੇ। ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਡਿਸਪਲੇ ਬੋਰਡ ‘ਤੇ ਪ੍ਰਦਰਸ਼ਿਤ ਕੀਤਾ ਜਾਵੇ। ਇਨ੍ਹਾਂ ਦੀ ਫੋਟੋ ਅਤੇ ਵੀਡੀਓ ਬੱਚਿਆਂ ਦੇ ਵ੍ਹਟਸਐਪ ਗਰੁੱਪ ਵਿੱਚ ਸਾਂਝੀ ਕੀਤੀ ਜਾਵੇ। ਵਿਦਿਆਰਥੀਆਂ ਵੱਲੋਂ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹੋਏ ਤਿਆਰ ਕੀਤੀਆਂ ਕਲਾਕ੍ਰਿਤੀਆਂ, ਫੋਟੋ ਅਤੇ ਵੀਡੀਓ ਸਕੂਲ ਫੇਸਬੁਕ ਪੇਜ, ਵ੍ਹਟਸਐਪ ‘ਤੇ ਸ਼ੇਅਰ ਕੀਤੀਆਂ ਜਾਣ। ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰ ਦੀ ਇਸ ਯੋਜਨਾ ਨੂੰ ਚੰਗਾ ਉਪਰਾਲਾ ਦੱਸਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚੇ ਸਹਾਇਕ ਕ੍ਰਿਆਵਾਂ ਵੱਲ ਵੀ ਪ੍ਰੇਰਿਤ ਹੋਣਗੇ ਅਤੇ ਮਾਪਿਆਂ ਨੂੰ ਆਪਣੇ ਬੱਚੇ ਦੀ ਰੁਚੀ ਦਾ ਪਤਾ ਵੀ ਲੱਗ ਜਾਵੇਗਾ ਅਤੇ ਸੈਕੰਡਰੀ ਸਿੱਖਿਆ ਤੋਂ ਬਾਅਦ ਉਸਦਾ ਖੇਤਰ ਚੁਣਨ ਵਿਚ ਸਹਾਇਤਾ ਹੋਵੇਗੀ।

error: Content is protected !!