Gee 98News

ਸਕੂਲੀ ਨਤੀਜੇ : ਬਰਨਾਲੇ ਦੀ 5ਵੀਂ ‘ਚ ਬੱਲੇ-ਬੱਲੇ ਪਰ 8ਵੀਂ ‘ਚ ਖਾਸਾ ਥੱਲੇ

ਬਰਨਾਲਾ 2 ਮਈ ( ਨਿਰਮਲ ਸਿੰਘ ਪੰਡੋਰੀ)-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜੇ ‘ਚ ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੂੰ ਨਿਰਾਸ਼ਤਾ ਤਾਂ ਜ਼ਰੂਰ ਹੋਈ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਵੀਂ ਦੇ ਨਤੀਜੇ ਵਿਚ ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ ਦੇ ਮਾਮਲੇ ‘ਚ ਸੂਬੇ ਚੋਂ ਟਾਪ ਕਰਨ ਵਾਲਾ ਬਰਨਾਲਾ ਅੱਠਵੀ ਦੇ ਨਤੀਜੇ ‘ਚ 18ਵੇਂ ਸਥਾਨ ‘ਤੇ ਖਿਸਕ ਗਿਆ ਹੈ । ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਨਿਰਾਸ਼ਤਾ ਇੱਥੋਂ ਜ਼ਾਹਿਰ ਹੁੰਦੀ ਹੈ ਕਿ ਪੰਜਵੀਂ ਦੇ ਨਤੀਜੇ ਸਬੰਧੀ ਆਪਣੀ ਪਿੱਠ ਥਾਪੜਨ ਵਾਲੇ ਅਧਿਕਾਰੀਆਂ ਨੇ ਅੱਠਵੀਂ ਦੇ ਨਤੀਜੇ ਦੀ ਸਥਿਤੀ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ । ਦੱਸਣਯੋਗ ਹੈ ਕਿ ਅੱਠਵੀਂ ਦੇ ਨਤੀਜੇ ਵਿੱਚ 97.46 ਪਾਸ ਪ੍ਰਤੀਸ਼ਤਤਾ ਨਾਲ ਬਰਨਾਲਾ 18ਵੇਂ ਸਥਾਨ ‘ਤੇ ਆਇਆ ਹੈ। ਪੰਜਵੀਂ ਕਲਾਸ ਦੇ ਨਤੀਜੇ ਦੀ ਜੇਕਰ ਗੱਲ ਕਰੀਏ ਤਾਂ ਬਰਨਾਲਾ ਜ਼ਿਲ੍ਹੇਵਾਰ 99.86 ਫੀਸਦੀ ਨਾਲ ਪਹਿਲੇ ਸਥਾਨ ‘ਤੇ ਰਿਹਾ ਸੀ । ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਸਾਲ 8ਵੀਂ ਕਲਾਸ ਦੀ ਪ੍ਰੀਖਿਆ ਵਿੱਚ ਬਰਨਾਲਾ ਜ਼ਿਲ੍ਹੇ ਦੇ 5465 ਬੱਚੇ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ 5326 ਬੱਚੇ ਪਾਸ ਹੋਏ ਅਤੇ 5ਵੀਂ ਕਲਾਸ ਦੀ ਪ੍ਰੀਖਿਆ ਵਿੱਚ ਇਸ ਵਾਰ 4895 ਬੱਚੇ ਹਾਜ਼ਰ ਹੋਏ ਸਨ ਜਿਨ੍ਹਾਂ ਵਿੱਚੋਂ 4888 ਬੱਚੇ ਪਾਸ ਹੋਏ ਸਨ । 8ਵੀਂ ਕਲਾਸ ਦੀ ਮੈਰਿਟ ਸੂਚੀ ਵਿੱਚ ਵੀ ਬਰਨਾਲਾ ਜ਼ਿਲ੍ਹੇ ਦੇ ਸਿਰਫ਼ ਚਾਰ ਵਿਦਿਆਰਥੀ ਹੀ ਆਪਣਾ ਨਾਮ ਦਰਜ ਕਰਵਾ ਸਕੇ। ਧਿਆਨਦੇਣਯੋਗ ਹੈ ਕਿ ਮੈਰਿਟ ਸੂਚੀ ਵਿਚ ਆਏ ਇਹ ਵਿਦਿਆਰਥੀ ਬਰਨਾਲਾ ਸ਼ਹਿਰ ਦੇ ਸਕੂਲਾਂ ਨਾਲ ਸਬੰਧਤ ਹਨ ਜਦਕਿ ਬਰਨਾਲਾ ਦੇ ਪਿੰਡਾਂ ਦੇ ਸਕੂਲਾਂ ਦਾ ਕੋਈ ਵਿਦਿਆਰਥੀ ਇਸ ਵਾਰ 8ਵੀਂ ਕਲਾਸ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਨਹੀਂ ਕਰ ਸਕਿਆ ।

error: Content is protected !!